ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਵਾਲਿਆਂ ਲਈ ਰਾਹਤ ਭਰੀ ਖ਼ਬਰ
Monday, Aug 25, 2025 - 11:00 AM (IST)

ਜ਼ੀਰਾ (ਰਾਜੇਸ਼ ਢੰਡ, ਮਨਜੀਤ ਢਿੱਲੋਂ) : ਪੰਜਾਬ ਸਰਕਾਰ ਵੱਲੋਂ ਪ੍ਰਾਪਰਟੀ ਟੈਕਸ ਧਾਰਕਾਂ ਨੂੰ 31 ਅਗਸਤ ਤੱਕ ਪਿਛਲੇ ਸਾਲਾਂ ਦੇ ਪ੍ਰਾਪਰਟੀ ਟੈਕਸ ਬਕਾਇਆ, ਵਿਆਜ ਅਤੇ ਜੁਰਮਾਨੇ ’ਤੇ ਛੋਟ ਦਿੱਤੀ ਗਈ ਹੈ। ਇਸ ਸਕੀਮ ਤਹਿਤ ਪਬਲਿਕ ਵੱਲੋਂ ਆਪਣਾ ਪਿਛਲੇ ਸਾਲਾਂ ਦਾ ਬਕਾਇਆ ਰਹਿੰਦਾ ਪ੍ਰਾਪਰਟੀ ਟੈਕਸ ਵਿਆਜ ਅਤੇ ਜੁਰਮਾਨੇ ਤੋਂ ਬਿਨਾਂ ਜਮ੍ਹਾਂ ਕਰਵਾਇਆ ਜਾ ਸਕਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਨਗਰ ਕੌਂਸਲ ਜ਼ੀਰਾ ਦਾ ਸਮੁੱਚਾ ਸਟਾਫ਼ ਪ੍ਰਾਪਰਟੀ ਟੈਕਸ ਜਮ੍ਹਾ ਕਰਨ ਲਈ ਸ਼ਨੀਵਾਰ ਅਤੇ ਐਤਵਾਰ ਵੀ ਦਫ਼ਤਰ ਵਿਖੇ ਹਾਜ਼ਰ ਹੈ। ਇਹ ਜਾਣਕਾਰੀ ਪ੍ਰਤੀਨਿਧਾਂ ਨਾਲ ਸਾਂਝੀ ਕਰਦਿਆਂ ਨਗਰ ਕੌਂਸਲ ਜ਼ੀਰਾ ਦੇ ਕਾਰਜ ਸਾਧਕ ਅਫ਼ਸਰ ਨਰਿੰਦਰ ਕੁਮਾਰ ਨੇ ਦੱਸਿਆ ਕਿ ਸ਼ਹਿਰ ਦੇ ਹਰੇਕ ਬਾਸ਼ਿੰਦੇ ਨੂੰ ਆਪਣਾ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾ ਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਸਬੂਤ ਦੇਣਾ ਚਾਹੀਦਾ ਹੈ।
ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵਨ ਟਾਈਮ ਸੈਟਲਮੈਂਟ ਸਕੀਮ ਅਧੀਨ ਬਿਨਾਂ ਕਿਸੇ ਪਨੈਲਟੀ/ਵਿਆਜ ਤੋਂ ਕੇਵਲ ਮੂਲ ਰਕਮ 15 ਅਗਸਤ ਤੱਕ ਭਰਨ ਦੀ ਛੋਟ ਕੀਤੀ ਗਈ ਸੀ ਪਰ ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ ਸਰਕਾਰ ਵੱਲੋਂ ਚਲਾਈ ਗਈ ਵਨ ਟਾਈਮ ਸੈਟਲਮੈਂਟ ਸਕੀਮ ਅਧੀਨ ਪ੍ਰਾਪਰਟੀ ਟੈਕਸ ਬਿਨਾਂ ਕਿਸੇ ਪਨੈਲਟੀ/ਵਿਆਜ ਤੋਂ ਕੇਵਲ ਮੂਲ ਰੂਪ ਰਕਮ ਜਮ੍ਹਾਂ ਕਰਵਾਉਣ ਲਈ 31 ਅਗਸਤ ਤੱਕ ਦਾ ਵਾਧਾ ਕਰ ਦਿੱਤਾ ਗਿਆ ਹੈ।
ਕਾਰਜ ਸਾਧਕ ਅਫ਼ਸਰ ਨਰਿੰਦਰ ਕੁਮਾਰ ਨੇ ਅੱਗੇ ਇਹ ਵੀ ਕਿਹਾ ਕਿ ਜੇਕਰ ਟੈਕਸ ਕਰਤਾ ਵੱਲੋਂ 31 ਅਗਸਤ ਤੱਕ ਟੈਕਸ ਜਮ੍ਹਾਂ ਨਹੀਂ ਕਰਵਾਇਆ ਜਾਂਦਾ ਤਾਂ ਟੈਕਸ ਕਰਦਾਤਾ ਨੂੰ ਸਕੀਮ ਦੀ ਮਿਆਦ ਲੰਘਣ ਤੋਂ ਬਾਅਦ ਕਈ ਗੁਣਾ ਵੱਧ ਟੈਕਸ ਭਰਨਾ ਪਵੇਗਾ, ਜਿਸ ਕਰ ਕੇ ਲੋਕ ਸਰਕਾਰ ਵੱਲੋਂ ਮਿਲ ਰਹੇ ਇਸ ਸੁਨਹਿਰੀ ਮੌਕੇ ਦਾ ਫ਼ਾਇਦਾ ਲੈਣ। ਇਸ ਮੌਕੇ ਸਰਬਜੀਤ ਕੌਰ ਪ੍ਰਧਾਨ ਨਗਰ ਕੌਂਸਲ ਜ਼ੀਰਾ, ਮਾਸਟਰ ਗੁਰਪ੍ਰੀਤ ਸਿੰਘ ਜੱਜ ਆਗੂ ‘ਆਪ’, ਨਰਿੰਦਰ ਕੁਮਾਰ ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਜ਼ੀਰਾ, ਅਮਨਦੀਪ ਸਿੰਘ ਦਰਗਨ ਅਕਾਊਂਟੈਂਟ ਆਦਿ ਉਚੇਚੇ ਤੌਰ ’ਤੇ ਹਾਜ਼ਰ ਸਨ।