ਅਣਪਛਾਤੇ ਵਿਅਕਤੀ ਨੇ ਔਰਤ ਨੂੰ ਗੋਲੀਆਂ ਮਾਰ ਕੇ ਕੀਤਾ ਜ਼ਖਮੀਂ
Thursday, May 22, 2025 - 06:06 PM (IST)

ਫਿਰੋਜ਼ਪੁਰ (ਪਰਮਜੀਤ ਸੋਢੀ) : ਫਿਰੋਜ਼ਪੁਰ ਦੇ ਅਧੀਨ ਆਉਂਦੇ ਪਿੰਡ ਆਸਲ ਵਿਖੇ ਅਣਪਛਾਤੇ ਵਿਅਕਤੀਅ ਨੇ ਗੋਲੀਆਂ ਮਾਰ ਕੇ ਇਕ ਔਰਤ ਨੂੰ ਜ਼ਖਮੀਂ ਕਰਨ ਦੀ ਖਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਸਦਰ ਫਿਰੋਜ਼ਪੁਰ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ 109 ਬੀਐੱਨਐੱਸ ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਅਮਨਦੀਪ ਕੌਰ ਪੁੱਤਰੀ ਜਸਬੀਰ ਸਿੰਘ ਵਾਸੀ ਪਿੰਡ ਆਸਲ ਨੇ ਦੱਸਿਆ ਕਿ ਮਿਤੀ 13 ਮਈ 2025 ਦੀ ਰਾਤ ਨੂੰ ਉਸ ਦੀ ਅਚਾਨਕ ਤਬੀਅਤ ਖਰਾਬ ਹੋ ਗਈ, ਉਸ ਨੂੰ ਉਲਟੀਆਂ ਆਉਣ ਲੱਗ ਪਈਆਂ। ਅਮਨਦੀਪ ਕੌਰ ਨੇ ਦੱਸਿਆ ਕਿ ਉਸ ਦੇ ਨਾਲ ਦੇ ਕਮਰੇ ਵਿਚ ਪਏ ਜ਼ਸਨਦੀਪ ਸਿੰਘ ਪੁੱਤਰ ਬਲੀ ਸਿੰਘ ਵਾਸੀ ਆਸਲ ਨੂੰ ਉਠਾ ਕੇ ਪਿੰਡ ਦੇ ਡਾਕਟਰ ਤੋਂ ਦਵਾਈ ਲੈ ਕੇ ਆਉਣ ਲਈ ਕਿਹਾ।
ਅਮਨਦੀਪ ਕੌਰ ਨੇ ਦੱਸਿਆ ਕਿ ਰਾਤ ਦੇ ਕਰੀਬ 11 ਵਜੇ ਉਸ ਦਾ ਬਾਥਰੂਮ ਜੋ ਕਿ ਬੈਡਰੂਮ ਦੇ ਨਾਲ ਬਣਿਆ ਹੋਇਆ ਹੈ ਉਹ ਬਾਥਰੂਮ ਵਿਚੋਂ ਆਪਣੇ ਬੈਡਰੂਮ ਵਿਚ ਦਾਖਲ ਹੋ ਰਹੀ ਸੀ ਤਾਂ ਪਿੱਛੋਂ ਦੀ ਕਿਸੇ ਨੇ ਉਸ ਉਪਰ ਇਕ ਫਾਇਰ ਕੀਤਾ ਜੋ ਉਸ ਦੀ ਖੱਬੀ ਲੱਤ ਦੀ ਪਿੰਜਣੀ ’ਤੇ ਲੱਗਾ, ਉਸ ਨੇ ਜਲਦੀ ਨਾਲ ਬਾਥਰੂਮ ਦਾ ਦਰਵਾਜ਼ਾ ਬੰਦ ਕਰਕੇ ਬਾਥਰੂਮ ਵਿਚ ਵੜ ਗਈ, ਹਮਲਾਵਾਰ ਨੇ ਆਪਣੇ ਮੂੰਹ ਰੁਮਾਲ ਨਾਲ ਢੱਕਿਆ ਹੋਇਆ ਸੀ, ਫਿਰ ਉਸ ਨੇ ਦਰਵਾਜ਼ਾ ਧੱਕ ਕੇ ਇਕ ਫਾਇਰ ਹੋਰ ਕੀਤਾ ਜੋ ਉਸ ਦੇ ਪੇਟ ਵਿਚ ਲੱਗਾ ਤੇ ਉਹ ਹੇਠਾਂ ਡਿੱਗ ਪਈ। ਹਮਲਾਵਾਰ ਨੇ ਹੋਰ ਫਾਇਰ ਉਸ ਉਪਰ ਕਰਨ ਦੀ ਕੋਸ਼ਿਸ਼ ਕੀਤੀ ਪਰ ਨਾ ਹੋਇਆ ਤੇ ਬਾਅਦ ਵਿਚ ਹਮਲਾਵਾਰ ਮੌਕੇ ਤੋਂ ਭੱਜ ਗਿਆ। ਅਮਨਦੀਪ ਕੌਰ ਨੇ ਦੱਸਿਆ ਕਿ ਉਸ ਦਾ ਇਲਾਜ ਅਨਿਲ ਬਾਗੀ ਹਸਪਤਾਲ ਫਿਰੋਜ਼ਪੁਰ ਵਿਖੇ ਚੱਲ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਇੰਸਪੈਕਟਰ ਜਸਵੰਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।