ਵਿਆਹ ਵਾਲੇ ਘਰ ਕੰਮ ਕਰਨ ਗਈ ਔਰਤ ਨੂੰ ਪਿੱਟਬੁੱਲ ਕੁੱਤਿਆਂ ਨੇ ਵੱਢਿਆ, ਹਾਲਤ ਨਾਜ਼ੁਕ (ਵੀਡੀਓ)

Saturday, Dec 09, 2023 - 03:21 PM (IST)

ਵਿਆਹ ਵਾਲੇ ਘਰ ਕੰਮ ਕਰਨ ਗਈ ਔਰਤ ਨੂੰ ਪਿੱਟਬੁੱਲ ਕੁੱਤਿਆਂ ਨੇ ਵੱਢਿਆ, ਹਾਲਤ ਨਾਜ਼ੁਕ (ਵੀਡੀਓ)

ਖਰੜ (ਗਗਨਦੀਪ) : ਸਥਾਨਕ ਸ਼ਹਿਰ ਦੇ ਗੁਰੂ ਤੇਗ ਬਹਾਦਰ ਨਗਰ ’ਚ ਇਕ ਵਿਆਹ ਵਾਲੇ ਘਰ ’ਚ ਕੰਮ ਕਰਨ ਗਈ ਔਰਤ ਨੂੰ 2 ਪਿੱਟਬੁੱਲ ਕੁੱਤਿਆਂ ਨੇ ਬੁਰੀ ਤਰ੍ਹਾਂ ਨੋਚ ਕੇ ਗੰਭੀਰ ਰੂਪ ’ਚ ਜ਼ਖਮੀ ਕਰ ਦਿੱਤਾ। ਸਿਵਲ ਹਸਪਤਾਲ ਖਰੜ ਵਿਖੇ ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਜ਼ਖਮੀ ਔਰਤ ਦੇ ਪਤੀ ਕੱਲੂ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਮੰਡੇਰ ਨਗਰ ਵਿਖੇ ਰਹਿੰਦਾ ਹੈ ਅਤੇ ਉਸ ਦੀ ਪਤਨੀ ਲੋਕਾਂ ਦੇ ਘਰਾਂ ’ਚ ਕੰਮਕਾਰ ਕਰਦੀ ਹੈ ਅਤੇ ਉਸ ਦੀ ਪਤਨੀ ਰਾਖੀ ਗੁਰੂ ਤੇਗ ਬਹਾਦਰ ਨਗਰ ’ਚ ਇਕ ਪਰਿਵਾਰ ਦੇ ਰੱਖੇ ਗਏ ਵਿਆਹ ਸਮਾਗਮ ਵਿਚ ਕੰਮ ਕਰਨ ਲਈ ਗਈ ਸੀ। ਬੀਤੀ ਸਵੇਰੇ ਬਰਾਤ ਜਾਣ ਤੋਂ ਬਾਅਦ ਉਹ ਘਰੇ ਆ ਗਈ ਅਤੇ ਸ਼ਾਮੀਂ ਜਦੋਂ 4 ਵਜੇ ਉਹ ਦੁਬਾਰਾ ਵਿਆਹ ਵਾਲੇ ਘਰ ਕੰਮ ਕਰਨ ਗਈ ਤਾਂ ਘਰ ਵਿਚ ਰੱਖੇ 2 ਪਿੱਟਬੁੱਲ ਕੁੱਤਿਆਂ ਨੇ ਉਸ ’ਤੇ ਹਮਲਾ ਕਰ ਦਿੱਤਾ।

ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ ਨੂੰ ਭਲਕੇ ਮਿਲਣ ਜਾ ਰਿਹਾ ਵੱਡਾ ਤੋਹਫ਼ਾ, ਸ਼ੁਰੂ ਕੀਤੀ ਜਾਵੇਗੀ ਇਹ ਸਕੀਮ

ਗੁਆਂਢੀਆਂ ਨੇ ਬੜੀ ਮੁਸ਼ੱਕਤ ਨਾਲ ਛੁਡਵਾਇਆ
ਪਿੱਟਬੁੱਲ ਕੁੱਤਿਆਂ ਨੇ ਉਸ ਦੇ ਮੂੰਹ ’ਤੇ ਹਮਲਾ ਕੀਤਾ ਅਤੇ ਇਕ ਕੁੱਤਾ ਉਸਦੀਆਂ ਲੱਤਾਂ ਨੂੰ ਪੈ ਗਿਆ। ਇਕ ਕੁੱਤੇ ਨੇ ਉਸ ਦੇ ਜਬਾੜੇ ਨੂੰ ਆਪਣੇ ਮੂੰਹ ’ਚ ਬੜੀ ਬੁਰੀ ਤਰ੍ਹਾਂ ਜਕੜ ਲਿਆ ਅਤੇ ਘੱਟੋ-ਘੱਟ ਇਕ ਘੰਟਾ ਉਹ ਕੁੱਤਿਆਂ ਤੋਂ ਆਪਣੇ-ਆਪ ਨੂੰ ਛੁਡਵਾਉਣ ਲਈ ਜੱਦੋ-ਜਹਿਦ ਕਰਦੀ ਰਹੀ। ਉਸ ਨੇ ਦੱਸਿਆ ਕਿ ਉਸ ਦੀ ਪਤਨੀ ਵਲੋਂ ਰੌਲਾ ਪਾਉਣ ’ਤੇ ਗੁਆਂਢੀਆਂ ਵਲੋਂ ਬੜੀ ਮੁਸ਼ੱਕਤ ਨਾਲ ਇਕ ਘੰਟੇ ਮਗਰੋਂ ਉਸ ਦੀ ਪਤਨੀ ਨੂੰ ਕੁੱਤਿਆਂ ਦੇ ਚੁੰਗਲ ਵਿਚੋਂ ਛੁਡਵਾਇਆ ਗਿਆ ਪਰ ਉਸ ਸਮੇਂ ਤੱਕ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਚੁੱਕੀ ਸੀ।

ਇਹ ਵੀ ਪੜ੍ਹੋ : ਲੁਧਿਆਣਾ 'ਚ ਨੈਸ਼ਨਲ ਹਾਈਵੇਅ 'ਤੇ ਲੱਗਾ ਭਾਰੀ ਜਾਮ, ਐਂਬੂਲੈਂਸ ਸਣੇ ਫਸੀਆਂ ਗੱਡੀਆਂ (ਤਸਵੀਰਾਂ)
ਮੂੰਹ, ਲੱਤਾਂ ਤੇ ਬਾਹਾਂ ’ਤੇ ਮਾਰੇ ਦੰਦ ਮਾਰੇ
ਉਸ ਨੇ ਦੱਸਿਆ ਕਿ ਕੁੱਤਿਆਂ ਨੇ ਉਸ ਦੀ ਪਤਨੀ ਦੇ ਮੂੰਹ, ਲੱਤਾਂ ਤੇ ਬਾਹਾਂ ’ਤੇ ਕਈ ਦੰਦ ਮਾਰੇ ਹਨ ਪਰ ਜ਼ਿਆਦਾ ਜ਼ਖਮ ਉਸ ਦੇ ਮੂੰਹ ’ਤੇ ਹੈ। ਇਸ ਸਬੰਧੀ ਸਿਵਲ ਹਸਪਤਾਲ ਵਿਚ ਡਿਊਟੀ ’ਤੇ ਮੌਜੂਦ ਡਾ. ਈਸ਼ਾਨ ਸ਼ਰਮਾ ਨੇ ਦੱਸਿਆ ਕਿ ਪੀੜਤ ਔਰਤ ਰਾਖੀ ਨੂੰ ਕੁੱਤਿਆਂ ਨੇ ਬੜੀ ਬੁਰੀ ਤਰ੍ਹਾਂ ਨੋਚਿਆ ਹੈ ਅਤੇ ਉਸ ਦੇ ਮੂੰਹ ’ਤੇ ਕਾਫ਼ੀ ਡੂੰਘਾ ਜ਼ਖਮ ਹੈ ਅਤੇ ਲੱਤਾਂ, ਬਾਹਾਂ ’ਤੇ ਵੀ ਦੰਦਾਂ ਦੇ ਨਿਸ਼ਾਨ ਹਨ। ਇਸ ਲਈ ਉਸ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਮੋਹਾਲੀ ਫੇਜ਼-6 ਦੇ ਹਸਪਤਾਲ ਵਿਖੇ ਰੈਫ਼ਰ ਕੀਤਾ ਗਿਆ। ਇਸ ਘਟਨਾ ਸਬੰਧੀ ਜਦੋਂ ਪਿੱਟਬੁੱਲ ਕੁੱਤਿਆਂ ਦੇ ਮਾਲਕ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਘਰ ਵਿਆਹ ਸੀ ਤੇ ਉਹ ਹੁਣੇ ਬਰਾਤ ਤੋਂ ਵਾਪਸ ਆਏ ਹਨ ਤੇ ਇਸ ਘਟਨਾ ਸਬੰਧੀ ਪਤਾ ਲੱਗਾ ਹੈ। ਉਨ੍ਹਾਂ ਦੱਸਿਆ ਕਿ ਇਹ ਪਾਲਤੂ ਕੁੱਤਿਆਂ ਦਾ ਜੋੜਾ ਹੈ, ਜੋ ਅਚਾਨਕ ਹੀ ਕਿਸੇ ਤਰੀਕੇ ਨਾਲ ਖੁੱਲ ਗਏ। ਉਨ੍ਹਾਂ ਕਿਹਾ ਕਿ ਉਹ ਜ਼ਖਮੀਂ ਹੋਈ ਔਰਤ ਰਾਖੀ ਕੋਲ ਹਸਪਤਾਲ ਜਾ ਰਹੇ ਹਨ ਅਤੇ ਉਹ ਉਸ ਦਾ ਸਾਰਾ ਇਲਾਜ ਕਰਵਾਉਣਗੇ। ਇੱਥੇ ਦੱਸਣਯੋਗ ਹੈ ਕਿ ਬੀਤੇ ਦਿਨੀਂ ਮਾਣਯੋਗ ਹਾਈਕੋਰਟ ਵਲੋਂ ਇਕ ਹੁਕਮ ਜਾਰੀ ਕੀਤੇ ਗਏ ਸਨ ਕਿ ਕੁੱਤਿਆਂ ਦੇ ਕੱਟਣ ’ਤੇ ਪੀੜਤ ਨੂੰ ਪ੍ਰਤੀ ਦੰਦ ਦਾ 10 ਹਜ਼ਾਰ ਰੁਪਏ ਹਰਜਾਨਾ ਕੁੱਤੇ ਦੇ ਮਾਲਕ ਵਲੋਂ ਦਿੱਤਾ ਜਾਵੇਗਾ ਅਤੇ ਜੇਕਰ ਅਵਾਰਾ ਕੁੱਤੇ ਵਲੋਂ ਕਿਸੇ ਨੂੰ ਵੱਢਿਆ ਜਾਂਦਾ ਹੈ ਤਾਂ ਸਰਕਾਰ ਵਲੋਂ ਪੀੜਤ ਨੂੰ ਮੁਆਵਜ਼ਾ ਦਿੱਤਾ ਜਾਵੇਗਾ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News