ਆਪਣੀ ਕੁੱਖ ਭਰਨ ਲਈ ਉਜਾੜਿਆ ਗੁਆਂਢੀ ਪਰਿਵਾਰ, 7 ਸਾਲਾ ਬੱਚੇ ਦੀ ਬਲੀ ਦੇਣ ਦਾ ਦੋਸ਼

Tuesday, Jul 14, 2020 - 06:28 PM (IST)

ਖਰੜ : ਘੜੂੰਆਂ ਪੁਲਸ ਚੌਂਕੀ ਦੇ ਅਧੀਨ ਆਉਂਦੇ ਪਿੰਡ ਸਕਰੂਲਾਂਪੁਰ ਵਿਚ ਇਕ ਬੇਔਲਾਦ ਜਨਾਨੀ ਨੇ ਆਪਣੀ ਕੁੱਖ ਭਰਨ ਲਈ ਆਪਣੇ ਗੁਆਂਢੀ ਦੇ ਸੱਤ ਸਾਲਾ ਬੱਚੇ ਹਰਪ੍ਰੀਤ ਸਿੰਘ ਉਰਫ ਹੈਪੀ ਦੀ ਕਥਿਤ ਬਲੀ ਦੇ ਦਿੱਤੀ। ਹਰਪ੍ਰੀਤ ਸਿੰਘ ਉਰਫ ਹੈਪੀ ਦੀ 10 ਜੁਲਾਈ ਨੂੰ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ ਸੀ। ਪੁਲਸ ਨੂੰ ਉਸ ਦੀ ਲਾਸ਼ ਘਰ ਦੇ ਕੋਲ ਝਾੜੀਆਂ ਵਿਚ ਪਈ ਮਿਲੀ ਸੀ। ਪੁਲਸ ਨੇ ਇਸ ਮਾਮਲੇ ਵਿਚ ਜਾਂਚ ਤੋਂ ਬਾਅਦ ਮ੍ਰਿਤਕ ਬੱਚੇ ਦੀ ਗੁਆਂਢਣ ਅਮਨਦੀਪ ਕੌਰ ਉਰਫ਼ ਸ਼ਿਵਾਨੀ ਨੂੰ ਕਤਲ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ। ਦੋਸ਼ਣ ਅਮਨਦੀਪ ਕੌਰ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਨੂੰ ਮੰਗਲਵਾਰ ਅਦਾਲਤ ਵਿਚ ਪੇਸ਼ ਕੀਤਾ ਗਿਆ। 

ਇਹ ਵੀ ਪੜ੍ਹੋ : ਰਾਜਾ ਵੜਿੰਗ ਨੇ ਛਿੱਕੇ ਟੰਗੇ ਕੈਪਟਨ ਦੇ ਹੁਕਮ, ਕੀਤਾ ਵੱਡਾ ਸਿਆਸੀ ਇਕੱਠ (ਵੀਡੀਓ)     

ਆਪਣੀਆਂ ਖ਼ੁਸ਼ੀਆਂ ਲਈ ਦੂਜੇ ਦਾ ਘਰ ਉਜਾੜਿਆ
ਅਮਨਦੀਪ ਕੌਰ ਉਰਫ ਸ਼ਿਵਾਨੀ (20) ਮ੍ਰਿਤਕ ਹਰਪ੍ਰੀਤ ਸਿੰਘ ਉਰਫ ਹੈਪੀ ਦੀ ਗੁਆਂਢਣ ਹੈ। ਵਿਆਹ ਤੋਂ ਬਾਅਦ ਉਸ ਦੀਆਂ ਦੋ ਧੀਆਂ ਹੋਈਆਂ ਅਤੇ ਦੋਵਾਂ ਦੀ ਮੌਤ ਹੋ ਗਈ। ਸੂਤਰਾਂ ਅਨੁਸਾਰ ਕਿਸੇ ਨੇ ਉਸ ਨੂੰ ਭੜਕਾਇਆ ਕਿ ਉਸ ਨੂੰ ਔਲਾਦ ਦਾ ਸੁੱਖ ਤਾਂ ਹੀ ਮਿਲੇਗਾ ਜੇ ਉਹ ਕਿਸੇ ਬੱਚੇ ਦੀ ਬਲੀ ਦੇਵੇਗੀ। ਇਸ ਕਾਰਣ ਉਸਨੇ ਆਪਣੇ ਹੀ ਗੁਆਂਢੀ ਬੱਚੇ ਦਾ ਕਤਲ ਕਰ ਦਿੱਤਾ। ਹਾਲਾਂਕਿ ਪੁਲਸ ਇਸ ਗੱਲ ਦਾ ਖੁੱਲ੍ਹ ਕੇ ਜ਼ਿਕਰ ਨਹੀਂ ਕਰ ਰਹੀ ਹੈ। ਜਿਸ ਸਮੇਂ ਹਰਪ੍ਰੀਤ ਦੀ ਲਾਸ਼ ਝਾੜੀਆਂ 'ਚੋਂ ਮਿਲੀ ਉਸ ਸਮੇਂ ਉਸ ਦੇ ਮੂੰਹ 'ਚੋਂ ਝੱਗ ਨਿਕਲ ਰਹੀ ਸੀ ਅਤੇ ਜਦੋਂ ਹਰਪ੍ਰੀਤ ਦਾ ਦੋ ਡਾਕਟਰਾਂ ਨੇ ਪੋਸਟਮਾਰਟਮ ਕੀਤਾ ਤਾਂ ਉਸ ਦੇ ਸਰੀਰ 'ਤੇ ਛੋਟੇ-ਛੋਟੇ ਨਿਸ਼ਾਨ ਸਨ ਅਤੇ ਇੰਜਰੀ ਵੀ ਪਾਈ ਗਈ ਸੀ। ਪੁਲਸ ਨੇ ਇਸ ਆਧਾਰ 'ਤੇ ਪਹਿਲਾਂ ਅਣਪਛਾਤੇ ਵਿਅਕਤੀ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਸੀ। ਪੁਲਸ ਅੰਦਾਜ਼ਾ ਲਗਾ ਰਹੀ ਹੈ ਕਿ ਹੋ ਸਕਦਾ ਹੈ ਕਿ ਅਮਨਦੀਪ ਕੌਰ ਨੇ ਹਰਪ੍ਰੀਤ ਨੂੰ ਅਗਵਾ ਕਰਨ ਤੋਂ ਬਾਅਦ ਕੁੱਟਿਆ ਹੋਵੇ ਅਤੇ ਬਾਅਦ ਵਿਚ ਉਸ ਨੂੰ ਸੱਪ ਤੋਂ ਡਸਵਾ ਦਿੱਤਾ ਹੋਵੇ ਤਾਂ ਕਿ ਉਸ ਦੀ ਮੌਤ ਕੁਦਰਤੀ ਲੱਗੇ ਅਤੇ ਕਿਸੇ ਨੂੰ ਉਸ 'ਤੇ ਸ਼ੱਕ ਨਾ ਹੋਵੇ ਕਿ ਉਸ ਨੇ ਬਲੀ ਦਿੱਤੀ ਹੈ। ਹਾਲਾਂਕਿ ਇਸ ਮਾਮਲੇ ਵਿਚ ਪੁਲਸ ਰਿਮਾਂਡ ਤੋਂ ਬਾਅਦ ਖੁਲਾਸਾ ਕਰੇਗੀ ਪਰ ਅਮਨਦੀਪ ਕੌਰ ਨੇ ਪਿੰਡ ਸਕਰੂਲਾਂਪੁਰ ਦੇ ਸਰਪੰਚ ਕੋਲ ਆਪਣਾ ਜ਼ੁਲਮ ਕਬੂਲ ਕਰ ਲਿਆ ਹੈ।

ਇਹ ਵੀ ਪੜ੍ਹੋ : ਮੁੱਖ ਮੰਤਰੀ ਦੇ ਸ਼ਹਿਰ 'ਚ ਕੋਰੋਨਾ ਦਾ ਵੱਡਾ ਧਮਾਕਾ, ਲਗਾਤਾਰ ਬੇਕਾਬੂ ਹੋ ਰਹੇ ਹਾਲਾਤ


Gurminder Singh

Content Editor

Related News