ਔਰਤ ਦੀ ਕੁੱਟਮਾਰ ਕਰਕੇ ਕੀਤਾ ਜ਼ਖਮੀ

Wednesday, Dec 11, 2024 - 04:22 PM (IST)

ਅਬੋਹਰ (ਸੁਨੀਲ) : ਸਥਾਨਕ ਮੁਹੱਲਾ ਅਜੀਤ ਨਗਰ ਦੀ ਰਹਿਣ ਵਾਲੀ ਇੱਕ ਔਰਤ ਨੂੰ ਉਸੇ ਮੁਹੱਲੇ ਦੇ ਹੀ ਕੁੱਝ ਲੋਕਾਂ ਨੇ ਕੁੱਟਮਾਰ ਕਰਕੇ ਜ਼ਖਮੀ ਕਰ ਦਿੱਤਾ ਕਿਉਂਕਿ ਉਸਦਾ ਦਿਓਰ ਇੱਕ ਵਿਅਕਤੀ ਦੀ ਕੁੜੀ ਨੂੰ ਵਰਗਲਾ ਕੇ ਕਿਤੇ ਲੈ ਗਿਆ ਸੀ। ਔਰਤ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਲਾਜ ਅਧੀਨ ਸੋਮਾ ਰਾਣੀ ਦੇ ਪਤੀ ਤਾਰਾ ਚੰਦ ਨੇ ਦੱਸਿਆ ਕਿ ਉਸ ਦਾ ਭਰਾ ਜਗਦੀਸ਼ ਬੀਤੇ ਦਿਨੀ ਮੁਹੱਲੇ ਦੀ ਹੀ ਇਕ ਕੁੜੀ ਨੂੰ ਵਰਗਲਾ ਕੇ ਆਪਣੇ ਨਾਲ ਕਿਤੇ ਲੈ ਗਿਆ ਸੀ।

ਜਿਸ ਬਾਰੇ ਉਨ੍ਹਾਂ ਨੂੰ ਪਤਾ ਵੀ ਨਹੀਂ ਹੈ। ਇਸ ਰੰਜਿਸ਼ ਦੇ ਚੱਲਦਿਆਂ ਬੀਤੀ ਰਾਤ ਕੁੜੀ ਦੀ ਮਾਂ, ਮਾਸੀ ਅਤੇ ਭਰਾ ਉਨ੍ਹਾਂ ਦੇ ਘਰ ਆ ਗਏ, ਉਸ ਸਮੇਂ ਉਹ ਲੋਕ ਭੱਠੇ 'ਤੇ ਕੰਮ ਕਰਨ ਗਏ ਹੋਏ ਸੀ, ਜਦਕਿ ਉਸਦੀ ਪਤਨੀ ਸੋਮਾ ਘਰ ਵਿਚ ਇਕੱਲੀ ਸੀ। ਕਥਿਤ ਦੋਸ਼ ਅਨੁਸਾਰ ਉਕਤ ਵਿਅਕਤੀਆਂ ਨੇ ਪਿੰਡ ਦੇ ਸਰਪੰਚ ਨੂੰ ਨਾਲ ਲੈ ਕੇ ਉਨ੍ਹਾਂ ਦੀ ਹਾਜ਼ਰੀ ’ਚ ਸੋਮਾ ਦੀ ਕੁੱਟਮਾਰ ਕੀਤੀ ਅਤੇ ਉਸ ਨੂੰ ਅੱਧਮਰੀ ਹਾਲਤ ’ਚ ਛੱਡ ਦਿੱਤਾ। ਘਟਨਾ ਦਾ ਪਤਾ ਲੱਗਣ ਤੋਂ ਬਾਅਦ ਉਨ੍ਹਾਂ ਨੇ ਸੋਮਾ ਨੂੰ ਇਲਾਜ ਲਈ ਹਸਪਤਾਲ ’ਚ ਦਾਖ਼ਲ ਕਰਵਾਇਆ। ਸਿਟੀ ਥਾਣਾ ਨੰਬਰ-1 ਦਾ ਕਹਿਣਾ ਹੈ ਕਿ ਜਿਵੇਂ ਹੀ ਉਨ੍ਹਾਂ ਨੂੰ ਐੱਮ.ਐੱਲ.ਆਰ ਮਿਲਿਆ ਤਾਂ ਇਸ ਨੂੰ ਚੌਂਕੀ ਸੀਡ ਫਾਰਮ ਭੇਜ ਦਿੱਤਾ ਜਾਵੇਗਾ, ਜਿੱਥੇ ਪੁਲਸ ਅਗਲੇਰੀ ਕਾਰਵਾਈ ਕਰੇਗੀ।


Babita

Content Editor

Related News