ਪਤੀ ਨਾਲ ਲੜਾਈ ਮਗਰੋਂ 3 ਬੱਚਿਆਂ ਦੀ ਮਾਂ ਨੇ ਨਿਗਲਿਆ ਜ਼ਹਿਰ, ਮੌਤ

Wednesday, Aug 23, 2023 - 01:17 PM (IST)

ਪਤੀ ਨਾਲ ਲੜਾਈ ਮਗਰੋਂ 3 ਬੱਚਿਆਂ ਦੀ ਮਾਂ ਨੇ ਨਿਗਲਿਆ ਜ਼ਹਿਰ, ਮੌਤ

ਲੁਧਿਆਣਾ (ਵੈੱਬ ਡੈਸਕ, ਤਰੁਣ) : ਇੱਥੇ ਰੇਲਵੇ ਕੁਆਰਟਰ 'ਚ ਪਤੀ ਤੋਂ ਦੁਖ਼ੀ ਹੋ ਕੇ 3 ਬੱਚਿਆਂ ਦੀ ਮਾਂ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ। ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਸੂਚਨਾ ਮਿਲਣ ਤੋਂ ਬਾਅਦ ਚੌਂਕੀ ਬੱਸ ਅੱਡੇ ਦੀ ਪੁਲਸ ਮੌਕੇ 'ਤੇ ਪੁੱਜੀ। ਮ੍ਰਿਤਕਾ ਦੀ ਪਛਾਣ ਅਨਾਮਿਕਾ (29) ਵਜੋਂ ਹੋਈ ਹੈ। ਸਬ ਇੰਸਪੈਕਟਰ ਅਵਨੀਤ ਕੌਰ ਨੇ ਦੱਸਿਆ ਕਿ 10 ਸਾਲ ਪਹਿਲਾਂ ਅਨਾਮਿਕਾ ਦਾ ਵਿਆਹ ਅਮਿਤ ਨਾਲ ਹੋਇਆ ਸੀ।

ਅਨਾਮਿਕਾ ਨੇ 3 ਧੀਆਂ ਨੂੰ ਜਨਮ ਦਿੱਤਾ। ਇਸ ਗੱਲ ਨੂੰ ਲੈ ਕੇ ਅਕਸਰ ਉਸ ਦੀ ਪਤੀ ਨਾਲ ਝੜਪ ਹੁੰਦੀ ਸੀ। ਅਨਾਮਿਕਾ ਕਾਫ਼ੀ ਲੰਬੇ ਸਮੇਂ ਤੋਂ ਪਤੀ ਦੀਆਂ ਹਰਕਤਾਂ ਦੇ ਕਾਰਨ ਦੁਖੀ ਸੀ। ਮਾਨਸਿਕ ਰੂਪ ਤੋਂ ਪਰੇਸ਼ਾਨ ਅਨਾਮਿਕਾ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ। ਉਸ ਨੂੰ ਨਿੱਜੀ ਹਸਪਤਾਲ ਦਾਖ਼ਲ ਕਰਾਇਆ ਗਿਆ, ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਅਨਾਮਿਕਾ ਆਪਣੇ ਪਤੀ ਨਾਲ ਰੇਲਵੇ ਕੁਆਰਟਰ 'ਚ ਰਹਿੰਦੀ ਸੀ।

ਅਨਾਮਿਕਾ ਦਾ ਸਹੁਰਾ ਰੇਲਵੇ 'ਚ ਨੌਕਰੀ ਕਰਦਾ ਹੈ। ਉਸ ਦਾ ਪਤੀ ਅਮਿਤ ਕਾਰਪੋਰੇਸ਼ਨ ਵਿਭਾਗ 'ਚ ਨੌਕਰੀ ਕਰਦਾ ਹੈ। ਮ੍ਰਿਤਕਾ ਦੇ ਪੇਕੇ ਹਰਿਆਣਾ ਦੇ ਹਨ। ਮ੍ਰਿਤਕਾ ਦੀ ਮਾਂ ਹਰਿਆਣਾ ਤੋਂ ਲੁਧਿਆਣਾ ਪਹੁੰਚ ਚੁੱਕੀ ਹੈ। ਉਸ ਦੇ ਬਿਆਨ 'ਤੇ ਪੁਲਸ ਨੇ ਮ੍ਰਿਤਕਾ ਦੇ ਪਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ।


author

Babita

Content Editor

Related News