ਇਲਾਜ ਦੌਰਾਨ ਔਰਤ ਦੀ ਭੇਤਭਰੀ ਹਾਲਤ ’ਚ ਮੌਤ
Tuesday, May 09, 2023 - 03:38 PM (IST)
ਕੁਰਾਲੀ (ਬਠਲਾ) : ਸ਼ਹਿਰ ਦੀ ਇਕ ਔਰਤ ਦੀ ਇਲਾਜ ਦੌਰਾਨ ਭੇਤਭਰੀ ਹਾਲਤ ’ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੇ ਪਤੀ ਨੇ ਡਾਕਟਰ ’ਤੇ ਕਥਿਤ ਲਾਪਰਵਾਹੀ ਦਾ ਦੋਸ਼ ਲਾਉਂਦਿਆਂ ਕਾਰਵਾਈ ਅਤੇ ਇਨਸਾਫ਼ ਦੀ ਮੰਗ ਕੀਤੀ ਹੈ। ਇਸ ਸਬੰਧੀ ਸਥਾਨਕ ਵਾਰਡ ਨੰਬਰ-14 ਦੇ ਸੰਜੀਵ ਕੁਮਾਰ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਉਸ ਦੀ ਪਤਨੀ ਸੋਨੀਆ ਵਰਮਾ ਦੇ ਹੱਥਾਂ-ਪੈਰਾਂ 'ਚ ਦਰਦ ਰਹਿੰਦਾ ਸੀ, ਜਿਸ ਕਾਰਨ ਉਹ ਉਸ ਨੂੰ ਸ਼ਹਿਰ ਦੇ ਇਕ ਡਾਕਟਰ ਕੋਲ ਲੈ ਗਿਆ। ਉਸ ਨੇ ਦੱਸਿਆ ਕਿ ਉਸ ਦੀ ਪਤਨੀ ਨੂੰ ਦੇਖ ਕੇ ਡਾਕਟਰ ਨੇ ਉਸ ਨੂੰ ਗੁਲੂਕੋਜ਼ ਲਗਾਉਣ ਲਈ ਕਿਹਾ, ਪਰ ਉਸ ਨੇ ਡਾਕਟਰ ਨੂੰ ਗੁਲੂਕੋਜ਼ ਦੇਣ ਦੀ ਬਜਾਏ ਗੋਲੀਆਂ ਦੇਣ ਲਈ ਕਿਹਾ।
ਉਸ ਨੇ ਦੱਸਿਆ ਕਿ ਡਾਕਟਰ ਨਾ ਮੰਨੇ ਅਤੇ ਉਸ ਨੂੰ ਗੁਲੂਕੋਜ਼ ਦਾ ਟੀਕਾ ਵੀ ਲਾ ਦਿੱਤਾ। ਉਸ ਨੇ ਦੱਸਿਆ ਕਿ ਕੁੱਝ ਸਮੇਂ ਬਾਅਦ ਸੋਨੀਆ ਨੂੰ ਖੰਘ ਸ਼ੁਰੂ ਹੋ ਗਈ ਅਤੇ ਉਸ ਦਾ ਸਾਹ ਰੁਕ ਗਿਆ। ਸੋਨੀਆ ਦੀ ਹਾਲਤ ਨੂੰ ਦੇਖਦੇ ਹੋਏ ਡਾਕਟਰ ਨੇ ਉਸ ਦੀਆਂ ਨਾੜੀਆਂ ’ਚ 2 ਟੀਕੇ ਲਗਾ ਦਿੱਤੇ, ਪਰ ਇਸ ਤੋਂ ਬਾਅਦ ਸੋਨੀਆ ਦੀ ਹਾਲਤ ਵਿਗੜ ਗਈ ਅਤੇ ਡਾਕਟਰ ਨੇ ਉਸ ਨੂੰ ਕਿਸੇ ਹੋਰ ਹਸਪਤਾਲ 'ਚ ਸ਼ਿਫਟ ਕਰਨ ਲਈ ਕਿਹਾ। ਇਸ ਤੋਂ ਬਾਅਦ ਉਹ ਤੁਰੰਤ ਆਪਣੀ ਪਤਨੀ ਨੂੰ ਸ਼ਹਿਰ ਦੇ ਇਕ ਨਿੱਜੀ ਹਸਪਤਾਲ ਲੈ ਗਿਆ, ਜਿੱਥੇ ਡਾਕਟਰਾਂ ਨੇ ਸੋਨੀਆ ਨੂੰ ਮ੍ਰਿਤਕ ਐਲਾਨ ਦਿੱਤਾ। ਸੰਜੀਵ ਕੁਮਾਰ ਨੇ ਡਾਕਟਰ ’ਤੇ ਲਾਪਰਵਾਹੀ ਦਾ ਦੋਸ਼ ਲਾਉਂਦਿਆਂ ਕਾਰਵਾਈ ਦੀ ਮੰਗ ਕੀਤੀ ਹੈ।
ਸਥਾਨਕ ਥਾਣਾ ਸਿਟੀ ਦੇ ਐੱਸ. ਐੱਚ. ਓ. ਗਗਨਦੀਪ ਸਿੰਘ ਨੇ ਦੱਸਿਆ ਕਿ ਸੋਨੀਆ ਵਰਮਾ ਦੀ ਮੌਤ ਸਬੰਧੀ ਸ਼ਿਕਾਇਤ ਪ੍ਰਾਪਤ ਹੋਈ ਹੈ। ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਕਬਜ਼ੇ ’ਚ ਲੈ ਕੇ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵਲੋਂ ਗਠਿਤ ਡਾਕਟਰਾਂ ਦੀ ਵਿਸ਼ੇਸ਼ ਟੀਮ ਵਲੋਂ ਉਸ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ ਅਤੇ ਅਗਲੀ ਕਾਰਵਾਈ ਕੀਤੀ ਜਾਵੇਗੀ।