ਕਰਜ਼ਾ ਚੁੱਕ ਕੇ ਵਿਦੇਸ਼ ਗਿਆ ਪਤੀ, ਹੋਰ ਬਦੱਤਰ ਹੋਏ ਹਾਲਾਤ, ਦੁਖ਼ੀ ਪਤਨੀ ਨੇ ਚੁੱਕਿਆ ਖ਼ੌਫ਼ਨਾਕ ਕਦਮ
Friday, May 06, 2022 - 03:30 PM (IST)
ਮਾਹਿਲਪੁਰ (ਅਗਨੀਹੋਤਰੀ)- ਮਾਹਿਲਪੁਰ ਸ਼ਹਿਰ ਦੇ ਵਾਰਡ ਨੰਬਰ-9 ਵਿਚ ਇਕ ਵਿਆਹੁਤਾ ਨੇ ਆਰਥਿਕ ਤੰਗੀ ਤੋਂ ਦੁਖ਼ੀ ਹੋ ਕੇ ਛੱਤ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕਾ ਦਾ ਪਤੀ ਚਾਰ ਮਹੀਨੇ ਪਹਿਲਾਂ ਹੀ ਕਰਜ਼ਾ ਚੁੱਕ ਕੇ ਵਿਦੇਸ਼ ਗਿਆ ਸੀ ਅਤੇ ਉੱਥੇ ਕੰਮ ਨਾ ਮਿਲਣ ਕਾਰਨ ਵਿਹਲਾ ਸੀ। ਪਰਿਵਾਰਕ ਮੈਂਬਰਾਂ ਨੇ ਇਥੋਂ ਦੋ ਵਾਰ 50-50 ਦਰਾਮ ਭੇਜੇ ਪਰ ਕੰਮ ਨਾ ਮਿਲਣ ਕਾਰਨ ਮ੍ਰਿਤਕਾ ਬਹੁਤ ਪਰੇਸ਼ਾਨ ਰਹਿੰਦੀ ਸੀ। ਥਾਣਾ ਮਾਹਿਲਪੁਰ ਦੀ ਪੁਲਸ ਨੇ ਲਾਸ਼ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਵੱਡਾ ਖ਼ੁਲਾਸਾ: ਪੰਜਾਬ ’ਚ ਅੱਤਵਾਦ ਫ਼ੈਲਾਉਣ ਲਈ ਇਸਤੇਮਾਲ ਕੀਤੇ ਜਾ ਰਹੇ ਹਨ ਗ਼ਰੀਬ ਗ਼ੈਰ-ਸਿੱਖ ਨੌਜਵਾਨ
ਪ੍ਰਾਪਤ ਜਾਣਕਾਰੀ ਅਨੁਸਾਰ ਦੀਪਕ ਕੁਮਾਰ ਜੇਠ, ਗੁਆਂਢੀ ਬਲਵਿੰਦਰ ਮਰਵਾਹਾ, ਅੰਬਾ (ਪਤੀ ਦਾ ਮਿੱਤਰ) ਨੇ ਦੱਸਿਆ ਕਿ ਮ੍ਰਿਤਕਾ ਸੁਖਵਿੰਦਰ ਕੌਰ ਉਰਫ਼ ਸੁਮਨ ਦਾ ਵਿਆਹ 10 ਕੁ ਸਾਲ ਪਹਿਲਾਂ ਮਨਦੀਪ ਕੁਮਾਰ ਸੋਨੂੰ ਪੁੱਤਰ ਜੁਗਿੰਦਰ ਰਾਮ ਵਾਸੀ ਵਾਰਡ ਨੰਬਰ-9 ਮਾਹਿਲਪੁਰ ਨਾਲ ਹੋਇਆ ਸੀ ਅਤੇ ਉਨ੍ਹਾਂ ਦੇ ਦੋ ਬੱਚੇ ਹਨ। ਉਨ੍ਹਾਂ ਦੱਸਿਆ ਕਿ ਚਾਰ ਮਹੀਨੇ ਪਹਿਲਾਂ ਮਨਦੀਪ ਕੁਮਾਰ ਸੋਨੂੰ ਨੂੰ ਕਰਜ਼ਾ ਲੈ ਕੇ ਦੁਬਈ ਭੇਜਿਆ ਸੀ ਅਤੇ ਉੱਥੇ ਉਸ ਨੂੰ ਕੋਈ ਕੰਮ ਨਾ ਮਿਲਿਆ, ਜਿਸ ਕਾਰਨ ਉਹ ਦੁਬਈ ਵਿਚ ਹੀ ਰੋਟੀ ਪਾਣੀ ਤੋਂ ਵੀ ਔਖਾ ਹੋ ਗਿਆ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਦਾ ਅਹਿਮ ਐਲਾਨ, ਹੁਣ ਮੂੰਗੀ ਤੇ ਬਾਸਮਤੀ ਦੀ ਫ਼ਸਲ ’ਤੇ ਮਿਲੇਗੀ ਐੱਮ. ਐੱਸ. ਪੀ.
ਉਨ੍ਹਾਂ ਦੱਸਿਆ ਕਿ ਉਨ੍ਹਾਂ ਇੱਧਰੋਂ ਪੰਜਾਹ ਦਰਾਮ ਭੇਜੇ ਅਤੇ ਇਕ ਵਾਰ ਏਜੰਟ ਨੇ ਪੰਜਾਹ ਦਰਾਮ ਦਾ ਉੱਧਰ ਇੰਤਜ਼ਾਮ ਕੀਤਾ ਪਰ ਕੰਮ ਨਾ ਮਿਲਿਆ, ਜਿਸ ਕਾਰਨ ਘਰ ’ਚ ਆਰਥਿਕ ਤੰਗੀ ਕਾਰਨ ਸੁਖਵਿੰਦਰ ਕੌਰ ਸੁਮਨ ਕਾਫ਼ੀ ਪਰੇਸ਼ਾਨ ਰਹਿੰਦੀ ਸੀ। ਦੁਬਈ ਤੋਂ ਵਾਪਸ ਮੰਗਵਾਉਣ ਲਈ ਏਜੰਟ ਪੈਸੇ ਮੰਗ ਰਿਹਾ ਸੀ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਉਹ ਇਕ ਥਾਂ ਕੰਮ ਕਰਨ ਗਈ ਅਤੇ ਵਾਪਸ ਘਰ ਆ ਕੇ ਉਸ ਨੇ ਘਰ ਦੇ ਕਮਰੇ ਦਾ ਅੰਦਰੋਂ ਦਰਵਾਜ਼ਾ ਲਗਾ ਕੇ ਘਰ ਦੇ ਗਾਰਡਰ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਮਾਮਲੇ ਦਾ ਪਤਾ ਉਸ ਸਮੇਂ ਲੱਗਾ ਜਦੋਂ ਉਸ ਦੇ ਦੋਵੇਂ ਬੱਚੇ ਸਕੂਲ ਤੋਂ ਘਰ ਆਏ ਅਤੇ ਦਰਵਾਜ਼ਾ ਅੰਦਰੋਂ ਲੱਗਾ ਹੋਣ ਅਤੇ ਨਾ ਖੁੱਲ੍ਹਣ ਕਾਰਨ ਉਨ੍ਹਾਂ ਆਸਪਾਸ ਦੇ ਗੁਆਂਢੀਆਂ ਨੂੰ ਦੱਸਿਆ। ਜਦੋਂ ਉਨ੍ਹਾਂ ਖਿੜਕੀ ਤੋਂ ਝਾਕ ਕੇ ਵੇਖਿਆ ਤਾਂ ਇਸ ਘਟਨਾ ਦਾ ਪਤਾ ਲੱਗਾ। ਮਾਹਿਲਪੁਰ ਪੁਲਸ ਨੇ ਮੌਕੇ ’ਤੇ ਪਹੁੰਚ ਲਾਸ਼ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਬਿਜਲੀ ਦੇ ਸੰਕਟ ਦਰਮਿਆਨ ਰੂਪਨਗਰ ਥਰਮਲ ਪਲਾਂਟ ਦਾ ਇਕ ਹੋਰ ਯੂਨਿਟ ਹੋਇਆ ਬੰਦ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ