ਤਲਵੰਡੀ ਸਾਬੋ ''ਚ ਔਰਤ ਦੀ ਗੁੱਤ ਕੱਟਣ ਵਾਲੇ ਮਾਮਲੇ ''ਚ ਪੁਲਸ ਦਾ ਵੱਡਾ ਖੁਲਾਸਾ, ਸਾਹਮਣੇ ਆਇਆ ਸੱਚ

Saturday, Aug 05, 2017 - 07:30 PM (IST)

ਤਲਵੰਡੀ ਸਾਬੋ (ਮੁਨੀਸ਼) : ਤਲਵੰਡੀ ਸਾਬੋ ਵਿਚ ਇਕ ਔਰਤ ਦੀ ਗੁੱਤ ਕੱਟਣ ਦੇ ਮਾਮਲੇ ਵਿਚ ਪੁਲਸ ਨੇ ਵੱਡਾ ਖੁਲਾਸਾ ਕੀਤਾ ਹੈ। ਪੁਲਸ ਨੇ ਇਸ ਘਟਨਾ ਨੂੰ ਝੂਠਾ ਠਹਿਰਾਉਂਦੇ ਹੋਏ ਖੁਲਾਸਾ ਕੀਤਾ ਹੈ ਕਿ ਉਕਤ ਮਹਿਲਾ ਮਾਨਸਿਕ ਰੋਗੀ ਹੈ ਅਤੇ ਘਟਨਾ ਵਿਚ ਦਿਖਾਏ ਗਏ ਵਾਲ ਵੀ ਉਸ ਦੇ ਆਪਣੇ ਨਹੀਂ ਹਨ। ਦਰਅਸਲ ਬੀਤੀ ਰਾਤ ਤਲਵੰਡੀ ਸਾਬੋ ਦੇ ਮਸਤਾਨਾ ਰੋਡ ਦੀ ਰਹਿਣ ਵਾਲੀ ਪਰਮਜੀਤ ਕੌਰ ਨੇ ਕਿਹਾ ਕਿ ਸੀ ਕਿ ਰਾਤ ਨੂੰ ਜਦੋਂ ਉਹ ਬਾਥਰੂਮ ਗਈ ਤਾਂ ਕਿਸੇ ਨੇ ਉਸ ਦੀ ਗੁੱਤ ਕੱਟ ਲਈ। ਇਸ ਰਹੱਸਮਈ ਘਟਨਾ ਨੂੰ ਸੁਣਦੇ ਹੀ ਇਲਾਕੇ ਵਿਚ ਸਹਿਮ ਦਾ ਮਾਹੌਲ ਬਣ ਗਿਆ।
ਪੁਲਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਨੇ ਦੱਸਿਆ ਕਿ ਗੁੱਤ ਕੱਟਣ ਦਾ ਦਾਅਵਾ ਕਰਨ ਵਾਲੀ ਮਹਿਲਾ ਮਾਨਸਿਕ ਰੋਗੀ ਹੈ ਅਤੇ ਜਿਹੜੇ ਵਾਲ ਉਸ ਨੇ ਕੱਟੇ ਦੱਸੇ ਹਨ ਉਹ ਵੀ ਉਸ ਦੇ ਆਪਣੇ ਨਹੀਂ ਹਨ। ਪੁਲਸ ਨੇ ਲੋਕਾਂ ਨੂੰ ਅਫਵਾਹਾਂ ਤੋਂ ਬਚਣ ਦੀ ਅਪੀਲ ਕੀਤੀ ਹੈ।
ਦੂਜੇ ਪਾਸੇ ਉਕਤ ਮਹਿਲਾ ਦੇ ਪਤੀ ਨੇ ਵੀ ਪਤਨੀ ਦੇ ਮਾਨਸਿਕ ਰੋਗੀ ਹੋਣ ਦੀ ਗੱਲ ਕਬੂਲੀ ਹੈ। ਮਹਿਲਾ ਦੇ ਪਤੀ ਦਾ ਕਹਿਣਾ ਹੈ ਕਿ ਉਹ ਆਪਣੀ ਪਤਨੀ ਦੇ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਹੋਣ ਕਰਕੇ ਕਾਫੀ ਪ੍ਰੇਸ਼ਾਨ ਹੈ।


Related News