ਚੋਰਾਂ ਨੇ ਨਵੇਂ ਥਾਣੇਦਾਰ ਦਾ ਕੀਤਾ ਸੁਆਗਤ, ਥਾਣੇ ਨਜ਼ਦੀਕ ਹੀ ਕਰ ਗਏ ਕਾਂਡ
Thursday, Apr 23, 2026 - 01:47 PM (IST)
ਨਿਹਾਲ ਸਿੰਘ ਵਾਲਾ (ਬਾਵਾ) : ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹਨ ਕਿ ਪੁਲਸ ਨੂੰ ਵੀ ਟਿੱਚ ਸਮਝਦੇ ਹਨ। ਇਕ ਦਿਨ ਪਹਿਲਾਂ ਹੀ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਨਵੇਂ ਤਾਇਨਾਤ ਹੋਏ ਥਾਣੇਦਾਰ ਦਾ ਸੁਆਗਤ ਕਰਦਿਆਂ ਚੋਰਾਂ ਨੇ ਹੁਣ ਪੁਲਸ ਸਟੇਸ਼ਨ ਨਜ਼ਦੀਕ ਬਿਜਲੀ ਦੀਆਂ ਤਾਰਾਂ ਨੂੰ ਨਿਸ਼ਾਨਾ ਬਣਾਇਆ ਹੈ। ਥਾਣੇ ਤੋਂ ਸਿਰਫ 90 ਕਦਮ ਦੀ ਦੂਰੀ ’ਤੇ ਬੱਸ ਸਟੈਂਡ ਵਾਲੇ ਪਾਸੇ ਬਿਜਲੀ ਦੇ ਮੀਟਰਾਂ ਵਾਲਾ ਬਕਸਾ ਲੱਗਾ ਹੋਇਆ ਹੈ। ਲੰਘੀ ਰਾਤ ਚੋਰਾਂ ਨੇ ਬਿਜਲੀ ਦੀਆਂ ਤਾਂਬੇ ਦੀਆਂ ਤਾਰਾਂ ਚੋਰੀ ਕਰ ਲਈਆਂ, ਚੱਲਦੀ ਬਿਜਲੀ ਦੀ ਸਪਲਾਈ ਦੌਰਾਨ ਚੋਰਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਬਿਜਲੀ ਦੀ ਸਪਲਾਈ ਠੱਪ ਹੋ ਗਈ।
ਬਿਜਲੀ ਦੀ ਸਪਲਾਈ ਬਹਾਲ ਕਰਨ ਲਈ ਪਹੁੰਚੇ ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਚੋਰਾਂ ਨੇ ਮਹਿੰਗੀਆਂ ਤਾਂਬੇ ਦੀਆਂ ਤਾਰਾਂ ਚੋਰੀ ਕੀਤੀਆਂ ਹਨ ਅਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਪਹਿਲਾਂ ਵੀ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪਹਿਲਾਂ ਵੀ ਥਾਣੇ ਵਿਚ ਰਿਪੋਰਟ ਦਰਜ ਕਰਵਾਈ ਹੈ ਜਦੋਂ ਥਾਣਾ ਮੁਖੀ ਜਤਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲ ਕੇ ਚੋਰਾਂ ਦਾ ਪਤਾ ਲਾਇਆ ਜਾਵੇਗਾ।
