ਪਤੀ ਤੋਂ ਦੁਖੀ ਹੋ ਕੇ ਜ਼ਹਿਰ ਖਾਣ ਵਾਲੀ ਔਰਤ ਨੇ ਹਸਪਤਾਲ 'ਚ ਤੋੜਿਆ ਦਮ
Thursday, Aug 31, 2017 - 07:06 PM (IST)

ਝਬਾਲ/ ਬੀੜ ਸਾਹਿਬ(ਹਰਬੰਸ ਲਾਲੂਘੁੰਮਣ, ਬਖਤਾਵਰ, ਭਾਟੀਆ)— ਪਤੀ ਤੋਂ ਦੁਖੀ ਹੋ ਕੇ ਜ਼ਹਿਰ ਨਿਗਲਣ ਵਾਲੀ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿਖੇ ਜੇਰੇ ਇਲਾਜ ਔਰਤ ਨੇ ਵੀਰਵਾਰ ਨੂੰ ਦਮ ਤੋੜ ਦਿੱਤਾ। ਥਾਣਾ ਝਬਾਲ ਦੀ ਪੁਲਸ ਵੱਲੋਂ ਪਹਿਲਾਂ ਹੀ ਉਕਤ ਮਾਮਲੇ 'ਚ ਮ੍ਰਿਤਕ ਦੀ ਮਾਂ ਦੇ ਬਿਆਨਾਂ ਦੇ ਆਧਾਰ 'ਤੇ ਮ੍ਰਿਤਕ ਦੇ ਪਤੀ ਵਿਰੁੱਧ ਆਤਮ ਹੱਤਿਆ ਕਰਨ ਲਈ ਉਕਸਾਉਣ ਦੇ ਮਾਮਲੇ ਤਹਿਤ ਕੇਸ ਦਰਜ ਕੀਤਾ ਜਾ ਚੁੱਕਾ ਹੈ। ਗੌਰਤਲਬ ਹੈ ਕਿ ਹਰਜੀਤ ਕੌਰ ਪਤਨੀ ਬਲਦੇਵ ਸਿੰਘ ਵਾਸੀ ਪਿੰਡ ਚੰਬਾ ਕਲਾਂ, ਥਾਣਾ ਚੋਹਲਾ ਸਾਹਿਬ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਉਸ ਦੀ ਲੜਕੀ ਪ੍ਰਭਜੋਤ ਕੌਰ ਦਾ ਵਿਆਹ ਥਾਣਾ ਝਬਾਲ ਦੇ ਪਿੰਡ ਸੋਹਲ ਵਾਸੀ ਜਸਵੰਤ ਸਿੰਘ ਦੇ ਲੜਕੇ ਬੂਟਾ ਸਿੰਘ ਨਾਲ ਕਰੀਬ ਡੇਢ ਸਾਲ ਪਹਿਲਾਂ ਹੋਇਆ ਸੀ ਅਤੇ ਬੇਸ਼ੱਕ ਉਸ ਵੱਲੋਂ ਆਪਣੀ ਹੈਸੀਅਤ ਮੁਤਾਬਕ ਆਪਣੀ ਲੜਕੀ ਨੂੰ ਦਾਜ ਦਿੱਤਾ ਗਿਆ ਸੀ ਪਰ ਉਸ ਦੇ ਜਵਾਈ ਵੱਲੋਂ ਉਸ ਦੀ ਲੜਕੀ ਨੂੰ ਹਮੇਸ਼ਾ ਹੋਰ ਦਾਜ ਲਿਆਉਣ ਲਈ ਤੰਗ ਕੀਤਾ ਜਾਂਦਾ ਆ ਰਿਹਾ ਸੀ, ਜਿਸ ਦੇ ਚੱਲਦਿਆਂ ਹੀ ਉਸ ਦੀ ਲੜਕੀ ਨੇ ਬੀਤੀ 16 ਅਗਸਤ ਨੂੰ ਕੋਈ ਜ਼ਹਿਰੀਲੀ ਚੀਜ ਨਿਗਲ ਲਈ ਸੀ।
ਉਸ ਨੇ ਦੱਸਿਆ ਕਿ ਇਸ ਤੋਂ ਬਾਅਦ ਉਹ ਪਿਛਲੇ ਕਈ ਦਿਨਾਂ ਤੋਂ ਬੇਹੋਸ਼ੀ ਦੀ ਹਾਲਤ 'ਚ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿਖੇ ਜੇਰੇ ਸੀ, ਜਿਸ ਦੀ ਵੀਰਵਾਰ ਸਵੇਰੇ ਮੌਤ ਹੋ ਗਈ ਹੈ। ਥਾਣਾ ਝਬਾਲ ਮੁਖੀ ਇੰਸਪੈਕਟਰ ਹਰਿਤ ਸ਼ਰਮਾ ਨੇ ਦੱਸਿਆ ਕਿ ਹਰਜੀਤ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਉਸ ਦੇ ਜਵਾਈ ਬੂਟਾ ਸਿੰਘ ਪੁੱਤਰ ਜਸਵੰਤ ਸਿੰਘ ਵਿਰੋਧ ਪਹਿਲਾਂ ਹੀ ਆਤਮ ਹੱਤਿਆ ਕਰਨ ਲਈ ਉਕਸਾਉਣ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਫਰਾਰ ਦੋਸ਼ੀ ਦੀ ਗ੍ਰਿਫਤਾਰੀ ਲਈ ਏ. ਐੱਸ. ਆਈ. ਗੁਰਬਖਸ਼ੀਸ਼ ਸਿੰਘ ਦੀ ਅਗਵਾਈ 'ਚ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਏ. ਐੱਸ. ਆਈ. ਗੁਰਬਖਸ਼ੀਸ਼ ਸਿੰਘ ਨੇ ਦੱਸਿਆ ਕਿ ਮ੍ਰਿਤਕ ਔਰਤ ਦੀ ਲਾਸ਼ ਕਬਜੇ ਹੇਠ ਲੈ ਕੇ ਪੋਸਟਮਾਟਰਮ ਕਰਵਾਇਆ ਜਾ ਰਿਹਾ ਹੈ, ਜਦਕਿ ਦੋਸ਼ੀ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।