ਸਰਕਾਰੀ ਡਿਸਪੈਂਸਰੀ ''ਚ ਸੀਜੇਰੀਅਨ ਦੌਰਾਨ ਔਰਤ ਦੀ ਕਿਡਨੀ ਕੱਢੀ, ਹੁਣ...
Saturday, Feb 03, 2018 - 11:42 AM (IST)
ਚੰਡੀਗੜ੍ਹ (ਬਰਜਿੰਦਰ) : ਮਨੀਮਾਜਰਾ ਦੀ ਸਰਕਾਰੀ ਡਿਸਪੈਂਸਰੀ 'ਚ ਸਿਜ਼ੇਰੀਅਨ ਰਾਹੀਂ ਬੱਚੇ ਨੂੰ ਜਨਮ ਦੇਣ ਵਾਲੀ ਔਰਤ ਦੀ ਕਿਡਨੀ ਕਥਿਤ ਰੂਪ ਨਾਲ ਕੱਢੇ ਜਾਣ ਦੇ ਮਾਮਲੇ 'ਚ ਔਰਤ ਦੀ ਜਾਂਚ ਲਈ ਜੀ. ਐੱਮ. ਸੀ. ਐੱਚ.-32, ਪੀ. ਜੀ. ਆਈ. ਤੇ ਜੀ. ਐੱਮ. ਐੱਸ. ਐੱਚ.-16 ਦੇ ਡਾਕਟਰਾਂ ਦਾ ਇਕ ਮੈਡੀਕਲ ਬੋਰਡ ਗਠਿਤ ਕੀਤਾ ਗਿਆ ਹੈ। ਇਹ ਜਾਣਕਾਰੀ ਮਾਮਲੇ ਦੀ ਸੁਣਵਾਈ ਦੌਰਾਨ ਡਾਇਰੈਕਟਰ ਸਿਹਤ ਤੇ ਪਰਿਵਾਰ ਕਲਿਆਣ ਵਿਭਾਗ ਚੰਡੀਗੜ੍ਹ ਨੇ ਹਾਈਕੋਰਟ ਨੂੰ ਆਪਣੀ ਸਟੇਟਸ ਰਿਪੋਰਟ 'ਚ ਦਿੱਤੀ।
ਸਟੇਟਸ ਰਿਪੋਰਟ 'ਤੇ ਹਾਈਕੋਰਟ ਨੇ ਕਿਹਾ ਕਿ ਪਟੀਸ਼ਨਰ ਦੀ ਮੈਡੀਕਲ ਜਾਂਚ ਲਈ ਬੋਰਡ ਕੋਈ ਤਰੀਕ ਤੈਅ ਕਰੇ ਤੇ ਪਟੀਸ਼ਨਰ ਨੂੰ ਇਸ ਦੀ ਜਾਣਕਾਰੀ ਦੇਵੇ। ਕੇਸ ਦੀ ਅਗਲੀ ਸੁਣਵਾਈ 3 ਅਪ੍ਰੈਲ ਨੂੰ ਹੋਵੇਗੀ। ਪਿਛਲੇ ਸਾਲ ਦਾਖਲ ਪਟੀਸ਼ਨ 'ਚ ਪਟੀਸ਼ਨਰ ਨੇ ਕਿਹਾ ਸੀ ਕਿ ਮਨੀਮਾਜਰਾ ਦੀ ਸਰਕਾਰੀ ਡਿਸਪੈਂਸਰੀ 'ਚ ਸਿਜ਼ੇਰੀਅਨ ਜ਼ਰੀਏ ਉਸ ਨੇ ਇਕ ਬੱਚੇ ਨੂੰ ਜਨਮ ਦਿੱਤਾ ਸੀ। ਇਸ ਤੋਂ ਬਾਅਦ ਜਦੋਂ ਉਸ ਦਾ ਅਗਰਸੇਨ ਚੈਰੀਟੇਬਲ ਡਾਇਗਨੋਸਟਿਕ ਸੈਂਟਰ, ਸੈਕਟਰ-5 ਪੰਚਕੂਲਾ 'ਚ ਚੈੱਕਅਪ ਹੋਇਆ ਤਾਂ ਅਲਟ੍ਰਾਸਾਊਂਡ ਦੌਰਾਨ ਪਾਇਆ ਗਿਆ ਕਿ ਔਰਤ ਦੀ ਖੱਬੀ ਕਿਡਨੀ ਨਹੀਂ ਹੈ। ਇਸ 'ਤੇ ਔਰਤ ਨੇ ਡਾਇਰੈਕਟਰ ਸਿਹਤ ਤੇ ਪਰਿਵਾਰ ਕਲਿਆਣ ਵਿਭਾਗ ਚੰਡੀਗੜ੍ਹ ਨੂੰ ਸ਼ਿਕਾਇਤ ਦਿੱਤੀ ਸੀ, ਜਿਸ 'ਚ ਕਾਰਵਾਈ ਦੀ ਮੰਗ ਕੀਤੀ ਗਈ ਸੀ।
ਇਸ ਤੋਂ ਬਾਅਦ ਹਾਈਕੋਰਟ 'ਚ ਪਟੀਸ਼ਨ ਦਾਖਲ ਕੀਤੀ ਗਈ। ਹਾਈਕੋਰਟ ਨੇ ਮਾਮਲੇ 'ਚ ਡਿਸਪੈਂਸਰੀ ਨੂੰ 'ਕਾਰਨ ਦੱਸੋ' ਨੋਟਿਸ ਜਾਰੀ ਕਰਦਿਆਂ ਪੁੱਛਿਆ ਸੀ ਕਿ ਪੁਲਸ ਜ਼ਰੀਏ ਕੇਸ ਦੀ ਜਾਂਚ ਕਿਉਂ ਨਾ ਕਰਵਾਈ ਜਾਏ। ਹਾਈਕੋਰਟ ਨੂੰ ਦੱਸਿਆ ਗਿਆ ਕਿ ਮੈਡੀਕਲ ਬੋਰਡ 'ਚ ਜੀ. ਐੱਮ. ਸੀ. ਐੱਚ.-32 ਦੇ ਡਿਪਾਰਟਮੈਂਟ ਆਫ ਸਰਜਰੀ ਦੇ ਐੱਚ. ਓ. ਡੀ. ਡਾ. ਏ. ਕੇ. ਅਤਰੀ, ਡਿਪਾਰਮੈਂਟ ਆਫ ਰੀਨਲ ਟ੍ਰਾਂਸਪਲਾਂਟੇਸ਼ਨ, ਪੀ. ਜੀ. ਆਈ. ਦੇ ਮੈਂਬਰ ਡਾ. ਆਸ਼ੀਸ਼ ਸ਼ਰਮਾ, ਜੀ. ਐੱਮ. ਸੀ. ਐੱਚ.-32 ਦੇ ਡਿਪਾਰਟਮੈਂਟ ਆਫ ਗਾਇਨੀਕਾਲੋਜੀ ਦੀ ਡਾ. ਪੂਨਮ ਗੋਇਲ, ਡਿਪਾਰਟਮੈਂਟ ਆਫ ਐਨਸਥੀਸੀਆ ਦੀ ਡਾ. ਸੁਕੱਨਿਆ ਮਿੱਤਰਾ ਤੇ ਸੈਕਟਰ-16 ਜੀ. ਐੱਮ. ਐੱਸ. ਐੱਚ. ਦੇ ਰੇਡਿਓਲਾਜੀ ਇੰਚਾਰਜ ਡਾ. ਕਰਮ ਸਿੰਘ ਸ਼ਾਮਲ ਹਨ। ਇਨ੍ਹਾਂ ਨੂੰ ਪਟੀਸ਼ਨਰ ਦੀ ਸਿਹਤ ਜਾਂਚ ਲਈ ਮੈਡੀਕਲ ਬੋਰਡ ਦੇ ਮੈਂਬਰ ਬਣਾਇਆ ਗਿਆ ਹੈ।
