ਦੀਵਾਲੀ ਦੀ ਵਧਾਈ ਮੰਗਣ ਬਹਾਨੇ ਸੂਟ ਚੋਰੀ ਕਰਨ ਵਾਲੀਆਂ ਔਰਤਾਂ ਗ੍ਰਿਫ਼ਤਾਰ

Friday, Oct 18, 2024 - 11:17 AM (IST)

ਬਠਿੰਡਾ (ਸੁਖਵਿੰਦਰ) : ਥਾਣਾ ਕੈਂਟ ਦੀ ਪੁਲਸ ਨੇ ਚੋਰੀ ਦੇ ਮਾਮਲੇ ’ਚ 16 ਔਰਤਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਵਿਚ ਸਾਰੀਆਂ ਔਰਤਾਂ ਨੇ ਇਕ ਟੋਲਾ ਬਣਾ ਕੇ ਦੁਕਾਨ 'ਚ ਦਾਖ਼ਲ ਹੋ ਕੇ ਉੱਥੇ ਕੰਮ ਕਰਦੇ ਮੁਲਾਜ਼ਮਾਂ ਨੂੰ ਉਲਝਾ ਕੇ ਦੁਕਾਨ ’ਚੋਂ ਸੂਟ ਚੋਰੀ ਕਰ ਲਏ। ਇਸ ਸਬੰਧੀ ਉਕਤ ਔਰਤਾਂ ਦੇ ਚਲੇ ਜਾਣ ਤੋਂ ਬਾਅਦ ਦੁਕਾਨਦਾਰ ਨੂੰ ਮਾਮਲੇ ਦਾ ਪਤਾ ਲੱਗਾ, ਜਿਸ ਤੋਂ ਬਾਅਦ ਉਨ੍ਹਾਂ ਦੀ ਤਲਾਸ਼ੀ ਲਈ ਗਈ ਅਤੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਇਸ ਸਬੰਧੀ ਪੁਲਸ ਨੇ ਮੰਡੀ ਵਿਚ ਹੀ ਸਾਰੀਆਂ ਔਰਤਾਂ ਨੂੰ ਗ੍ਰਿਫ਼ਤਾਰ ਕਰ ਕੇ ਚੋਰੀਸ਼ੁਦਾ ਸੂਟ ਬਰਾਮਦ ਕੀਤੇ ਹਨ। ਦੁਕਾਨਦਾਰ ਸੰਮਤ ਕੁਮਾਰ ਵਾਸੀ ਕਿਲਾ ਰੋਡ ਬਠਿੰਡਾ ਨੇ ਕੈਂਟ ਪੁਲਸ ਨੂੰ ਸ਼ਿਕਾਇਤ ਦਿੱਤੀ ਕਿ ਉਸ ਦੀ ਅਜੀਤ ਰੋਡ ’ਤੇ ਕੱਪੜਿਆਂ ਦੀ ਦੁਕਾਨ ਹੈ।

ਬੀਤੇ ਦਿਨ ਕਰੀਬ 16 ਔਰਤਾਂ ਦਾ ਇਕ ਟੋਲਾ ਉਸ ਦੀ ਦੁਕਾਨ 'ਚ ਦਾਖ਼ਲ ਹੋਇਆ। ਇਸ ’ਚ ਨੇਹਾ, ਗੀਤਾ, ਕਾਜਲ, ਗੀਤਾ ਬਬਲੂ, ਗੁਲਾਬੋ, ਰੀਨਾ, ਗੀਤਾ ਕਰਨੈਲ, ਪਾਇਲ, ਨੇਹਾ ਬਾਬੀ, ਸੰਮੀ, ਸਿਨਾਕਸ਼ੀ, ਰੇਖਾ ਸਾਰੇ ਵਾਸੀ ਖੇਤਾ ਸਿੰਘ ਬਸਤੀ ਬਠਿੰਡਾ ਅਤੇ ਚਾਰ ਅਣਪਛਾਤੀ ਔਰਤਾਂ ਸ਼ਾਮਲ ਸਨ। ਉਕਤ ਔਰਤਾਂ ਦੁਕਾਨਦਾਰ ਤੋਂ ਦੀਵਾਲੀ ਦੀਆਂ ਵਧਾਈਆਂ ਮੰਗਣ ਲਈ ਅੰਦਰ ਦਾਖ਼ਲ ਹੋ ਗਈਆਂ ਅਤੇ ਉੱਥੇ ਤਾਇਨਾਤ ਮੁਲਾਜ਼ਮਾਂ ਨੂੰ ਉਲਝਾਉਣ ਲੱਗ ਪਈਆਂ। ਇਸ ਦੌਰਾਨ ਜਿਵੇਂ ਹੀ ਉਨ੍ਹਾਂ ਦਾ ਧਿਆਨ ਹੋਰ ਪਾਸੇ ਗਿਆ ਤਾਂ ਸਾਰੀਆਂ ਔਰਤਾਂ ਨੇ ਦੁਕਾਨ ਤੋਂ ਇਕ-ਦੋ ਸੂਟ ਚੁੱਕ ਲਏ ਅਤੇ ਉਥੋਂ ਤੁਰਨ ਲੱਗੀਆਂ।

ਉਕਤ ਔਰਤਾਂ ਦੇ ਜਾਣ ਤੋਂ ਬਾਅਦ ਦੁਕਾਨਦਾਰ ਨੇ ਦੇਖਿਆ ਕਿ ਬਾਹਰ ਗਾਹਕਾਂ ਨੂੰ ਦਿਖਾਉਣ ਲਈ ਰੱਖੇ ਗਏ ਕੁੱਝ ਸੂਟ ਗਾਇਬ ਸਨ। ਜਦੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਕਰੀਬ 17 ਸੂਟ ਗਾਇਬ ਸਨ। ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ’ਚ ਚੋਰੀ ਦਾ ਪਤਾ ਲੱਗਦਿਆਂ ਹੀ ਮੁਲਾਜ਼ਮਾਂ ਨੇ ਉਕਤ ਔਰਤਾਂ ਦੀ ਭਾਲ ਕੀਤੀ ਅਤੇ ਜਦੋਂ ਕੁਝ ਦੂਰੀ ’ਤੇ ਉਨ੍ਹਾਂ ਦਾ ਗਰੁੱਪ ਦੇਖਿਆ ਗਿਆ ਤਾਂ ਪੁਲਸ ਨੂੰ ਸੂਚਿਤ ਕਰਨ ’ਤੇ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਗਈ ਅਤੇ ਚੋਰੀ ਦਾ ਸਾਮਾਨ ਬਰਾਮਦ ਕਰ ਲਿਆ ਗਿਆ। ਸਾਰੀਆਂ ਮੁਲਜ਼ਮ ਔਰਤਾਂ ਪੁਲਸ ਹਿਰਾਸਤ ਵਿਚ ਹਨ, ਜਿਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ।


Babita

Content Editor

Related News