''ਦੇਵਾ'' ਵੱਲੋਂ ''ਦੇਵੀ'' ਨੂੰ ਘਰੋਂ ਭਜਾਉਣ ਦੇ ਲੱਗੇ ਦੋਸ਼

Wednesday, Aug 23, 2017 - 07:48 PM (IST)

''ਦੇਵਾ'' ਵੱਲੋਂ ''ਦੇਵੀ'' ਨੂੰ ਘਰੋਂ ਭਜਾਉਣ ਦੇ ਲੱਗੇ ਦੋਸ਼

ਝਬਾਲ (ਹਰਬੰਸ ਲਾਲੂਘੁੰਮਣ) : ਪਿੰਡ ਬਘਿਆੜੀ ਦੀਆਂ ਕਾਲੋਨੀਆਂ 'ਚ ਰਹਿੰਦੇ ਇਕ ਦਲਿਤ ਵਿਅਕਤੀ ਨੇ ਉਸ ਦੇ ਘਰ ਦੇ ਨਜ਼ਦੀਕ ਰਹਿੰਦੀ ਇਕ ਦੇਵੀ ਮਾਤਾ ਦੀ ਚੌਕੀ ਲਗਾਉਣ ਵਾਲੀ 'ਦੇਵਾ' ਨਾਮੀ ਔਰਤ 'ਤੇ ਉਸ ਦੀ ਪਤਨੀ ਤੇ ਤਿੰਨ ਬੱਚਿਆਂ ਦੀ ਮਾਂ ਨੂੰ ਕਿਸੇ ਵਿਅਕਤੀ ਨਾਲ ਭਜਾਉਣ ਦੇ ਦੋਸ਼ ਲਗਾਉਂਦਿਆਂ ਥਾਣਾ ਝਬਾਲ ਦੀ ਪੁਲਸ ਕੋਲੋਂ ਇਨਸਾਫ਼ ਦੀ ਮੰਗ ਕੀਤੀ ਹੈ। ਬਾਵਾ ਸਿੰਘ ਪੁੱਤਰ ਸਾਧਾ ਸਿੰਘ ਨੇ ਸਰਪੰਚ ਸ਼ਾਮ ਸਿੰਘ ਕੋਟ, ਕਰਮਜੀਤ ਸਿੰਘ ਪੱਪੂ ਬਘਿਆੜੀ, ਗੁਰਸੇਵਕ ਸਿੰਘ ਕੋਟ,ਚਰਨਜੀਤ ਕੌਰ, ਮਨਜੀਤ ਕੌਰ, ਕਸ਼ਮੀਰ ਸਿੰਘ ਅਤੇ ਬਚਨ ਸਿੰਘ ਦੀ ਹਾਜ਼ਰੀ 'ਚ ਦੱਸਿਆ ਕਿ ਉਸ ਘਰ ਦੇ ਨਜ਼ਦੀਕ ਇਕ ਮਾਤਾ ਦੀ ਚੌਕੀ ਲਗਾਉਣ ਦਾ ਦਾਅਵਾ ਕਰਨ ਵਾਲੀ 'ਦੇਵਾ' ਨਾਮੀ ਔਰਤ ਦਾ ਘਰ ਹੈ ਜਿਸ ਨੂੰ ਮਿਲਣ ਪਿੰਡ ਮਾੜੀ ਮੇਘਾ ਦੇ ਰਹਿਣ ਵਾਲਾ ਇਕ ਕੁਲਦੀਪ ਸਿੰਘ ਨਾਮੀ 'ਬਾਬਾ' ਆਉਦਾਂ ਸੀ। ਉਸਨੇ ਦੱਸਿਆ ਕਿ ਉਕਤ ਬਾਬੇ ਦੇ ਨਾਲ ਇਕ ਡੱਲ ਪਿੰਡ ਦਾ ਸੇਵਕ ਨਾਮੀ ਨੌਜਵਾਨ ਵੀ ਆਂਉਦਾ ਸੀ, ਇਸ ਦੌਰਾਨ ਉਕਤ ਦੇਵਾ ਨਾਮੀ ਔਰਤ ਉਸਦੀ ਪਤਨੀ ਨੂੰ ਘਰੋਂ ਬੁਲਾ ਕੇ ਚਾਹ ਪਾਣੀ ਤਿਆਰ ਕਰਨ ਲਈ ਕਹਿੰਦੀ ਹੁੰਦੀ ਸੀ।
ਉਸਨੇ ਦੱਸਿਆ ਕਿ ਇਸ ਦੇ ਚੱਲਦਿਆਂ ਹੀ 'ਦੇਵਾ' ਨੇ ਉਸਦੀ ਪਤਨੀ ਦਾ ਉਕਤ ਸੇਵਕ ਨਾਮੀ ਨੌਜਵਾਨ ਨਾਲ ਪ੍ਰੇਮ ਚੱਕਰ ਚਲਾ ਦਿੱਤਾ ਅਤੇ ਜਦੋਂ ਉਹ ਬੀਤੀ 8 ਅਗਸਤ ਨੂੰ ਘਰ ਮੌਜੂਦ ਨਹੀਂ ਸੀ ਤਾਂ ਬਾਬਾ ਦੇਵਾ ਅਤੇ ਬਾਬਾ ਕੁਲਦੀਪ ਨੇ ਮਿਲ ਕੇ ਉਸਦੀ ਪਤਨੀ ਨੂੰ ਉਕਤ ਸੇਵਕ ਨਾਮੀ ਨੌਜਵਾਨ ਨਾਲ ਘਰੋਂ ਕਿਧਰੇ ਭਜਾ ਦਿੱਤਾ। ਉਸ ਨੇ ਦੱਸਿਆ ਕਿ ਉਸਦਾ ਵਿਆਹ 12 ਸਾਲ ਪਹਿਲਾਂ ਹੋਇਆ ਸੀ ਅਤੇ ਉਸਦੇ ਤਿੰਨ ਬੱਚੇ 6 ਸਾਲਾਂ ਦੀ ਲੜਕੀ, 4 ਅਤੇ 3 ਸਾਲਾਂ ਦੇ ਦੋ ਲੜਕੇ ਹਨ ਜਿੰਨਾਂ 'ਚੋਂ 3 ਸਾਲ ਦੇ ਲੜਕੇ ਨੂੰ ਵੀ ਉਸਦੀ ਪਤਨੀ ਆਪਣੇ ਨਾਲ ਲੈ ਗਈ ਹੈ। ਪੀੜਤ ਨੇ ਦੱਸਿਆ ਕਿ ਉਸ ਵੱਲੋਂ ਬੀਤੀ 8 ਅਗਸਤ ਦੀ ਥਾਣਾ ਝਬਾਲ ਵਿਖੇ ਉਕਤ ਦੋਸ਼ੀਆਂ ਵਿਰੋਧ ਸ਼ਿਕਾਇਤ ਦਰਜ ਕਰਵਾਈ ਗਈ ਹੈ ਪ੍ਰੰਤੂ ਕੋਈ ਵੀ ਕਾਰਵਾਈ ਅਜੇ ਤੱਕ ਪੁਲਸ ਵੱਲੋਂ ਨਹੀਂ ਕੀਤੀ ਗਈ। ਇੱਧਰ ਔਰਤ 'ਦੇਵਾ' ਦੇ ਲੜਕੇ ਗੁਰਪ੍ਰੀਤ ਸਿੰਘ ਉਰਫ ਗੋਪੀ ਨੇ ਉਸ ਦੀ ਮਾਂ 'ਤੇ ਲੱਗੇ ਦੋਸ਼ਾਂ ਨੂੰ ਨਿਕਾਰਦਿਆਂ ਮਾਮਲੇ 'ਚ ਦੁੱਧ ਦਾ ਦੁੱਧ 'ਤੇ ਪਾਣੀ ਦਾ ਪਾਣੀ ਹੋਣ ਦੀ ਗੱਲ ਕਰਦਿਆਂ ਕਿਹਾ ਕਿ ਉਹ ਪੁਲਸ ਤਫਤੀਸ਼ 'ਚ ਹਰ ਸਹਿਯੋਗ ਦੇਣ ਨੂੰ ਤਿਆਰ ਹਨ।
ਕੀ ਕਹਿਣਾ ਥਾਣਾ ਮੁੱਖੀ ਦਾ
ਥਾਣਾ ਝਬਾਲ ਦੇ ਮੁੱਖੀ ਇੰਸਪੈਕਟਰ ਹਰਿਤ ਸ਼ਰਮਾ ਦਾ ਕਹਿਣਾ ਹੈ ਕਿ ਉਕਤ ਮਾਮਲਾ ਉਨ੍ਹਾਂ ਦੇ ਧਿਆਨ 'ਚ ਨਹੀਂ ਹੈ। ਉਨ੍ਹਾਂ ਕਿਹਾ ਪੀੜਤ ਵਿਅਕਤੀ ਆ ਕੇ ਉਨ੍ਹਾਂ ਨਾਲ ਸੰਪਰਕ ਕਰੇ ਅਤੇ ਦੱਸੇ ਕਿ ਉਸ ਵੱਲੋਂ ਇਸ ਸਬੰਧੀ ਕਿਸ ਪੁਲਸ ਮੁਲਾਜ਼ਮ ਨੂੰ ਸ਼ਿਕਾਇਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੀੜਤ ਨੂੰ ਪੂਰਾ ਇਨਸਾਫ਼ ਮਿਲੇਗਾ।


Related News