ਬੱਸ ''ਚੋਂ ਔਰਤ ਦਾ ਬੈਗ ਚੋਰੀ

02/18/2018 7:40:46 AM

ਜਲੰਧਰ, (ਸ਼ੋਰੀ)— ਧੀ ਨੂੰ ਵਿਦੇਸ਼ ਭੇਜਣ ਲਈ ਲੁਧਿਆਣਾ ਤੋਂ ਜਲੰਧਰ ਇਮੀਗ੍ਰੇਸ਼ਨ ਕੰਸਲਟੈਂਟ ਕੋਲੋਂ ਸਲਾਹ ਲੈਣ ਆਈ ਔਰਤ ਹਰਮੀਤ ਕੌਰ ਪਤਨੀ ਬਲਜੀਤ ਸਿੰਘ ਵਾਸੀ ਪਿੰਡ ਟਾਂਡਾ ਸਾਹਿਬ ਲੁਧਿਆਣਾ ਦਾ ਪਰਸ ਬੱਸ ਵਿਚ ਸਵਾਰ ਲੋਹਾ ਚੁੱਕਣ ਵਾਲੀਆਂ ਔਰਤਾਂ ਨੇ ਕੱਢ ਲਿਆ। ਔਰਤ ਨੂੰ ਇਸ ਗੱਲ ਦਾ ਪਤਾ ਨਹੀਂ ਲੱਗਾ। ਜਿਵੇਂ ਹੀ ਬੱਸ ਬੀ. ਐੱਸ. ਐੱਫ. ਚੌਕ ਕੋਲ ਰੁਕੀ ਤਾਂ ਸਾਰੀਆਂ ਔਰਤਾਂ ਵੀ ਉਤਰ ਗਈਆਂ। ਇਸ ਦੌਰਾਨ ਹਰਮੀਤ ਕੌਰ ਨੂੰ ਪਤਾ ਲੱਗਾ ਕਿ ਉਸਦਾ ਪਰਸ ਬੱਸ ਵਿਚ ਸਵਾਰ 5 ਔਰਤਾਂ ਵਿਚੋਂ ਕਿਸੇ ਨੇ ਚੋਰੀ ਕਰ ਲਿਆ ਹੈ। 
ਔਰਤ ਉੱਚੀ-ਉੱਚੀ ਰੋਣ ਲੱਗੀ । ਇਹ ਵੇਖ ਉਥੋ ਲੰਘ ਰਹੇ ਸਕੂਟਰ ਸਵਾਰ ਨੇ ਔਰਤ ਦੀ ਗੱਲ ਸੁਣ ਕੇ ਤੁਰੰਤ ਸਕੂਟਰ ਸਟਾਰਟ ਕਰਕੇ ਔਰਤਾਂ ਜੋ ਕਿ ਅਜੇ ਕੁਝ ਦੂਰੀ 'ਤੇ ਹੀ ਗਈਆਂ ਸਨ, ਨੂੰ ਕਾਬੂ ਕਰ ਲਿਆ। ਭੀੜ ਵਿਚ ਸ਼ਾਮਲ ਲੋਕਾਂ ਨੇ ਔਰਤਾਂ ਦੀ ਚੰਗੀ ਖਾਤਿਰਦਾਰੀ ਕੀਤੀ ਤੇ ਪਰਸ ਉਨ੍ਹਾਂ ਕੋਲੋਂ ਲੈ ਕੇ ਹਰਮੀਤ ਕੌਰ ਨੂੰ ਵਾਪਸ ਮੋੜਿਆ। ਮੌਕੇ 'ਤੇ ਪਹੁੰਚੇ ਬੱਸ ਸਟੈਂਡ ਚੌਕੀ ਇੰਚਾਰਜ ਸੇਵਾ ਸਿੰਘ ਨੂੰ ਪੀੜਤ ਔਰਤ ਨੇ ਬਿਆਨ ਦਰਜ ਕਰਵਾਉਣ ਤੋਂ ਮਨ੍ਹਾ ਕਰ ਦਿੱਤਾ। ਇੰਚਾਰਜ ਸੇਵਾ ਸਿੰਘ ਨੇ ਦੱਸਿਆ ਕਿ ਉਕਤ ਔਰਤਾਂ ਨੇ ਇਕ ਹੋਰ ਵਿਅਕਤੀ ਦਾ ਪਰਸ ਵੀ ਕੱਢਿਆ ਸੀ। ਪਰਸ ਵਿਚ 1 ਹਜ਼ਾਰ ਦੀ ਨਕਦੀ ਸੀ। ਉਸਦੇ ਬਿਆਨਾਂ ਦੇ ਆਧਾਰ 'ਤੇ ਮਾਇਆ, ਉਸਦੀ ਭੈਣ ਲਕਸ਼ਮੀ, ਕਵਿਤਾ ਤੇ ਉਸਦੀ ਭੈਣ ਅਨੀਤਾ ਤੇ ਰਾਜਕਲਾ ਸਾਰੀਆਂ ਵਾਸੀ ਗੋਰਾਇਆ ਦੇ ਖਿਲਾਫ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਔਰਤਾਂ ਲੋਹਾ ਚੁੱਕਣ ਦੇ ਨਾਲ-ਨਾਲ ਚੋਰੀ ਕਰਨ ਦੀਆਂ ਵੀ ਆਦੀ ਹਨ। ਸਾਰੀਆਂ ਬੱਸ ਵਿਚ ਸਵਾਰ ਹੋ ਕੇ ਚੋਰੀ ਕਰਨ ਆਉਂਦੀਆਂ ਸਨ। 


Related News