ਔਰਤ ਨੇ ਨਹਿਰ ’ਚ ਛਾਲ ਮਾਰ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼, ਲੋਕਾਂ ਨੇ ਬਚਾਇਆ
Wednesday, Oct 16, 2024 - 05:10 PM (IST)
ਅਬੋਹਰ (ਸੁਨੀਲ) : ਅੱਜ ਸਵੇਰੇ ਨਈ ਅਬਾਦੀ ਇਲਾਕੇ ਦੀ ਰਹਿਣ ਵਾਲੀ ਇਕ ਔਰਤ ਨੇ ਨਹਿਰ 'ਚ ਛਾਲ ਮਾਰ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਆਸ-ਪਾਸ ਦੇ ਲੋਕਾਂ ਨੇ ਸਮੇਂ ਸਿਰ ਬਾਹਰ ਕੱਢ ਲਿਆ ਪਰ ਉਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ। ਜਾਣਕਾਰੀ ਅਨੁਸਾਰ ਨਸੀਬ ਕੌਰ (72) ਵਾਸੀ ਨਵੀ ਅਬਾਦੀ ਨੇ ਅੱਜ ਅਣਪਛਾਤੇ ਕਾਰਨਾਂ ਕਰ ਕੇ ਕੰਧਵਾਲਾ ਰੋਡ ਤੋਂ ਲੰਘਦੀ ਨਹਿਰ ’ਚ ਖ਼ੁਦਕੁਸ਼ੀ ਕਰਨ ਦੇ ਇਰਾਦੇ ਨਾਲ ਛਾਲ ਮਾਰ ਦਿੱਤੀ ਤਾਂ ਆਸ-ਪਾਸ ਦੇ ਲੋਕਾਂ ਨੇ ਉਸ ਨੂੰ ਨਹਿਰ ’ਚ ਡੁੱਬਦੇ ਦੇਖਿਆ ਅਤੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ 108 ਐਂਬੂਲੈਂਸ ਦੇ ਡਰਾਈਵਰਾਂ ਨੂੰ ਵੀ ਸੂਚਿਤ ਕੀਤਾ।
ਇੱਥੇ ਔਰਤ ਦਾ ਭਾਰ ਜ਼ਿਆਦਾ ਹੋਣ ਕਾਰਨ ਔਰਤ ਨੂੰ ਬਾਹਰ ਕੱਢਣ ’ਚ ਕਾਫੀ ਦਿੱਕਤ ਆਈ। ਇਸ ਦੌਰਾਨ 108 ਦੇ ਕਰਮਚਾਰੀ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਦੀ ਮੱਦਦ ਨਾਲ ਔਰਤ ਨੂੰ ਬਾਹਰ ਕੱਢਿਆ। ਜਿਸ ਤੋਂ ਬਾਅਦ ਐਂਬੂਲੈਂਸ ਚਾਲਕਾਂ ਨੇ ਉਸ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ। ਜਿੱਥੇ ਐਮਰਜੈਂਸੀ ’ਚ ਡਾਕਟਰ ਸਨਮਨ ਮਾਂਜੀ ਅਤੇ ਡਾਕਟਰ ਸੁਰੇਸ਼ ਕੰਬੋਜ ਵੱਲੋਂ ਔਰਤ ਦਾ ਇਲਾਜ ਕੀਤਾ ਜਾ ਰਿਹਾ ਹੈ, ਜਿੱਥੇ ਔਰਤ ਦੀ ਹਾਲਤ ਅਜੇ ਵੀ ਨਾਜ਼ੁਕ ਦੱਸੀ ਜਾ ਰਹੀ ਹੈ।