ਬਹੁ-ਚਰਚਿਤ ਨਾਬਾਲਗ ਰੇਪ ਕੇਸ ਮਾਮਲੇ ਵਿਚ ਮੁਲਜ਼ਮ ਬਰੀ
Saturday, Apr 11, 2026 - 04:47 PM (IST)
ਨਿਹਾਲ ਸਿੰਘ ਵਾਲਾ (ਬਾਵਾ) : ਮੋਗਾ ਦੀ ਅਦਾਲਤ ਵੱਲੋਂ ਬਹੁ ਚਰਚਿਤ ਨਬਾਲਗ ਰੇਪ ਕੇਸ ਵਿਚ ਅਹਿਮ ਫੈਸਲਾ ਸੁਣਾਉਂਦਿਆਂ ਨਾਮਜ਼ਦ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਗਿਆ ਹੈ। ਐਡਵੋਕੇਟ ਦਲਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਕੋਟ ਈਸੇ ਖਾਂ ਵਿਖੇ 27-01-2025 ਨੂੰ ਨਾਬਾਲਗ ਪੀੜਤਾ ਦੀ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋਈ ਸੀ ਜਿਸ ਵਿਚ ਉਸ ਨੇ ਮੁਲਜ਼ਮ ਮਨਜੀਤ ਕੌਰ, ਕਰਮਜੀਤ ਕੌਰ ਅਤੇ ਬੂਟਾ ਸਿੰਘ ਉੱਪਰ ਗੰਭੀਰ ਦੋਸ਼ ਲਗਾਏ ਗਏ ਸਨ ਜਿਸ ਕਾਰਨ ਉਕਤ ਮੁਲਜ਼ਮਾਂ ਖ਼ਿਲਾਫ਼ ਧਾਰਾ 64, 351 (2) (3) ਬੀ. ਐੱਨ. ਐੱਸ, 4 ਅਤੇ 5 ਇੰਮੋਰਲ ਐਕਟ, ਧਾਰਾ 6 ਪੋਕਸੋ ਐਕਟ ਅਤੇ ਧਾਰਾ 27 ਐੱਨ. ਡੀ. ਪੀ. ਐੱਸ. ਐਕਟ ਤਹਿਤ ਥਾਣਾ ਕੋਟ ਈਸੇ ਖਾਂ ਵਿਚ ਮੁਕੱਦਮਾ ਦਰਜ ਕੀਤਾ ਗਿਆ ਸੀ।
ਜ਼ਿਲ੍ਹਾ ਐਡੀਸ਼ਨਲ ਸੈਸ਼ਨ ਜੱਜ ਬਿਸ਼ਨ ਸਰੂਪ ਦੀ ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਕਰਦਿਆਂ ਇਸ ਮਾਮਲੇ ਵਿਚ ਨਾਮਜ਼ਦ ਮੁਲਜ਼ਮਾਂ ਦੇ ਵਕੀਲ ਦਲਜੀਤ ਸਿੰਘ ਧਾਲੀਵਾਲ ਅਤੇ ਪਰਵਿੰਦਰ ਸਿੰਘ ਧਾਲੀਵਾਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਮੁਲਜ਼ਮਾਂ ਨੂੰ ਬਰੀ ਕਰਨ ਦੇ ਹੁਕਮ ਜਾਰੀ ਕੀਤੇ ਹਨ।
