ਬਮਿਆਲ ਨੇੜੇ ਖੇਤ ''ਚ ਮਿਲਿਆ ਪਾਕਿਸਤਾਨੀ ਗੁਬਾਰਾ, ਜਾਂਚ ''ਚ ਜੁਟੀ ਪੁਲਸ
Saturday, Feb 14, 2026 - 08:08 PM (IST)
ਬਮਿਆਲ, (ਹਰਜਿੰਦਰ ਸਿੰਘ ਗੋਰਾਇਆ)- ਭਾਰਤ ਪਾਕਿਸਤਾਨ ਸਰਹੱਦ ਦੇ ਨਜ਼ਦੀਕੀ ਬਲਾਕ ਬਮਿਆਲ ਦੇ ਅਧੀਨ ਆਉਂਦੇ ਪਿੰਡ ਭੱਖੜੀ ਵਿਖੇ ਅੱਜ ਇੱਕ ਕਿਸਾਨ ਨੂੰ ਆਪਣੇ ਖੇਤਾਂ ਦੇ ਵਿੱਚ ਇੱਕ ਪਾਕਿਸਤਾਨੀ ਗੁਬਾਰਾ ਬਰਾਮਦ ਹੋਇਆ, ਜੋ ਕਿ ਹਵਾ ਦੇ ਨਾਲ ਉੱਡ ਕੇ ਉਸਦੀ ਜ਼ਮੀਨ ਦੇ ਵਿੱਚ ਡਿੱਗਿਆ ਹੋਇਆ ਸੀ।
ਜਾਣਕਾਰੀ ਅਨੁਸਾਰ ਕਿਸਾਨ ਕੁਲਦੀਪ ਸਿੰਘ ਵਾਸੀ ਭੱਖੜੀ ਜੋ ਹਰ ਰੋਜ਼ ਦੀ ਤਰ੍ਹਾਂ ਆਪਣੇ ਖੇਤਾਂ ਵੱਲ ਗੇੜਾ ਮਾਰਨ ਗਿਆ ਤਾਂ ਉਸ ਨੂੰ ਇਹ ਗੁਬਾਰਾ ਦਿਖਾਈ ਦਿੱਤਾ। ਜਿਸਨੇ ਇਸਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਅਤੇ ਪੁਲਸ ਵੱਲੋਂ ਇਸ ਗੁਬਾਰੇ ਨੂੰ ਕਬਜ਼ੇ ਦੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਗੁਬਾਰੇ 'ਤੇ ਵੱਡੇ ਅੱਖਰਾਂ ਦੇ ਵਿੱਚ ਪੀ. ਆਈ. ਏ. (PIA) ਲਿਖਿਆ ਹੋਇਆ ਸੀ ਅਤੇ ਚੰਦਰਮਾ ਅਤੇ ਤਾਰੇ ਦਾ ਨਿਸ਼ਾਨ ਬਣਿਆ ਹੋਇਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਗੁਬਾਰੇ ਦੇ ਅੰਦਰੋਂ ਅਤੇ ਨਾ ਹੀ ਆਸ ਪਾਸੋਂ ਕੋਈ ਸ਼ੱਕੀ ਵਸਤੂ ਬਰਾਮਦ ਨਹੀ ਹੋਈ ਹੈ।
ਉਧਰ ਇਸ ਸੰਬੰਧੀ ਜਦੋਂ ਥਾਣਾ ਨਰੋਟ ਜੈਮਲ ਸਿੰਘ ਦੇ ਇੰਚਾਰਜ ਕੁਲਦੀਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਇਸਦੀ ਪੂਰੀ ਜਾਂਚ-ਪੜਤਾਲ ਕੀਤੀ ਹੈ ਪਰ ਕਿਸੇ ਤਰ੍ਹਾਂ ਦੀ ਵੀ ਕੋਈ ਸ਼ੱਕ ਵਸਤੂ ਜਾਂ ਕਿਸੇ ਤਰ੍ਹਾਂ ਦਾ ਕੁਝ ਵੀ ਕੋਈ ਲਿਖਿਆ ਹੋਇਆ ਇਸ 'ਤੇ ਨਹੀਂ ਮਿਲਿਆ ਹੈ ਬਾਕੀ ਪੁਲਸ ਸਰਹੱਦੀ ਖੇਤਰ ਹੋਣ ਕਰਕੇ ਪੂਰੀ ਤਰ੍ਹਾਂ ਨਾਲ ਚੁਕੰਨੀ ਹੈ।
