ਟਾਂਡਾ ਵਿਖੇ ਪੇਟੀ 'ਚੋਂ ਮਿਲੀ ਵਿਆਹੁਤਾ ਦੀ ਲਾਸ਼ ਦੇ ਮਾਮਲੇ 'ਚ ਨਵਾਂ ਮੋੜ, ਗੈਂਗਰੇਪ ਮਗਰੋਂ ਕੀਤਾ ਗਿਆ ਸੀ ਕਤਲ
Friday, Apr 07, 2023 - 03:35 PM (IST)
ਹੁਸ਼ਿਆਰਪੁਰ/ਟਾਂਡਾ ਉੜਮੁੜ (ਅਮਰੀਕ, ਵਰਿੰਦਰ ਪੰਡਿਤ)- ਜ਼ਿਲ੍ਹਾ ਹੁਸ਼ਿਆਰਪੁਰ ਦੇ ਬਲਾਕ ਉੜਮੁੜ ਟਾਂਡਾ ਅਧੀਨ ਪੈਂਦੇ ਇਕ ਪਿੰਡ ਦੀ 28 ਸਾਲਾ ਵਿਆਹੁਤਾ ਨੂੰ ਗੁਆਂਢ ਵਿੱਚ ਰਹਿੰਦੇ ਵਿਅਕਤੀ ਵੱਲੋਂ ਕਤਲ ਕਰਕੇ ਲੋਹੇ ਦੀ ਪੇਟੀ ਵਿੱਚ ਬੰਦ ਕਰ ਦਿੱਤਾ ਗਿਆ ਸੀ। ਮੌਕੇ ਉਤੇ ਪਹੁੰਚੀ ਪੁਲਸ ਨੇ ਵਿਆਹੁਤਾ ਦੀ ਲਾਸ਼ ਨੂੰ ਕਬਜ਼ੇ ਵਿਚ ਲਿਆ ਅਤੇ ਅਗਲੇਰੀ ਜਾਂਚ ਸ਼ੁਰੂ ਕੀਤੀ। ਪੁਲਸ ਵੱਲੋਂ ਕੀਤੀ ਗਈ ਜਾਂਚ ਵਿਚ ਇਸ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਦਰਅਸਲ ਇਹ ਮਾਮਲਾ ਗੈਂਗਰੇਪ ਦਾ ਨਿਕਲਿਆ। ਜਿਸ ਦੀ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਕੁਲਵੰਤ ਸਿੰਘ ਟਾਂਡਾ ਉੜਮੁੜ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਤਿੰਨ ਦੋਸ਼ੀਆਂ ਖ਼ਿਲਾਫ਼ 376, 302, 34, 201 ਅਧੀਨ ਗੈਂਗਰੇਪ ਅਤੇ ਕ਼ਤਲ ਦਾ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ। ਕਤਲ ਕੀਤੀ ਗਈ ਵਿਆਹੁਤਾ ਦੋ ਬੱਚਿਆਂ ਦੀ ਮਾਂ ਸੀ।
ਪੁੱਛਗਿੱਛ ਦੌਰਾਨ ਮ੍ਰਿਤਕ ਕੁੜੀ ਦੀ ਭੈਣ ਦੀ ਕੋਲੋਂ ਪਤਾ ਲੱਗਾ ਹੈ ਕਿ ਕਾਤਲ ਉਸ ਦਾ ਭਰਾ ਲੱਗਦਾ ਸੀ ਅਤੇ ਕਤਲ ਕੀਤੀ ਗਈ ਵਿਆਹੁਤਾ ਉਸ ਨੂੰ ਰੱਖੜੀ ਬੰਨ੍ਹਦੀ ਸੀ ਪਰ ਪਤਾ ਨਹੀਂ ਸੀ ਕਿ ਰਿਸ਼ਤੇ ਵਿਚ ਲੱਗਦੇ ਉਸੇ ਭਰਾ ਨੇ ਹੀ ਭੈਣ ਨਾਲ ਇਹ ਕਹਿਰ ਕਮਾਉਣਾ ਹੈ। ਪਰਿਵਾਰ ਵੱਲੋਂ ਦੋਸ਼ੀਆਂ ਨੂੰ ਫਾਂਸੀ ਦੇਣ ਦੀ ਮੰਗ ਕੀਤੀ ਗਈ ਹੈ।
ਇਹ ਵੀ ਪੜ੍ਹੋ : ਜਲੰਧਰ ਲੋਕ ਸਭਾ ਜ਼ਿਮਨੀ ਚੋਣ ਤੋਂ ਪਹਿਲਾਂ ਕਾਂਗਰਸ ’ਚ ਗਰਮਾਗਰਮੀ, ਪੈਸਾ ਖ਼ਰਚਣ ਤੋਂ ਕਤਰਾਉਣ ਲੱਗੇ ਨੇਤਾ
ਜ਼ਿਕਰਯੋਗ ਹੈ ਕਿ ਟਾਂਡਾ ਉੜਮੁੜ ਦੇ ਇਕ ਪਿੰਡ ਵਿਚ ਬੀਤੀ ਦੁਪਹਿਰ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਕਤਲ ਕੀਤੀ ਗਈ ਇਕ ਔਰਤ ਦੀ ਲਾਸ਼ ਉਸ ਦੇ ਹੀ ਗੁਆਂਢ ਦੇ ਘਰ ਪੇਟੀ ਵਿਚੋਂ ਮਿਲੀ। ਕਤਲ ਕੀਤੀ ਗਈ ਔਰਤ ਆਪਣੇ ਪੇਕੇ ਘਰ ਆਈ ਹੋਈ ਸੀ।
ਉਸ ਦੀ ਲਾਸ਼ ਉਸ ਦੇ ਗੁਆਂਢ ਸ਼ਰੀਕੇ ਵਿਚੋਂ ਭਰਾ ਦੇ ਘਰ ਕਪੜਿਆਂ ਵਾਲੀ ਪੇਟੀ ਵਿੱਚੋਂ ਮਿਲੀ ਹੈ, ਜਿਸ ਵਿਚ ਉਸ ਨੂੰ ਲੁਕੋ ਕੇ ਰੱਖਿਆ ਗਿਆ ਸੀ। ਕਤਲ ਕੀਤੀ ਗਈ ਔਰਤ ਦੇ ਪਿਤਾ ਕਿਸ਼ਨ ਪੁੱਤਰ ਕੁੰਦਨ ਲਾਲ ਨੇ ਦੱਸਿਆ ਕਿ ਉਸ ਦੇ ਭਾਣਜੇ ਕਰਨ ਪੁੱਤਰ ਰਾਜ ਕੁਮਾਰ ਨੇ ਦੁਪਹਿਰ 1 ਵਜੇ ਦੇ ਕਰੀਬ ਉਸ ਨੂੰ ਦੱਸਿਆ ਕਿ ਉਸ ਦਾ ਵੱਡਾ ਭਰਾ ਰਜਿੰਦਰ ਕੁਮਾਰ ਬੰਟੂ ਉਸ ਦਾ ਕਤਲ ਕਰਕੇ ਕਿਸੇ ਵਿਅਕਤੀ ਨਾਲ ਮੋਟਰਸਾਈਕਲ ’ਤੇ ਫਰਾਰ ਹੋ ਗਿਆ ਹੈ, ਜਦੋਂ ਉਨ੍ਹਾਂ ਉਸ ਦੇ ਘਰ ਆ ਕੇ ਵਿਆਹੁਤਾ ਦੀ ਭਾਲ ਕੀਤੀ ਤਾਂ ਉਸ ਦੀ ਲਾਸ਼ ਪੇਟੀ ਵਿਚ ਕੱਪੜਿਆਂ ਥੱਲਿਓਂ ਮਿਲੀ |
ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੀ ਟਾਂਡਾ ਪੁਲਸ ਦੀ ਟੀਮ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕੀਤੀ। ਥਾਣਾ ਮੁਖੀ ਟਾਂਡਾ ਐੱਸ. ਆਈ. ਮਲਕੀਅਤ ਸਿੰਘ ਨੇ ਦੱਸਿਆ ਕਿ ਟਾਂਡਾ ਪੁਲਸ ਨੇ ਕਤਲ ਕੀਤੀ ਗਈ ਔਰਤ ਦੇ ਪਿਤਾ ਦੇ ਬਿਆਨ ਦੇ ਆਧਾਰ ’ਤੇ ਬੰਟੂ, ਉਸ ਦੇ ਭਰਾ ਅਤੇ ਇਕ ਹੋਰ ਵਿਅਕਤੀ ਖ਼ਿਲਾਫ਼ ਗੈਂਗਰੇਪ ਅਤੇ ਕਤਲ ਦਾ ਮਾਮਲਾ ਦਰਜ ਕੀਤਾ ਹੈ। ਥਾਣਾ ਮੁਖੀ ਨੇ ਦੱਸਿਆ ਕਿ ਆਪਣੇ ਬਿਆਨ ਵਿਚ ਕਿਸ਼ਨ ਨੇ ਦੋਸ਼ ਲਾਇਆ ਕਿ ਤਿੰਨਾਂ ਮੁਲਜ਼ਮਾਂ ਨੇ ਉਸ ਦੀ ਧੀ ਨਾਲ ਗੈਂਗਰੇਪ ਕਰਨ ਤੋਂ ਬਾਅਦ ਉਸ ਦਾ ਕਤਲ ਕੀਤਾ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਤਾ ਲਾਇਆ ਜਾ ਰਿਹਾ ਹੈ ਕਿ ਜੋਤੀ ਦਾ ਕਤਲ ਕਿਹੜੇ ਹਾਲਾਤ ਵਿਚ ਹੋਇਆ ਹੈ।
ਇਹ ਵੀ ਪੜ੍ਹੋ : ਭੁਲੱਥ: ਅਮਰੀਕਾ ਤੋਂ ਆਈ ਖ਼ਬਰ ਨੇ ਘਰ 'ਚ ਵਿਛਾਏ ਸੱਥਰ, ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਪੁੱਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।