ਨਸ਼ੇ ਦੇ ਮਾਮਲੇ ’ਚ ਫੜੀ ਗਈ ਔਰਤ ਨੂੰ ਅਦਾਲਤ ਵੱਲੋਂ ਸਖ਼ਤ ਸਜ਼ਾ ਦਾ ਐਲਾਨ

Thursday, Dec 21, 2023 - 01:30 PM (IST)

ਮੋਗਾ (ਸੰਦੀਪ ਸ਼ਰਮਾ) : ਜ਼ਿਲ੍ਹਾ ਅਤੇ ਐਡੀਸ਼ਨਲ ਸੈਸ਼ਨ ਜੱਜ ਹਰਜੀਤ ਸਿੰਘ ਦੀ ਅਦਾਲਤ ਨੇ ਥਾਣਾ ਬੱਧਨੀ ਕਲਾਂ ਪੁਲਸ ਵੱਲੋਂ ਦੋ ਸਾਲ ਪਹਿਲਾਂ ਨਸ਼ੇ ਵਾਲੀਆਂ ਗੋਲੀਆਂ ਨੂੰ ਗੈਰ ਕਾਨੂੰਨੀ ਤੌਰ ’ਤੇ ਵੇਚਣ ਦੇ ਮਾਮਲੇ ਵਿਚ ਨਾਮਜ਼ਦ ਕੀਤੀ ਗਈ ਇਕ ਮਹਿਲਾ ਨੂੰ ਦੋਸ਼ੀ ਕਰਾਰ ਦਿੱਤਾ ਹੈ। ਮਾਣਯੋਗ ਅਦਾਲਤ ਨੇ ਦੋਸ਼ੀ ਮਹਿਲਾ ਨੂੰ 10 ਸਾਲ ਦੀ ਕੈਦ ਅਤੇ ਇਕ ਲੱਖ ਰੁਪਏ ਜੁਰਮਾਨਾ ਕੀਤਾ ਹੈ। ਮਾਣਯੋਗ ਅਦਾਲਤ ਦੇ ਆਦੇਸ਼ ਅਨੁਸਾਰ ਜੁਰਮਾਨਾ ਨਾ ਭਰਨ ਦੀ ਸੂਰਤ ਵਿਚ ਮਹਿਲਾ ਨੂੰ ਇਕ ਸਾਲ ਦੀ ਕੈਦ ਹੋਰ ਕੱਟਣੀ ਪਵੇਗੀ। ਜਾਣਕਾਰੀ ਅਨੁਸਾਰ ਥਾਣਾ ਬੱਧਨੀ ਕਲਾਂ ਪੁਲਸ ਵੱਲੋਂ 26 ਸਤੰਬਰ 2021 ਨੂੰ ਥਾਣੇ ਦੀ ਹੱਦਬੰਦੀ ਦੇ ਇਲਾਕੇ ਵਿਚ ਗਸ਼ਤ ਦੌਰਾਨ ਪੁਲ ਤੋਂ ਨਾਲਾ ਰਾਊਕੇ ਕਲਾਂ ਰੋਡ ਬੱਧਨੀ ਕਲਾਂ ਸੜਕ ਦੇ ਕਿਨਾਰੇ ’ਤੇ ਹੱਥ ਵਿਚ ਪਲਾਸਟਿਕ ਦਾ ਲਿਫ਼ਾਫ਼ਾ ਫੜੇ ਸ਼ੱਕੀ ਹਾਲਾਤ ਵਿਚ ਖੜੀ ਇਕ ਔਰਤ ਨੂੰ ਦੇਖਿਆ ਅਤੇ ਗੱਡੀ ਉਸ ਵੱਲ ਘੁਮਾ ਦਿੱਤੀ, ਜਿਸ ਨੂੰ ਦੇਖ ਕੇ ਉਕਤ ਔਰਤ ਨੇ ਹੱਥ ਵਿਚ ਫੜਿਆ ਲਿਫਾਫਾ ਇਕ ਪਾਸੇ ਸੁੱਟ ਕੇ ਉਥੋਂ ਭੱਜਣ ਦਾ ਯਤਨ ਕੀਤਾ। 

ਪੁਲਸ ਪਾਰਟੀ ਵੱਲੋਂ ਮਹਿਲਾ ਨੂੰ ਕਾਬੂ ਕਰਕੇ ਜਦ ਉਸਦੀ ਤਲਾਸ਼ੀ ਲਈ ਤਾਂ ਉਸ ਵਿਚੋਂ ਭਾਰੀ ਮਾਤਰਾ ਵਿਚ ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ ਸੀ। ਮਹਿਲਾ ਦੀ ਪਛਾਣ ਸੁਖਵਿੰਦਰ ਕੌਰ ਪਤਨੀ ਕਸ਼ਮੀਰ ਸਿੰਘ ਨਿਵਾਸੀ ਰਾਊਕੇ ਕਲਾਂ ਪੁਲਸ ਵੱਲੋਂ ਉਕਤ ਮਹਿਲਾ ਸੁਖਵਿੰਦਰ ਕੌਰ ਖਿਲਾਫ਼ 26 ਸਤੰਬਰ 2021 ਨੂੰ ਐੱਨ. ਡੀ. ਪੀ. ਐੱਸ ਐਕਟ ਦੇ ਤਹਿਤ ਬਣਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਸੀ। ਇਸ ਮਾਮਲੇ ਵਿਚ ਮਾਣਯੋਗ ਅਦਾਲਤ ਨੇ ਅੱਜ ਅੰਤਿਮ ਸੁਣਵਾਈ ਉਪਰੰਤ ਸਬੂਤ ਵਿਚ ਗਵਾਹਾਂ ਦੇ ਆਧਾਰ ’ਤੇ ਆਪਣਾ ਫੈਸਲਾ ਸੁਣਾਇਆ ਹੈ।


Gurminder Singh

Content Editor

Related News