ਭਾਰੀ ਮਾਤਰਾ ''ਚ ਨਾਜਾਇਜ਼ ਸ਼ਰਾਬ ਸਣੇ ਇਕ ਔਰਤ ਗ੍ਰਿਫ਼ਤਾਰ
Saturday, Mar 29, 2025 - 01:25 PM (IST)

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) : ਪੰਜਾਬ ਸਰਕਾਰ ਵੱਲੋਂ ਪੂਰੇ ਪੰਜਾਬ ਅੰਦਰ 'ਯੁੱਧ ਨਸ਼ਿਆਂ ਵਿਰੁੱਧ' ਚਲਾਈ ਮੁਹਿੰਮ ਤਹਿਤ ਐੱਸ. ਐੱਸ. ਪੀ. ਗੁਰਦਾਸਪੁਰ ਅਦਿੱਤਿਆ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਸਰਹੱਦੀ ਖੇਤਰ ਅੰਦਰ ਪੁਲਸ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ, ਜਦੋਂ ਇੱਕ ਗੁਪਤ ਸੂਚਨਾ ਦੇ ਆਧਾਰ 'ਤੇ ਇੱਕ ਔਰਤ ਕੋਲੋਂ 499 ਦੇ ਕਰੀਬ ਨਾਜਾਇਜ਼ ਸ਼ਰਾਬ ਦੀਆਂ ਬੋਤਲਾਂ ਬਰਾਮਦ ਕਰਨ 'ਚ ਕਾਮਯਾਬੀ ਹਾਸਲ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਸ ਅਤੇ ਜਾਂਚ ਅਧਿਕਾਰੀ ਸਲਵਿੰਦਰ ਸਿੰਘ ਨੇ ਦੱਸਿਆ ਕਿ ਇਲਾਕੇ ਅੰਦਰ ਪੁਲਸ ਪਾਰਟੀ ਸਮੇਤ ਗਸ਼ਤ ਕੀਤੀ ਜਾ ਰਹੀ ਸੀ। ਜਦ ਕਿਸੇ ਖ਼ਾਸ ਮੁਖਬਰ ਨੇ ਸੂਚਨਾ ਦਿੱਤੀ ਕਿ ਸਰਹੱਦੀ ਖੇਤਰ ਦੇ ਪਿੰਡ ਇਸਲਾਮਪੁਰ ਵਿਖੇ ਇੱਕ ਔਰਤ ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਦੀ ਹੈ। ਜਦ ਪੁਲਸ ਪਾਰਟੀ ਨਾਲ ਉਸ ਦੇ ਘਰ ਰੇਡ ਕੀਤੀ ਗਈ ਤਾਂ ਘਰ ਦੇ ਬਾਹਰਵਾਰ ਬਣੇ ਬਰਾਂਡੇ ਦੀ ਤਲਾਸ਼ੀ ਕੀਤੀ ਗਈ ਤਾਂ ਉਸ ਵਿੱਚੋਂ ਵੱਖ-ਵੱਖ ਕੈਨਾਂ ਵਿੱਚ ਰੱਖੀ ਨਾਜਾਇਜ਼ ਸ਼ਰਾਬ ਦੀਆਂ ਕਰੀਬ 499 ਬੋਤਲਾਂ ਬਰਾਮਦ ਹੋਈਆਂ ਪੁਲਸ ਵੱਲੋਂ ਮੌਕੇ 'ਤੇ ਹੀ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਸ ਦੇ ਮੁਤਾਬਕ ਔਰਤ ਦੀ ਪਛਾਣ ਸੁਨੀਤਾ ਪਤਨੀ ਰੌਸ਼ਨ ਲਾਲ ਵਾਸੀ ਇਸਲਾਮਪੁਰ ਵਜੋਂ ਦੱਸੀ ਗਈ ਹੈ। ਪੁਲਸ ਨੇ ਥਾਣਾ ਦੌਰਾਗਲਾ ਵਿਖੇ ਇਸ ਔਰਤ ਖ਼ਿਲਾਫ਼ ਵੱਖ-ਵੱਖ ਧਾਰਵਾ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।