55 ਸਾਲਾ ਔਰਤ ਨਾਲ ਜਬਰ-ਜ਼ਿਨਾਹ ਕਰਨ ਦੇ ਮਾਮਲੇ ’ਚ ਘਿਰੇ ਕਾਨੂੰਨਗੋ ਅਤੇ ਪਟਵਾਰੀ ਬਰੀ

Saturday, Sep 09, 2023 - 12:36 PM (IST)

55 ਸਾਲਾ ਔਰਤ ਨਾਲ ਜਬਰ-ਜ਼ਿਨਾਹ ਕਰਨ ਦੇ ਮਾਮਲੇ ’ਚ ਘਿਰੇ ਕਾਨੂੰਨਗੋ ਅਤੇ ਪਟਵਾਰੀ ਬਰੀ

ਮੋਗਾ (ਸੰਦੀਪ ਸ਼ਰਮਾ) : ਮਾਣਯੋਗ ਜ਼ਿਲ੍ਹਾ ਅਤੇ ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਨੇ 1 ਸਾਲ ਪਹਿਲਾਂ ਥਾਣਾ ਸਿਟੀ ਵਨ ਪੁਲਸ ਵੱਲੋਂ ਵੱਡੀ ਉਮਰ ਦੀ ਔਰਤ ਨਾਲ ਜਬਰ-ਜ਼ਿਨਾਹ ਕਰਨ ਦੇ ਮਾਮਲੇ ਵਿਚ ਕਾਨੂੰਨਗੋ ਅਤੇ ਪਟਵਾਰੀ ਨੂੰ ਸਬੂਤਾਂ ਵਿਚ ਗਵਾਹਾਂ ਦੀ ਭਾਰੀ ਘਾਟ ਦੇ ਚੱਲਦੇ ਬਰੀ ਕਰਨ ਦਾ ਆਦੇਸ਼ ਦਿੱਤਾ ਹੈ। ਇਸ ਮਾਮਲੇ ਵਿਚ 55 ਸਾਲਾ ਔਰਤ ਨੇ 20 ਦਸੰਬਰ 2022 ਨੂੰ ਥਾਣਾ ਸਿਟੀ ਵਨ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਪਟਵਾਰੀ ਮਲਕੀਤ ਸਿੰਘ ਪੁੱਤਰ ਪ੍ਰੇਮ ਸਿੰਘ ਨਿਵਾਸੀ ਪਿੰਡ ਨੰਗਲ ਅਤੇ ਕਾਨੂੰਨਗੋ ਕੇਵਲ ਸਿੰਘ ਪੁੱਤਰ ਟਹਿਲ ਸਿੰਘ ਨਿਵਾਸੀ ਨਿਹਾਲ ਸਿੰਘ ਵਾਲਾ ਵੱਲੋਂ ਜਦ ਉਹ ਪਿੰਡ ਦੇ ਹੀ ਇਕ ਮੈਂਬਰ ਦੇ ਨਾਲ ਮੋਟਰ ਸਾਈਕਲ ’ਤੇ ਕਿਸੇ ਕੰਮ ਲਈ ਕਸਬਾ ਨਿਹਾਲ ਸਿੰਘ ਵਾਲਾ ਆਈ ਸੀ ਤਾਂ ਰਸਤੇ ਵਿਚ ਮਿਲੇ ਪਟਵਾਰੀ ਮਲਕੀਤ ਸਿੰਘ ਨੇ ਕਿਸੇ ਬਹਾਨੇ ਉਸ ਨੂੰ ਆਪਣੇ ਘਰ ਬੁਲਾ ਲਿਆ ਅਤੇ ਜਿੱਥੇ ਪਹਿਲਾਂ ਹੀ ਕਾਨੂੰਨਗੋ ਕੇਵਲ ਸਿੰਘ ਸ਼ਰਾਬ ਪੀ ਰਿਹਾ ਸੀ ਅਤੇ ਦੋਵਾਂ ਨੇ ਸ਼ਰਾਬ ਦੇ ਨਸ਼ੇ ਵਿਚ ਧੁੱਤ ਹੋ ਕੇ ਉਸ ਦੇ ਨਾਲ ਜਬਰ ਜ਼ਿਨਾਹ ਕੀਤਾ, ਜਿਸ ’ਤੇ ਪੁਲਸ ਵੱਲੋਂ ਮਾਲ ਵਿਭਾਗ ਦੇ ਦੋਨੋਂ ਅਧਿਕਾਰੀਆਂ ਖਿਲਾਫ਼ ਧਾਰਾ 376 ਸਮੇਤ ਬਣਦੀਆਂ ਵੱਖ-ਵੱਖ ਧਾਰਾਵਾਂ ਤਹਿਤ ਅਧੀਨ ਥਾਣਾ ਸਿਟੀ ਵਨ ਵਿਚ ਮਾਮਲਾ ਦਰਜ ਕੀਤਾ ਸੀ।

ਇਸ ਮਾਮਲੇ ਵਿਚ ਪੀੜਤ ਧਿਰ ਵੱਲੋਂ ਆਪਣੇ ਵਕੀਲ ਐਡਵੋਕੇਟ ਰੁਪਿੰਦਰ ਸਿੰਘ ਬਰਾੜ ਅਤੇ ਐਡਵੋਕੇਟ ਗਗਨਦੀਪ ਸਿੰਘ ਬਰਾੜ ਰਾਹੀਂ ਮਾਣਯੋਗ ਅਦਾਲਤ ਵਿਚ ਸੁਣਵਾਈ ਦੌਰਾਨ ਆਪਣਾ ਪੱਖ ਰੱਖਿਆ ਸੀ। ਅੱਜ ਮਾਣਯੋਗ ਅਦਾਲਤ ਵਿਚ ਅੰਤਿਮ ਸੁਣਵਾਈ ਦੇ ਬਾਅਦ ਸਬੂਤ ਦੇ ਗਵਾਹਾਂ ਦੇ ਆਧਾਰ ’ਤੇ ਆਪਣਾ ਫੈਸਲਾ ਸੁਣਾਉਂਦੇ ਹੋਏ ਦੋਹਾਂ ਦੋਸ਼ੀਆਂ ਨੂੰ ਬਰੀ ਕਰਨ ਦਾ ਆਦੇਸ਼ ਦਿੱਤਾ ਹੈ।


author

Gurminder Singh

Content Editor

Related News