ਵਿਆਹੁਤਾ ਵੱਲੋਂ ਜ਼ਹਿਰੀਲਾ ਪਦਾਰਥ ਨਿਗਲਣ ਕਾਰਨ ਮੌਤ, ਮਾਪਿਆਂ ਦਾ ਦੋਸ਼: ਪਤੀ ਤੇ ਸੱਸ ਨੇ ਕੀਤੀ ਹੱਤਿਆ

05/13/2022 12:04:15 AM

ਮਾਛੀਵਾੜਾ ਸਾਹਿਬ (ਜ. ਬ.) : ਨੇੜਲੇ ਪਿੰਡ ਮਿੱਠੇਵਾਲ ਵਿਖੇ ਵਿਆਹੀ ਸਤਨਾਮ ਕੌਰ (40) ਦੀ ਜ਼ਹਿਰੀਲਾ ਪਦਾਰਥ ਨਿਗਲਣ ਕਾਰਨ ਮੌਤ ਹੋ ਗਈ, ਜਦਕਿ ਉਸ ਦੇ ਮਾਪਿਆਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਧੀ ਨੂੰ ਪਤੀ ਅਤੇ ਸੱਸ ਨੇ ਜ਼ਹਿਰ ਖੁਆ ਕੇ ਮਾਰਿਆ ਹੈ। ਮ੍ਰਿਤਕਾ ਸਤਨਾਮ ਕੌਰ ਦੇ ਪਿਤਾ ਸਾਬਕਾ ਸਰਪੰਚ ਮਹਿੰਦਰ ਸਿੰਘ ਧਨੂੰਰ ਨੇ ਦੱਸਿਆ ਕਿ ਉਸ ਦੀ ਧੀ ਦਾ ਵਿਆਹ ਸਾਲ 2000 'ਚ ਮਿੱਠੇਵਾਲ ਵਾਸੀ ਗੁਰਦੇਵ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਹੀ ਉਨ੍ਹਾਂ ਦੀ ਧੀ ਨੂੰ ਪਤੀ ਤੇ ਸੱਸ ਤੰਗ-ਪ੍ਰੇਸ਼ਾਨ ਕਰਨ ਲੱਗੇ ਸਨ ਅਤੇ ਕਈ ਵਾਰ ਪੰਚਾਇਤਾਂ 'ਚ ਬੈਠ ਕੇ ਰਾਜ਼ੀਨਾਮਾ ਵੀ ਹੋਇਆ। ਪਿਤਾ ਮਹਿੰਦਰ ਸਿੰਘ ਧਨੂੰਰ ਨੇ ਦੱਸਿਆ ਕਿ ਅੱਜ ਸਵੇਰੇ ਉਸ ਦੀ ਧੀ ਦਾ ਪੇਕੇ ਘਰ ਭਰਾ ਗੁਰਦੀਪ ਸਿੰਘ ਨੂੰ ਫੋਨ ਆਇਆ ਕਿ ਉਸ ਦੇ ਪਤੀ ਗੁਰਦੇਵ ਸਿੰਘ ਤੇ ਸੱਸ ਨੇ ਉਸ ਨੂੰ ਕੋਈ ਜ਼ਹਿਰੀਲਾ ਪਦਾਰਥ ਖੁਆ ਦਿੱਤਾ ਹੈ ਅਤੇ ਜਲਦ ਉਸ ਦੀ ਸਹਾਇਤਾ ਲਈ ਆਵੇ। ਭਰਾ ਗੁਰਦੀਪ ਸਿੰਘ ਆਪਣੀ ਭੈਣ ਦਾ ਫੋਨ ਆਉਣ ਤੋਂ ਬਾਅਦ ਉਸ ਦੇ ਸਹੁਰੇ ਘਰ ਮਿੱਠੇਵਾਲ ਗਿਆ ਤਾਂ ਉੱਥੇ ਜਾ ਕੇ ਦੇਖਿਆ ਕਿ ਉਸ ਦੀ ਭੈਣ ਸਤਨਾਮ ਕੌਰ ਦੀ ਹਾਲਤ ਕਾਫ਼ੀ ਗੰਭੀਰ ਹੋ ਚੁੱਕੀ ਸੀ।

ਇਹ ਵੀ ਪੜ੍ਹੋ : ਛੱਤੀਸਗੜ੍ਹ ਦੇ ਰਾਏਪੁਰ 'ਚ ਹੈਲੀਕਾਪਟਰ ਹਾਦਸਾਗ੍ਰਸਤ, 2 ਪਾਇਲਟਾਂ ਦੀ ਮੌਤ

ਗੁਰਦੀਪ ਸਿੰਘ ਆਪਣੀ ਭੈਣ ਨੂੰ ਤੁਰੰਤ ਸਿਵਲ ਹਸਪਤਾਲ ਮਾਛੀਵਾੜਾ ਲੈ ਆਇਆ, ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ। ਲੁਧਿਆਣਾ ਸਿਵਲ ਹਸਪਤਾਲ ਪੁੱਜਣ ’ਤੇ ਡਾਕਟਰਾਂ ਨੇ ਸਤਨਾਮ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ। ਪਿਤਾ ਮਹਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਧੀ ਨੂੰ ਪਤੀ ਗੁਰਦੇਵ ਸਿੰਘ ਤੇ ਸੱਸ ਬੇਹੱਦ ਪ੍ਰੇਸ਼ਾਨ ਕਰਦੇ ਸਨ ਤੇ ਉਨ੍ਹਾਂ ਨੇ ਹੀ ਉਸ ਨੂੰ ਜ਼ਹਿਰ ਦੇ ਕੇ ਮਾਰਿਆ ਹੈ। ਮਾਛੀਵਾੜਾ ਪੁਲਸ ਨੇ ਸਤਨਾਮ ਕੌਰ ਦੀ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭਿਜਵਾ ਦਿੱਤੀ ਹੈ ਅਤੇ ਪਿਤਾ ਮਹਿੰਦਰ ਸਿੰਘ ਧਨੂੰਰ ਦੇ ਬਿਆਨ ਦਰਜ ਕਰਕੇ ਪਤੀ ਗੁਰਦੇਵ ਸਿੰਘ ਤੇ ਸੱਸ ਖਿਲਾਫ਼ ਪਰਚਾ ਦਰਜ ਕਰ ਲਿਆ ਹੈ। ਮ੍ਰਿਤਕਾ ਆਪਣੇ ਪਿੱਛੇ 3 ਲੜਕੀਆਂ ਤੇ 1 ਲੜਕਾ ਛੱਡ ਗਈ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ : ਫਰਜ਼ੀ ਛਾਪੇਮਾਰੀ ਦੇ ਦੋਸ਼ 'ਚ CBI ਦੇ 4 ਅਧਿਕਾਰੀ ਗ੍ਰਿਫ਼ਤਾਰ, ਬਰਖਾਸਤ

ਸਾਲ਼ੇ ਨਾਲ ਗੁਰਦੇਵ ਨੇ ਕੀਤੀ ਹੱਥੋਪਾਈ
ਅੱਜ ਬਾਅਦ ਦੁਪਹਿਰ ਜਦੋਂ ਭਰਾ ਗੁਰਦੀਪ ਸਿੰਘ ਨੂੰ ਭੈਣ ਸਤਨਾਮ ਕੌਰ ਨੇ ਫੋਨ ਕੀਤਾ ਕਿ ਉਸ ਨੂੰ ਕੋਈ ਜ਼ਹਿਰੀਲਾ ਪਦਾਰਥ ਦੇ ਦਿੱਤਾ ਗਿਆ ਹੈ ਤਾਂ ਉਹ ਕੁਝ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਮਿੱਠੇਵਾਲ ਉਸ ਦੇ ਸਹੁਰੇ ਘਰ ਪੁੱਜ ਗਿਆ। ਗੁਰਦੀਪ ਸਿੰਘ ਜਦੋਂ ਆਪਣੀ ਭੈਣ ਦੇ ਘਰ ਦਾਖਲ ਹੋਣ ਲੱਗਾ ਤਾਂ ਪਤੀ ਗੁਰਦੇਵ ਸਿੰਘ ਨੇ ਆਪਣੀ ਪਤਨੀ ਸਤਨਾਮ ਕੌਰ ਵੱਲੋਂ ਜ਼ਹਿਰੀਲਾ ਪਦਾਰਥ ਖਾਧੇ ਹੋਣ ਦੇ ਬਾਵਜੂਦ ਉਸ ਨਾਲ ਮਿਲਣ ਤੋਂ ਰੋਕਿਆ। ਇੱਥੋਂ ਤੱਕ ਕਿ ਗੁਰਦੇਵ ਸਿੰਘ ਨੇ ਆਪਣੇ ਸਾਲ਼ੇ ਗੁਰਦੀਪ ਸਿੰਘ 'ਤੇ ਸੋਟੀ ਨਾਲ ਹਮਲਾ ਕਰਨ ਦੀ ਕੋਸ਼ਿਸ਼ ਵੀ ਕੀਤੀ ਅਤੇ ਘਰ ’ਚ ਹੱਥੋਪਾਈ ਵੀ ਕੀਤੀ, ਜਿਸ ਦੀ ਵੀਡੀਓ ਵੀ ਬਣਾਈ ਗਈ। ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਗੁਰਦੀਪ ਸਿੰਘ ਆਪਣੀ ਭੈਣ ਸਤਨਾਮ ਕੌਰ ਨੂੰ ਸਹੁਰੇ ਘਰੋਂ ਹਸਪਤਾਲ ਲਿਜਾਣ 'ਚ ਸਫ਼ਲ ਹੋਇਆ ਪਰ ਉਸ ਦੀ ਜਾਨ ਨਾ ਬਚਾ ਸਕਿਆ।

ਇਹ ਵੀ ਪੜ੍ਹੋ : 'ਆਪ' MLA 'ਤੇ ਟਰੱਕਾਂ ਵਾਲਿਆਂ ਨੇ ਲਾਏ 60 ਲੱਖ ਮੰਗਣ ਦੇ ਇਲਜ਼ਾਮ, ਵਿਧਾਇਕ ਨੇ ਦਿੱਤਾ ਸਪੱਸ਼ਟੀਕਰਨ (ਵੀਡੀਓ)

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Mukesh

Content Editor

Related News