ਔਰਤਾਂ ਨੇ ਸਿਟੀ ਥਾਣੇ ''ਚ ਕੀਤਾ ਹੰਗਾਮਾ
Friday, Jan 26, 2018 - 12:08 PM (IST)

ਸ੍ਰੀ ਮੁਕਤਸਰ ਸਾਹਿਬ (ਪਵਨ) - ਵੀਰਵਾਰ ਬਾਅਦ ਦੁਪਹਿਰ ਕੋਟਕਪੂਰਾ ਰੋਡ ਦੀਆਂ ਕੁਝ ਔਰਤਾਂ ਨੇ ਇਕੱਠੇ ਹੋ ਕੇ ਸਿਟੀ ਥਾਣੇ ਵਿਚ ਪਹੁੰਚ ਕੇ ਹੰਗਾਮਾ ਖੜ੍ਹਾ ਕਰ ਦਿੱਤਾ। ਉਨ੍ਹਾਂ ਦਾ ਦੋਸ਼ ਸੀ ਕਿ ਉਨ੍ਹਾਂ ਦੇ ਮੁਹੱਲੇ ਦੀ ਹੀ ਇਕ ਔਰਤ ਨੇ ਨਿੱਜੀ ਬੈਂਕ ਤੋਂ ਇਕ ਔਰਤ ਦਾ ਲੋਨ ਖੁਦ ਹੀ ਲੈ ਲਿਆ ਹੈ, ਜਦਕਿ ਕਾਗਜ਼ਾਤ ਕਿਸੇ ਹੋਰ ਦੇ ਨਾਂ 'ਤੇ ਹਨ। ਪੁਲਸ ਮੁਲਾਜ਼ਮ ਬੈਂਕ ਦੇ ਕਰਮਚਾਰੀਆਂ ਨੂੰ ਲੋਨ ਦੇਣ ਦੀ ਅਥਾਰਟੀ ਸਮੇਤ ਹੋਰ ਕਾਗਜ਼ਾਤ ਲਿਆ ਕੇ ਜਾਂਚ ਕਰਵਾਉਣ ਦੀ ਗੱਲ ਕਰ ਰਹੇ ਸਨ।
ਇਸ ਸਬੰਧੀ ਸੁਨੀਤਾ ਨੇ ਦੱਸਿਆ ਕਿ ਇਕ ਬੈਂਕ ਵੱਲੋਂ 16 ਔਰਤਾਂ ਦਾ ਇਕ ਗਰੁੱਪ ਬਣਾਇਆ ਜਾਣਾ ਸੀ, ਜਿਨ੍ਹਾਂ ਨੂੰ ਪ੍ਰਤੀ ਔਰਤ 26 ਹਜ਼ਾਰ ਰੁਪਏ ਲੋਨ ਦਿੱਤਾ ਜਾਣਾ ਸੀ ਅਤੇ ਇਸ ਲੋਨ ਨੂੰ ਪ੍ਰਤੀ ਮਹੀਨਾ ਕਿਸ਼ਤ ਦੇ ਰੂਪ 'ਚ ਵਾਪਸ ਕੀਤਾ ਜਾਣਾ ਸੀ। ਇਸ ਲਈ ਸਾਰੇ ਕਾਗਜ਼ਾਤ ਪੂਰੇ ਕਰ ਦਿੱਤੇ ਸਨ ਪਰ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੇ ਗਰੁੱਪ ਲੀਡਰ ਨੇ ਕਿਹਾ ਕਿ ਉਸ ਦਾ ਲੋਨ ਪਾਸ ਨਹੀਂ ਹੋ ਰਿਹਾ ਹੈ। ਇਸ ਲਈ ਮੈਨੂੰ ਦੋ ਫੋਟੋਆਂ ਅਤੇ ਆਪਣੇ ਪਛਾਣ ਪੱਤਰ ਵੀ ਦੇ ਦਿਓ। ਇਸ ਤੋਂ ਬਾਅਦ ਵੀ ਉਸ ਨੂੰ ਲੋਨ ਤਾਂ ਮਿਲਿਆ ਨਹੀਂ ਪਰ ਉਸ ਦੀ ਹੈਰਾਨੀ ਦੀ ਉਦੋਂ ਕੋਈ ਸੀਮਾ ਨਹੀਂ ਰਹੀ, ਜਦੋਂ ਉਸ ਨੇ ਬੈਂਕ 'ਚੋਂ ਜਾਣਕਾਰੀ ਲਈ ਤਾਂ ਪਤਾ ਲੱਗਾ ਕਿ ਉਸ ਦੇ ਨਾਂ 'ਤੇ ਲੋਨ ਕੋਈ ਹੋਰ ਔਰਤ ਹੀ ਲੈ ਗਈ ਹੈ, ਜੋ ਕਿ ਉਨ੍ਹਾਂ ਦੇ ਗਰੁੱਪ ਦੀ ਮੈਂਬਰ ਸੀ। ਉਸ ਨੇ ਬੈਂਕ ਤੋਂ ਸ਼ਿਕਾਇਤ ਕਰਨ ਦੇ ਨਾਲ ਹੀ ਉਕਤ ਔਰਤ ਨਾਲ ਵੀ ਗੱਲ ਕੀਤੀ ਪਰ ਉਸ ਨੇ ਕੋਈ ਗੱਲ ਨਹੀਂ ਸੁਣੀ, ਜਿਸ ਤੋਂ ਉਹ ਬੈਂਕ ਅਧਿਕਾਰੀਆਂ ਨੂੰ ਨਾਲ ਲੈ ਕੇ ਥਾਣੇ 'ਚ ਪਹੁੰਚ ਗਈ। ਬੈਂਕ ਮੈਨੇਜਰ ਅਸ਼ੋਕ ਕੁਮਾਰ ਦਾ ਕਹਿਣਾ ਸੀ ਕਿ ਗਲਤੀ ਉਨ੍ਹਾਂ ਦੇ ਮੁਲਾਜ਼ਮ ਦੀ ਵੀ ਹੈ ਕਿਉਂਕਿ ਜਿਸ ਦੀ ਫੋਟੋ ਲੱਗੀ ਹੈ, ਲੋਨ ਉਸ ਨੂੰ ਹੀ ਦੇਣਾ ਚਾਹੀਦਾ ਸੀ।
ਉਨ੍ਹਾਂ ਨੇ ਲੋਨ ਦੇ ਪੈਸੇ ਵਾਪਸ ਕਰ ਕੇ ਪੁਲਸ ਨੂੰ ਵੀ ਸ਼ਿਕਾਇਤ ਦਿੱਤੀ ਹੈ ਤਾਂ ਕਿ ਉਸ ਖਿਲਾਫ਼ ਕਾਰਵਾਈ ਕੀਤੀ ਜਾ ਸਕੇ। ਥਾਣਾ ਸਿਟੀ ਮੁਖੀ ਤੇਜਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਸਾਰੇ ਕਾਗਜ਼ਾਤ ਜਾਂਚੇ ਜਾ ਰਹੇ ਹਨ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਅਨੁਸਾਰ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।