ਦਰਿੰਦੇ ਸਹੁਰਿਆਂ ਦੇ ਚੁੰਗਲ ''ਚੋਂ ਮੁਹੱਲੇ ਵਾਲਿਆਂ ਨੇ ਬਚਾਈ ਵਿਆਹੁਤਾ

01/22/2020 4:33:29 PM

ਲੁਧਿਆਣਾ : ਟਿੱਬਾ ਇਲਾਕੇ 'ਚ ਤਾਜਪੁਰ ਰੋਡ 'ਤੇ ਸਥਿਤ ਵਿਜੇ ਨਗਰ ਦੀ ਰਹਿਣ ਵਾਲੀ ਇਕ ਵਿਆਹੁਤਾ ਨੂੰ ਥਾਣਾ ਟਿੱਬਾ ਦੀ ਪੁਲਸ ਨੇ ਉਸ ਦੇ ਸਹੁਰਿਆਂ ਦੇ ਚੁੰਗਲ 'ਚੋਂ ਕੱਢ ਕੇ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ। ਵਿਆਹੁਤਾ ਦੀ ਪਛਾਣ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਗੀਤਾ ਵਜੋਂ ਹੋਈ ਹੈ। ਮੌਕੇ 'ਤੇ ਪੁੱਜੀ ਪੁਲਸ ਨੇ ਔਰਤ ਦੇ ਪਤੀ ਤੇ ਸੱਸ ਨੂੰ ਹਿਰਾਸਤ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਉਸ ਦੇ ਮਾਤਾ-ਪਿਤਾ ਨੂੰ ਸੂਚਿਤ ਕਰ ਦਿੱਤਾ ਹੈ।

ਪੁਲਸ ਦਾ ਕਹਿਣਾ ਹੈ ਕਿ ਮਾਂ-ਬਾਪ ਦੇ ਪੁੱਜਣ ਦੇ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਇਲਾਜ ਦੌਰਾਨ ਗੀਤਾ ਨੇ ਦੱਸਿਆ ਕਿ ਉਸ ਦਾ ਵਿਆਹ ਬਚਪਨ 'ਚ ਹੋ ਗਿਆ ਸੀ ਪਰ ਲਗਭਗ ਸਾਲ ਪਹਿਲਾਂ ਉਸ ਦੇ ਸਹੁਰੇ ਉਸ ਨੂੰ ਯੂ. ਪੀ. ਤੋਂ ਲੁਧਿਆਣਾ ਲੈ ਆਏ ਸਨ। ਸਹੁਰੇ ਪੁੱਜਣ ਤੋਂ ਬਾਅਦ ਹੀ ਉਸ ਦੀ ਸੱਸ ਅਤੇ ਪਤੀ ਨੇ ਉਸ ਨੂੰ ਦਾਜ ਦੀ ਮੰਗ ਨੂੰ ਲੈ ਕੇ ਤੰਗ-ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਕਈ ਵਾਰ ਮਾਤਾ-ਪਿਤਾ ਨੇ ਇਨ੍ਹਾਂ ਦੀ ਮੰਗ ਪੂਰੀ ਕੀਤੀ ਪਰ ਉਹ ਹੋਰ ਮੰਗ ਅਤੇ ਕੁੱਟਮਾਰ ਕਰਦੇ ਰਹਨ। ਉਸ ਨੂੰ ਕਿਸੇ ਨਾਲ ਗੱਲ ਨਹੀਂ ਕਰਨ ਦਿੱਤੀ ਜਾਂਦੀ ਸੀ ਅਤੇ ਨਾ ਹੀ ਬਾਹਰ ਜਾਣ ਦਿੱਤਾ ਜਾਂਦਾ ਸੀ। ਇਕ ਵਾਰ ਹੀ ਖਾਣਾ ਦਿੱਤਾ ਜਾਂਦਾ ਸੀ। ਇਸ ਦੌਰਾਨ ਗੁਆਂਢ 'ਚ ਰਹਿਣ ਵਾਲੀ ਔਰਤ ਨੂੰ ਉਸ ਨੇ ਸਾਰੀ ਗੱਲ ਦੱਸੀ।

ਕੁਝ ਦਿਨ ਪਹਿਲਾਂ ਹੋਈ ਡੰਡਿਆਂ ਨਾਲ ਕੁੱਟਮਾਰ ਦੇ ਕਾਰਨ ਔਰਤ ਨੂੰ ਕਿਸੇ ਨਾਲ ਵੀ ਗੱਲ ਨਾ ਕਰਨ ਲਈ ਕਿਹਾ ਗਿਆ। ਗੁਪਤ ਅੰਗਾਂ ਤੋਂ ਇਲਾਵਾ ਹੋਰ ਅੰਗਾਂ 'ਤੇ ਕੁੱਟਮਾਰ ਤੋਂ ਬਾਅਦ ਉਸ ਦੀ ਹਾਲਤ ਵਿਗੜ ਗਈ ਸੀ। ਗੀਤਾ ਦੀ ਹਾਲਤ ਨੂੰ ਦੇਖਦੇ ਹੋਏ ਗੁਆਂਢਣ ਨੇ ਨੇੜੇ ਦੇ ਲੋਕਾਂ ਨੂੰ ਇਕੱਠਾ ਕਰਕੇ ਸਾਰੀ ਗੱਲ ਦੱਸੀ। ਮੁਹੱਲੇ ਦੇ ਲੋਕਾਂ ਨੇ ਇਸ ਦੀ ਸੂਚਨਾ ਥਾਣਾ ਟਿੱਬਾ ਦੀ ਪੁਲਸ ਨੂੰ ਦਿੱਤੀ। ਪੁਲਸ ਨੇ ਮੌਕੇ 'ਤੇ ਪੁੱਜ ਕੇ ਜਾਂਚ ਕੀਤੀ ਅਤੇ ਗੀਤਾ ਨੂੰ ਹਸਪਤਾਲ ਪਹੁੰਚਾਆਿ। ਗੀਤਾ ਦੇ ਸਰੀਰ 'ਤੇ ਕਈ ਸੱਟਾਂ ਦੇ ਨਿਸ਼ਾਨ ਸਨ। ਪੁਲਸ ਮੁਤਾਬਕ ਗੀਤਾ ਦੇ ਬਿਆਨ ਲਏ ਜਾ ਰਹੇ ਹਨ ਅਤੇ ਜੋ ਵੀ ਕਾਰਵਾਈ ਹੋਵੇਗੀ, ਉਸ ਦੇ ਮਾਂ-ਪਿਓ ਦੇ ਆਉਣ ਤੋਂ ਬਾਅਦ ਕੀਤੀ ਜਾਵੇਗੀ।


Babita

Content Editor

Related News