ਸੱਸ ਦੀ ਹੱਤਿਆ ਲਈ ਨੌਜਵਾਨ ਨੂੰ ਦਿੱਤੇ 1500 ਰੁਪਏ ਤੇ ਇਕ ਬਰਗਰ ਖੁਆਇਆ

04/01/2019 5:09:15 PM

ਫਗਵਾੜਾ (ਜਲੋਟਾ, ਹਰਜੋਤ)— ਫਗਵਾੜਾ 'ਚ ਭਾਰੀ ਚਰਚਾ ਤੇ ਖੌਫ ਦਾ ਸਬਬ ਬਣਿਆ ਕੋਠੀ ਨੰ. 534-ਬੀ 'ਚ ਹੋਇਆ ਬਜ਼ੁਰਗ ਔਰਤ ਸਤਨਾਮ ਕੌਰ ਪਤਨੀ ਸਵ. ਬਲਦੇਵ ਸਿੰਘ ਹੱਤਿਆ ਕਾਂਡ ਦੀ ਬੁਝਾਰਤ ਸੁਲਝ ਗਈ ਹੈ। ਬਜ਼ੁਰਗ ਔਰਤ ਦੀ ਹੱਤਿਆ ਉਸ ਦੀ ਨੂੰਹ ਵੱਲੋਂ ਹੀ ਕੀਤੀ ਗਈ। ਦੱਸਿਆ ਜਾ ਰਿਹਾ ਹੈ ਨੂੰਹ ਨੇ ਪਲਾਨ ਦੇ ਤਹਿਤ ਨੌਜਵਾਨ ਨੂੰ 1500 ਰੁਪਏ ਦਿੱਤੇ ਅਤੇ ਬਰਗਰ ਵੀ ਖੁਆਇਆ।
ਹੱਤਿਆ ਕਾਂਡ ਸਬੰਧੀ ਐੱਸ. ਪੀ. ਫਗਵਾੜਾ ਮਨਦੀਪ ਸਿੰਘ ਨੇ ਐੱਸ. ਐੱਚ. ਓ. ਸਤਨਾਮਪੁਰਾ ਓਂਕਾਰ ਸਿੰਘ ਦੀ ਮੌਜੂਦਗੀ ਵਿਚ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਹੱਤਿਆ ਦਾ ਸ਼ਿਕਾਰ ਬਣੀ ਸਤਨਾਮ ਕੌਰ ਦੀ ਹੱਤਿਆ ਉਸ ਦੀ ਪਿੰਡ ਦਾਦੂਵਾਲ 'ਚ ਰਹਿੰਦੀ ਸਕੀ ਨੂੰਹ ਨੇ ਹੀ ਆਪਣੇ ਸਾਥੀ ਨਾਲ ਮਿਲ ਕੇ ਕੀਤੀ ਸੀ। ਉਨ੍ਹਾਂ ਦੱਸਿਆ ਕਿ ਪੁਲਸ ਨੇ ਦੋਵਾਂ ਮੁਲਜ਼ਮਾਂ ਜਿਨ੍ਹਾਂ ਦੀ ਪਛਾਣ ਹਰਜੋਤ ਕੌਰ (ਨੂੰਹ) ਪਤਨੀ ਜਗਮੋਹਨ ਸਿੰਘ ਵਾਸੀ ਦਾਦੂਵਾਲ ਜ਼ਿਲਾ ਜਲੰਧਰ ਤੇ ਇਸ ਦੇ ਸਾਥੀ ਮੁਲਜ਼ਮ ਵਿਕਰਮ ਸਿੰਘ ਉਰਫ ਵਿੱਕੀ ਪੁੱਤਰ ਹਰਜੀਤ ਸਿੰਘ ਵਾਸੀ ਪਿੰਡ ਸਮਰਾਵਾਂ ਜ਼ਿਲਾ ਜਲੰਧਰ ਹੈ, ਨੂੰ ਗ੍ਰਿਫਤਾਰ ਕਰਕੇ ਇਨ੍ਹਾਂ ਤੋਂ ਹੱਤਿਆ 'ਚ ਵਰਤੀ ਐਕਟਿਵਾ, ਜਿਸ ਵਿਚ ਸਵਾਰ ਹੋ ਕੇ ਇਹ ਸਤਨਾਮ ਕੌਰ ਦੀ ਕੋਠੀ ਵਿਚ ਪਹੁੰਚੇ ਸਨ, ਨੂੰ ਬਰਾਮਦ ਕਰ ਲਿਆ ਹੈ।
ਮੁਲਜ਼ਮ ਨੂੰਹ ਹਰਜੋਤ ਕੌਰ ਬੀਤੇ ਲੰਮੇ ਸਮੇਂ ਤੋਂ ਕਰਜ਼ੇ ਦੇ ਬੋਝ ਹੇਠ ਦੱਬੀ ਹੋਈ ਸੀ। ਉਸ ਨੇ ਮ੍ਰਿਤਕਾ ਸਤਨਾਮ ਕੌਰ ਦੀ ਪਟੇ 'ਤੇ ਦਿੱਤੀ ਹੋਈ ਜ਼ਮੀਨ ਦੀ ਦੇਖਭਾਲ ਕਰਦੇ ਮੁਲਜ਼ਮ ਵਿਕਰਮ ਸਿੰਘ ਉਰਫ ਵਿੱਕੀ ਨੂੰ ਆਪਣੇ ਪੱਖ ਵਿਚ ਕੀਤਾ ਅਤੇ 29 ਮਾਰਚ ਨੂੰ ਦੁਪਹਿਰ 12.30 ਵਜੇ ਸਤਨਾਮ ਕੌਰ ਦੀ ਗਲਾ ਘੁੱਟ ਕੇ ਉਸ ਦੀ ਹੱਤਿਆ ਕਰ ਦਿੱਤੀ। ਹਰਜੋਤ ਕੌਰ ਨੂੰ ਉਮੀਦ ਸੀ ਕਿ ਸਤਨਾਮ ਕੌਰ ਦੀ ਮੌਤ ਹੋਣ ਤੋਂ ਬਾਅਦ ਉਸ ਦੀ ਸਾਰੀ ਪ੍ਰਾਪਰਟੀ ਅਤੇ ਨਕਦੀ ਉਸ ਦੇ ਨਾਂ ਹੋ ਜਾਵੇਗੀ। ਮੁਲਜ਼ਮ ਹਤਿਆਰਾ ਵਿਕਰਮ ਸਿੰਘ ਉਰਫ ਵਿੱਕੀ ਹਰਜੋਤ ਕੌਰ ਦੇ ਕਹਿਣ 'ਚ ਸੀ ਅਤੇ ਨਸ਼ੇ ਦਾ ਆਦਿ ਸੀ। ਉਸ ਦੀ ਇਸ ਕਮਜ਼ੋਰੀ ਦਾ ਲਾਭ ਲੈ ਕੇ ਹਰਜੋਤ ਕੌਰ ਨੇ ਉਸ ਨੂੰ ਆਪਣੇ ਨਾਲ ਮਿਲਾ ਲਿਆ। ਹੱਤਿਆ ਕਰਨ ਤੋਂ ਬਾਅਦ ਦੋਵੇਂ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ ਪਰ ਇਨ੍ਹਾਂ ਦੇ ਉਥੇ ਆਉਣ 'ਤੇ ਕੋਠੀ ਨੰਬਰ 534-ਬੀ ਆਦਰਸ਼ ਨਗਰ 'ਚ ਆਉਣ ਤੋਂ ਲੈ ਕੇ ਜਾਣ ਤਕ ਸਾਰੀ ਹਰਕਤ ਇਲਾਕੇ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਈ, ਜਿਸ ਦੇ ਆਧਾਰ 'ਤੇ ਪੁਲਸ ਨੇ ਜਦੋਂ ਇਨ੍ਹਾਂ ਨੂੰ ਫੜ ਕੇ ਸਖਤੀ ਨਾਲ ਪੁੱਛਗਿਛ ਕੀਤੀ ਤਾਂ ਇਨ੍ਹਾਂ ਨੇ ਹੱਤਿਆ ਕਰਨੀ ਕਬੂਲ ਕੀਤੀ। ਥਾਣਾ ਸਤਨਾਮਪੁਰ ਪੁਲਸ ਦੋਵੇਂ ਮੁਲਜ਼ਮਾਂ ਨੂੰ 1 ਅਪ੍ਰੈਲ ਨੂੰ ਅਦਾਲਤ 'ਚ ਪੇਸ਼ ਕੀਤਾ ਜਾਣਾ ਹੈ। 
ਮੇਰੀ ਸੱਸ ਇਸ ਦੇ ਕਾਬਲ ਸੀ, ਮੇਰੇ ਅਤੇ ਮੇਰੀ ਬੇਟੀ ਦੇ ਚਰਿੱਤਰ 'ਤੇ ਕਰਦੀ ਸੀ ਗਲਤ ਗੱਲਾਂ : ਹਰਜੋਤ ਕੌਰ
ਇਸ ਘਟਨਾ ਦਾ ਖੁਲਾਸਾ ਤਾਂ ਫਗਵਾੜਾ ਪੁਲਸ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਰ ਦਿੱਤਾ ਹੈ ਪਰ ਇਹ ਹੱਤਿਆ ਕਿਸ ਤਰ੍ਹਾਂ ਪਲਾਨ ਹੋਈ ਅਤੇ ਇਸ ਦੇ ਪਿੱਛੇ ਉਹ ਪਰਿਵਾਰਕ ਰਾਜ਼ ਕਿਹੜੇ ਸਨ ਜਿਸ ਨੂੰ ਲੈ ਕੇ ਨੂੰਹ ਨੇ ਆਪਣੀ ਸੱਸ ਸਤਨਾਮ ਕੌਰ ਦੀ ਹੱਤਿਆ ਕਰ ਦਿੱਤੀ। ਇਸ ਦੇ ਤੱਥ 'ਜਗ ਬਾਣੀ' ਵੱਲੋਂ ਪਾਠਕਾਂ ਨੂੰ ਦੱਸੇ ਜਾ ਰਹੇ ਹਨ। ਗੱਲ ਭਾਵੇਂ ਹੈਰਾਨ ਕਰਨ ਵਾਲੀ ਲੱਗੇ ਪਰ ਇਹ ਸੱਚ ਹੈ ਕਿ ਮੁਲਜ਼ਮ ਹਰਜੋਤ ਕੌਰ ਦੇ ਮਨ ਵਿਚ ਆਪਣੀ ਸੱਸ ਨੂੰ ਲੈ ਕੇ ਖਟਾਸ ਅਤੇ ਗੁੱਸਾ ਲੰਬੇ ਸਮੇਂ ਤੋਂ ਬਣਿਆ ਹੋਇਆ ਸੀ। ਹਰਜੋਤ ਕੌਰ ਨੇ ਖੁਦ ਦੱਸਿਆ ਕਿ ਉਸ ਨੇ ਹੱਤਿਆ ਦਾ ਪਲਾਨ ਭਾਵੇਂ ਦੋ ਦਿਨ ਪਹਿਲਾਂ ਬਣਾਇਆ ਪਰ ਉਸ ਨੇ ਕੋਠੀ ਦੀ ਰੇਕੀ 2 ਸਾਲ ਪਹਿਲਾਂ ਹੀ ਕਰ ਲਈ ਸੀ ਜਦੋਂ ਉਸ ਦਾ ਪਤੀ ਜਗਮੋਹਨ ਸਿੰਘ ਜੋ ਸਤਨਾਮ ਕੌਰ ਦਾ ਵੱਡਾ ਬੇਟਾ ਜਿਊਂਦਾ ਸੀ, ਉਸ ਨੂੰ ਉਸ ਦੇ ਘਰ ਲੈ ਕੇ ਆਇਆ-ਜਾਇਆ ਕਰਦਾ ਸੀ। ਉਸ ਦੀ ਸੱਸ ਜਗਮੋਹਨ ਦੀ ਮੌਤ ਤੋਂ ਬਾਅਦ ਉਸ ਦੀ ਬੇਟੀ ਤੇ ਉਸ ਦੇ ਚਰਿੱਤਰ 'ਤੇ ਸ਼ੱਕ ਕਰਦੀ ਸੀ ਅਤੇ ਗਲਤ ਗੱਲਾਂ ਪਰਿਵਾਰ ਨਾਲ ਸਬੰਧਤ ਰਿਸ਼ਤੇਦਾਰਾਂ ਨੂੰ ਦੱਸਦੀ ਸੀ, ਜਿਸ ਤੋਂ ਉਹ ਬੇਹੱਦ ਦੁਖੀ ਸੀ। ਸਿਰਫ 15 ਦਿਨ ਪਹਿਲਾਂ ਹੀ ਉਹ ਸਤਨਾਮ ਕੌਰ ਦੇ ਭਰਾ ਨਾਲ ਮਿਲ ਕੇ ਉਸ ਨੂੰ ਸਤਨਾਮ ਕੌਰ ਦੀਆਂ ਹਰਕਤਾਂ ਸਬੰਧੀ ਸ਼ਿਕਾਇਤ ਕਰ ਕੇ ਆਈ ਸੀ। ਉਸ ਨੇ ਮਾਮੇ ਨੂੰ ਤਾਂ ਇਥੋਂ ਤਕ ਕਹਿ ਦਿੱਤਾ ਕਿ ਉਹ ਸਤਨਾਮ ਕੌਰ ਨੂੰ ਸਮਝਾ ਲਵੇ ਨਹੀਂ ਤਾਂ ਉਹ (ਹਰਜੋਤ ਕੌਰ) ਜ਼ਹਿਰ ਖਾ ਕੇ ਆਤਮ ਹੱਤਿਆ ਕਰ ਲਵੇਗੀ।

PunjabKesari
ਸੱਸ ਦੀ ਹੱਤਿਆ ਲਈ ਨੌਜਵਾਨ ਨੂੰ ਦਿੱਤੇ 1500 ਰੁਪਏ ਤੇ ਇਕ ਬਰਗਰ ਖੁਆਇਆ
ਉਸ ਨੇ ਦੱਸਿਆ ਕਿ ਇੰਨਾ ਸਭ ਕੁਝ ਹੋਣ ਦੇ ਬਾਵਜੂਦ ਸਤਨਾਮ ਕੌਰ ਨਹੀਂ ਸੁਧਰੀ। ਫਿਰ ਉਸ ਨੇ 2 ਦਿਨ ਪਹਿਲਾਂ ਉਸ ਦੀ ਹੱਤਿਆ ਦਾ ਪੂਰਾ ਪਲੈਨ ਤਿਆਰ ਕਰਕੇ ਸਾਥੀ ਬਿਕਰਮ ਸਿੰਘ ਨੂੰ ਪੈਸਿਆਂ ਦਾ ਲਾਲਚ ਦੇ ਕੇ ਰਾਜ਼ੀ ਕਰ ਲਿਆ। ਉਸ ਨੇ ਜਦੋਂ ਹੱਤਿਆ ਦਾ ਪਲਾਨ ਬਣਾਇਆ ਤਾਂ ਕੋਠੀ ਦੇ ਕਮਰਿਆਂ ਦੀ ਪੂਰੀ ਜਾਣਕਾਰੀ ਸੀ ਜੋ ਉਸ ਨੇ ਪਹਿਲਾਂ ਹੀ ਰੇਕੀ ਕਰ ਕੇ ਦਿਮਾਗ ਵਿਚ ਰੱਖੀ ਹੋਈ ਸੀ। 29 ਮਾਰਚ ਨੂੰ ਸਵੇਰੇ ਮੁਲਜ਼ਮ ਵਿਕਰਮ ਨੂੰ ਹੱਤਿਆ ਸਬੰਧੀ ਸਾਰਾ ਪਲਾਨ ਦੱਸਿਆ। ਵਿਕਰਮ ਸਿੰਘ ਨੇ ਉਸ ਤੋਂ 500 ਰੁਪਏ ਹੱਤਿਆ ਕਰਨ ਤੋਂ ਪਹਿਲਾਂ ਹੀ ਮੰਗ ਲਏ ਜੋ ਉਸ ਨੇ ਦੇ ਦਿੱਤੇ।
ਇਸ ਤੋਂ ਬਾਅਦ ਉਹ ਉਸ ਨਾਲ ਐਕਟਿਵਾ 'ਤੇ ਸਵਾਰ ਹੋ ਕੇ ਫਗਵਾੜਾ ਪਹੁੰਚੀ ਜਿੱਥੇ ਉਸ ਨੇ ਅਤੇ ਵਿਕਰਮ ਸਿੰਘ ਨੇ ਬਰਗਰ ਖਾਧਾ। ਸਤਨਾਮ ਕੌਰ ਦੁਪਹਿਰ 12 ਵਜੇ ਦੇ ਕਰੀਬ ਕਮਰੇ ਵਿਚ ਇਕੱਲੀ ਸੀ। ਸਤਨਾਮ ਕੌਰ ਉਸ ਨੂੰ ਅਤੇ ਵਿਕਰਮ ਸਿੰਘ ਨੂੰ ਦੇਖ ਕੇ ਹੈਰਾਨ ਹੋ ਗਈ ਅਤੇ ਉਸ ਨੇ ਉਸ ਨੂੰ ਉਥੋਂ ਤੁਰੰਤ ਚਲੇ ਜਾਣ ਲਈ ਕਿਹਾ। ਇਸ ਤੋਂ ਪਹਿਲਾਂ ਕਿ ਉਹ ਸੰੰਭਲਦੀ ਜਾਂ ਰੌਲਾ ਪਾ ਕੇ ਮਦਦ ਲਈ ਗੁਹਾਰ ਲਾਉਂਦੀ, ਉਸ ਨੇ ਪਰਨਾ ਉਸ ਦੇ ਗਲੇ ਵਿਚ ਪਾ ਕੇ ਉਸ ਦਾ ਗਲਾ ਘੁੱਟਣਾ ਸ਼ੁਰੂ ਕਰ ਦਿੱਤਾ ਜਦ ਕਿ ਵਿਕਰਮ ਸਿੰਘ ਨੇ ਉਸ ਦੇ ਮੂੰਹ 'ਤੇ ਦਬਾਅ ਬਣਾਈ ਰੱਖਿਆ।
ਸਤਨਾਮ ਕੌਰ ਦੇ ਮਰ ਜਾਣ ਤੋਂ ਬਾਅਦ ਉਹ ਫਰਾਰ ਹੋ ਗਏ। ਇਸ ਦੌਰਾਨ ਉਨ੍ਹਾਂ ਨੇ ਕਿਸੇ ਨੇ ਵੀ ਨਹੀਂ ਦੇਖਿਆ। ਇਸ ਤੋਂ ਬਾਅਦ ਦੋਸ਼ੀ ਵਿਕਰਮ ਨੇ ਤੈਅਸ਼ੁਦਾ ਗੱਲ ਦੇ ਤਹਿਤ (ਹੱਤਿਆ ਤੋਂ ਬਾਅਦ) ਉਸ ਤੋਂ ਬਾਕੀ ਦੇ 1000 ਰੁਪਏ ਮੰਗੇ ਜੋ ਉਸ ਨੇ ਦੇ ਦਿੱਤੇ। ਇਸ ਤਰ੍ਹਾਂ ਉਸ ਨੇ ਵਿਕਰਮ ਸਿੰਘ ਨੂੰ ਹੱਤਿਆ ਕਾਂਡ 'ਚ ਭਾਈਵਾਲ ਬਣਨ ਤੇ ਸਹਿਯੋਗ ਦੇਣ ਲਈ ਕੁਲ 1500 ਰੁਪਏ ਅਤੇ ਇਕ ਬਰਗਰ ਖੁਆਇਆ ਹੈ। ਉਸ ਨੂੰ ਅਫਸੋਸ ਹੈ ਕਿ ਉਸ ਨੇ ਆਪਣੀ ਸੱਸ ਸਤਨਾਮ ਕੌਰ ਦੀ ਹੱਤਿਆ ਕਰ ਦਿੱਤੀ ਹੈ ਪਰ ਉਹ ਇਸੇ ਦੇ ਕਾਬਲ ਸੀ।
ਹੱਤਿਆ ਤੋਂ ਬਾਅਦ ਕਮਰੇ 'ਚ ਲੁੱਟ ਨਾ ਹੋਣਾ ਬਣਿਆ ਅਹਿਮ ਸੁਰਾਗ : ਐੱਸ. ਪੀ.
ਐੱਸ. ਪੀ. ਮੰਦੀਪ ਸਿੰਘ ਨੇ ਦੱਸਿਆ ਕਿ ਹੱਤਿਆ ਕਾਂਡ ਦੀ ਗੁੱਥੀ ਨੂੰ ਸੁਲਝਾਉਣ ਲਈ ਇਕ ਪਾਸੇ ਜਿਥੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਦੋਸ਼ੀ ਹਤਿਆਰਿਆਂ ਦਾ ਇਲਾਕੇ ਵਿਚ ਆਉਣਾ ਸਹਿਮ ਸੁਰਾਗ ਬਣਿਆ, ਉਥੇ ਜਿਸ ਢੰਗ ਨਾਲ ਹੱਤਿਆ ਕਰਕੇ ਸਤਨਾਮ ਕੌਰ ਨੂੰ ਬੈੱਡ 'ਤੇ ਸੁਟਿਆ ਗਿਆ ਅਤੇ ਮੌਕੇ 'ਤੇ ਕਿਸੇ ਵੀ ਤਰ੍ਹਾਂ ਦੀ ਕੋਈ ਲੁੱਟ ਨਾ ਹੋਣਾ ਪੁਲਸ ਜਾਂਚ ਵਿਚ ਅਹਿਮ ਸੁਰਾਗ ਬਣਿਆ, ਜਿਸ ਨੂੰ ਆਧਾਰ ਬਣਾ ਕੇ ਉਕਤ ਹੱਤਿਆ ਕਾਂਡ ਨੂੰ ਸੁਲਝਾਇਆ ਗਿਆ।
ਹੱਤਿਆ ਦਾ ਸਟੀਕ ਸਮਾਂ ਕੀ ਸੀ ਇਹ ਅਜੇ ਵੀ ਬੁਝਾਰਤ
ਹੱਤਿਆ ਕਾਂਡ ਦੇ ਸੁਲਝਣ ਤੋਂ ਬਾਅਦ ਵੀ ਆਨ ਰਿਕਾਰਡ ਖੁਲਾਸਾ ਨਹੀਂ ਹੋ ਸਕਿਆ ਹੈ ਕਿ ਦੋਸ਼ੀ ਹੱਤਿਆਰਿਆਂ ਨੇ ਸਤਨਾਮ ਕੌਰ ਦੀ ਹੱਤਿਆ ਕਿੰਨੇ ਵਜੇ ਕੀਤੀ ਸੀ। ਹਾਲਾਂਕਿ ਇਸ ਨੂੰ ਲੈ ਕੇ ਅਨੁਮਾਨ ਲਗਾਏ ਜਾ ਰਹੇ ਹਨ ਕਿ ਹੱਤਿਆ 12.30 ਵਜੇ ਦੇ ਕਰੀਬ ਹੋਈ ਹੈ। ਜਦ ਐੱਸ. ਪੀ. ਮੰਦੀਪ ਸਿੰਘ ਨੂੰ ਇਸ ਸਬੰਧੀ ਸਵਾਲ ਕੀਤੇ ਗਏ ਤਾਂ ਉਨ੍ਹਾਂ ਕਿਹਾ ਕਿ ਹੱਤਿਆ ਕਾਂਡ ਦੀ ਜਾਂਚ ਜਾਰੀ ਹੈ। ਸਟੀਕ ਸਮੇਂ ਦਾ ਖੁਲਾਸਾ ਜਾਂਚ ਪੂਰੀ ਹੋਣ ਤੋਂ ਬਾਅਦ ਲਾਸ਼ ਦਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੋ ਸਕੇਗਾ।
ਜੇ ਕਿਰਾਏਦਾਰ ਸਤਨਾਮ ਕੌਰ ਦੇ ਕਮਰੇ ਵਿਚ ਨਾ ਆਉਂਦਾ ਤਾਂ ਹੱਤਿਆ ਦਾ ਨਾ ਲੱਗਦਾ ਪਤਾ
ਹੱਤਿਆ ਕਾਂਡ ਦੀ ਬੁਝਾਰਤ ਸੁਲਝਣ ਤੋਂ ਬਾਅਦ ਇਹ ਤੱਥ ਵੀ ਸਾਫ ਹੋ ਗਿਆ ਹੈ ਕਿ ਜਦ ਕਿਰਾਏਦਾਰ ਟੀਚਰ ਸੰਦੀਪ ਸ਼ਰਮਾ 29 ਮਾਰਚ ਨੂੰ ਸ਼ਾਮ ਦੇ ਸਮੇਂ ਮੋਬਾਈਲ 'ਤੇ ਫੋਨ ਕਰ ਰਿਹਾ ਸੀ ਤਦ ਮ੍ਰਿਤਕਾ ਦੀ ਲਾਸ਼ ਕਮਰੇ ਵਿਚ ਪਈ ਹੋਈ ਸੀ, ਕਿਉਂਕਿ ਦੋਸ਼ੀ ਹਤਿਆਰੇ ਉਸ ਦੀ ਹੱਤਿਆ ਕਰ ਕੇ ਉਥੇ ਫਰਾਰ ਹੋ ਚੁੱਕੇ ਸੀ।
ਪੁਲਸ ਜਾਂਚ ਵਿਚ ਇਹ ਵੀ ਸਾਫ ਹੋਇਆ ਹੈ ਕਿ ਜੇ ਕਿਸੇ ਕਾਰਨ ਕਿਰਾਏਦਾਰ ਸੰਦੀਪ ਸ਼ਰਮਾ 30 ਮਾਰਚ ਨੂੰ ਸਵੇਰੇ ਸਤਨਾਮ ਕੌਰ ਦੇ ਕਮਰੇ ਵਿਚ ਨਾ ਜਾਂਦਾ ਤਾਂ ਉਸ ਦੀ ਹੱਤਿਆ ਹੋਣ ਦੀ ਗੱਲ ਦੱਬੀ ਰਹਿ ਜਾਂਦੀ ਅਤੇ ਇਸ ਦਾ ਖੁਲਾਸਾ ਤਦ ਹੁੰਦਾ ਜਦ ਲਾਸ਼ ਤੋਂ ਬਦਬੂ ਆਉਣ ਲੱਗਦੀ।
ਭਰਾ ਰਜਿੰਦਰ ਸਿੰਘ ਦਾ ਖੁਲਾਸਾ ਸਹੀ ਸਾਬਤ ਹੋਇਆ
ਹੱਤਿਆ ਕਾਂਡ ਨੂੰ ਸੁਲਝਾਉਣ 'ਚ ਮ੍ਰਿਤਕਾ ਸਤਨਾਮ ਕੌਰ ਦੇ ਭਰਾ ਰਜਿੰਦਰ ਸਿੰਘ ਦਾ ਖੁਲਾਸਾ ਅਹਿਮ ਰਿਹਾ ਹੈ। ਦੱਸ ਦੇਈਏ ਕਿ 'ਜਗ ਬਾਣੀ' ਵੱਲੋਂ 31 ਮਾਰਚ ਦੇ ਅੰਕ ਵਿਚ ਸਾਫ ਤੌਰ 'ਤੇ ਇਸ਼ਾਰਾ ਦਿੱਤਾ ਗਿਆ ਸੀ ਕਿ ਹੱਤਿਆਕਾਂਡ ਦੇ ਪਿੱਛੇ ਜ਼ਮੀਨ ਦਾ ਵਿਵਾਦ ਹੈ ਅਤੇ ਮ੍ਰਿਤਕਾ ਦੀ ਕਰੀਬੀ ਮਹਿਲਾ ਰਿਸ਼ਤੇਦਾਰ ਦੀ ਭੂਮਿਕਾ ਸ਼ੱਕੀ ਹੈ। ਇਹ ਤੱਥ ਮ੍ਰਿਤਕਾ ਦੇ ਭਰਾ ਰਜਿੰਦਰ ਸਿੰਘ ਨੇ ਪੁਲਸ ਨੂੰ ਦਿੱਤੇ ਸੀ, ਜਿਸ ਤੋਂ ਬਾਅਦ ਹੀ ਪੁਲਸ ਨੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਸਤਨਾਮ ਕੌਰ ਦੀ ਹੱਤਿਆ ਦੀ ਨੂੰਹ ਹਰਜੋਤ ਕੌਰ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਸੀ।


shivani attri

Content Editor

Related News