ਸਰਹੱਦ ਪਾਰ: ਹਿੰਦੂ ਵਿਆਹੁਤਾ ਨੇ ਪੱਖੇ ਨਾਲ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ
Friday, Apr 22, 2022 - 03:22 PM (IST)
 
            
            ਗੁਰਦਾਸਪੁਰ/ਪਾਕਿਸਤਾਨ (ਜ. ਬ.)-ਪਾਕਿਸਤਾਨ ਦੇ ਸਿੰਧ ਸੂਬੇ ਦੇ ਪਿੰਡ ਖਿਪਰੋ ’ਚ ਇਕ ਹਿੰਦੂ ਔਰਤ ਨੇ ਆਪਣੇ ਹੀ ਘਰ ’ਚ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ ਹੇਮੀ ਦੇਵੀ ਪਤਨੀ ਕਰਮ ਚੰਦ ਦੇ ਰੂਪ ਵਿਚ ਹੋਈ। ਸੂਤਰਾਂ ਅਨੁਸਾਰ ਅੱਜ ਸਵੇਰੇ ਖਿਪਰੋ ਪਿੰਡ ’ਚ ਸਵੇਰੇ ਹੇਮੀ ਦੇਵੀ ਦੀ ਲਾਸ਼ ਆਪਣੇ ਹੀ ਘਰ ਵਿਚ ਪੱਖੇ ਨਾਲ ਲਟਕੀ ਮਿਲੀ। ਉਕਤ ਔਰਤ ਇਕ ਬੱਚੇ ਦੀ ਮਾਂ ਸੀ। ਬੀਤੀ ਰਾਤ ਅਪਣੇ ਕਮਰੇ ਵਿਚ ਆਪਣੇ ਲੜਕੇ ਦੇ ਨਾਲ ਸੌ ਗਈ ਸੀ ਅਤੇ ਸਵੇਰੇ ਉਸ ਦੀ ਲਾਸ਼ ਪੱਖੇ ਨਾਲ ਲਟਕਦੀ ਮਿਲੀ। ਉਸ ਦਾ ਪਤੀ ਕੋਲ ਦੇ ਸ਼ਹਿਰ ਵਿਚ ਮਿਹਨਤ ਮਜ਼ਦੂਰੀ ਕਰਨ ਦੇ ਲਈ ਗਿਆ ਸੀ। ਪੁਲਸ ਨੂੰ ਸੂਚਿਤ ਕਰਨ 'ਤੇ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਹੇਮੀ ਦੇਵੀ ਦੀ ਲਾਸ਼ ਹੇਠਾਂ ਉਤਾਰੀ ਅਤੇ ਪੋਸਟਮਾਰਟਮ ਦੇ ਲਈ ਹਸਪਤਾਲ ਭੇਜਿਆ। ਮ੍ਰਿਤਕਾ ਦੇ ਸਹੁਰੇ ਪਰਿਵਾਰ ਵਾਲਿਆਂ ਮੁਤਾਬਕ ਹੇਮੀ ਵੱਲੋਂ ਖ਼ੁਦਕੁਸ਼ੀ ਕੀਤੇ ਜਾਣ ਦਾ ਕਾਰਨ ਸਮਝ ਨਹੀਂ ਆਇਆ। ਉਸ ਦੇ ਪਤੀ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                            