ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਗਈ ਸੀ ਔਰਤ, ਪਿੱਛੋਂ ਚੋਰਾਂ ਨੇ ਘਰ ਸਾਫ਼ ਕਰ ''ਤਾ
Thursday, Dec 05, 2024 - 07:59 AM (IST)
ਮਲੋਟ (ਜੁਨੇਜਾ) : ਥਾਣਾ ਸਿਟੀ ਮਲੋਟ ਦੀ ਪੁਲਸ ਨੇ ਇਕ ਔਰਤ ਦੇ ਘਰ ਵਿਚੋਂ ਲੱਖਾਂ ਦਾ ਸੋਨਾ, ਚਾਂਦੀ, ਨਕਦੀ ਤੇ ਹੋਰ ਸਾਮਾਨ ਚੋਰੀ ਕਰਨ ਦਾ ਮਾਮਲਾ ਦਰਜ ਕੀਤਾ ਹੈ। ਘਰ ਦੀ ਮਾਲਕ ਔਰਤ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਗਈ ਹੋਈ ਸੀ ਅਤੇ ਪਿੱਛੋਂ ਚੋਰਾਂ ਨੇ ਘਰ ਨੂੰ ਨਿਸ਼ਾਨਾ ਬਣਾਇਆ। ਇਸ ਮਾਮਲੇ ’ਚ ਪੁਲਸ ਨੇ ਅਣਪਛਾਤੇ ਚੋਰਾਂ ਵਿਰੁੱਧ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਕਰਮਜੀਤ ਕੌਰ ਪਤਨੀ ਦਵਿੰਦਰ ਸਿੰਘ ਵਾਸੀ ਗਲੀ ਨੰਬਰ 1, ਗੁਰੂ ਨਾਨਕ ਨਗਰ, ਮਲੋਟ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦੇ ਪਤੀ ਤੇ ਬੇਟੇ ਦੀ ਮੌਤ ਹੋ ਚੁੱਕੀ ਹੈ ਤੇ ਉਸ ਦੀ ਬੇਟੀ ਸ਼ਾਦੀਸ਼ੁਦਾ ਹੈ, ਜਿਸ ਕਰਕੇ ਉਹ ਘਰ ’ਚ ਇਕੱਲੀ ਰਹਿੰਦੀ ਹੈ। 15 ਨਵੰਬਰ ਨੂੰ ਘਰ ਨੂੰ ਜਿੰਦਰਾ ਲਗਾ ਕੇ ਉਹ ਇਕ ਹਫ਼ਤੇ ਲਈ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਗਈ ਸੀ। 22 ਨਵੰਬਰ ਨੂੰ ਸ਼ਾਮ ਨੂੰ ਘਰ ਆ ਕੇ ਵੇਖਿਆ ਤਾਂ ਮੇਨ ਗੇਟ ਦਾ ਤਾਲਾ ਟੁੱਟਿਆ ਪਿਆ ਸੀ। ਅੰਦਰ ਜਾ ਕੇ ਵੇਖਿਆ ਤਾਂ ਕਮਰਿਆਂ ਦੇ ਤਾਲੇ ਵੀ ਟੁੱਟੇ ਹੋਏ ਸਨ।
ਇਹ ਵੀ ਪੜ੍ਹੋ : ਦੁੱਧ-ਦਹੀਂ ਹੀ ਨਹੀਂ, ਹੁਣ ਆਰਗੈਨਿਕ ਆਟਾ ਤੇ ਗੁੜ ਵੀ ਵੇਚੇਗੀ Mother Dairy, ਇਨ੍ਹਾਂ ਸ਼ਹਿਰਾਂ ਤੋਂ ਹੋਵੇਗੀ ਸ਼ੁਰੂਆਤ
ਜਦੋਂ ਘਰ ਦੀ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਅਣਪਛਾਤੇ ਚੋਰਾਂ ਨੇ ਘਰ ’ਚ ਦਾਖਲ ਹੋ ਕੇ ਅਲਮਾਰੀਆਂ ’ਚੋਂ ਸੋਨੇ ਦੇ ਟੌਪਸ, ਮਰਦਾਨਾ ਕੜਾ, ਇਕ ਸੋਨੇ ਦਾ ਸੈੱਟ ਸਮੇਤ ਕੁੱਲ 5 ਤੋਲੇ ਸੋਨਾ ਤੇ ਚਾਂਦੀ ਦੇ ਸਿੱਕੇ ਤੇ ਪੰਜੇਬਾਂ ਸਮੇਤ 50 ਤੋਲੇ ਚਾਂਦੀ ਦੇ ਗਹਿਣੇ, ਜਿਨ੍ਹਾਂ ਦੀ ਕੀਮਤ ਕਰੀਬ 4 ਲੱਖ ਰੁਪਏ ਬਣਦੀ ਹੈ, ਤੋਂ ਇਲਾਵਾ 15 ਹਜ਼ਾਰ ਰੁਪਏ ਦੀ ਨਕਦੀ ਤੇ ਐੱਲ. ਸੀ. ਡੀ. ਅਤੇ 2 ਮੋਬਾਈਲਾਂ ਸਮੇਤ 45 ਹਜ਼ਾਰ ਦਾ ਸਾਮਾਨ ਚੋਰੀ ਕਰ ਲਿਆ। ਚੋਰਾਂ ਵੱਲੋਂ ਉਸ ਦੇ ਘਰੋਂ 4 ਲੱਖ 60 ਹਜ਼ਾਰ ਦੀ ਨਕਦੀ, ਸਾਮਾਨ ਤੇ ਸੋਨੇ-ਚਾਂਦੀ ਦੇ ਗਹਿਣੇ ਚੋਰੀ ਕੀਤੇ ਗਏ ਹਨ।
ਸਿਟੀ ਮਲੋਟ ਪੁਲਸ ਨੇ ਇਸ ਮਾਮਲੇ ’ਚ ਅਣਪਛਾਤੇ ਚੋਰਾਂ ਵਿਰੁੱਧ ਘਰ ’ਚ ਦਾਖਲ ਹੋ ਕੇ ਗਹਿਣੇ, ਨਕਦੀ ਤੇ ਸਾਮਾਨ ਚੋਰੀ ਕਰਨ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਸ ਵੱਲੋਂ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8