ਤਲਾਕ ਦਿੱਤੇ ਬਿਨਾਂ ਪਤਨੀ ਨੇ ਕਰਵਾਇਆ ਦੂਜਾ ਵਿਆਹ, ਅੰਗਹੀਣ ਪਤੀ ਨੇ ਲਗਾਈ ਇਨਸਾਫ ਦੀ ਗੁਹਾਰ

Tuesday, Jul 04, 2017 - 12:07 PM (IST)

ਬਟਾਲਾ - 'ਜਗ ਬਾਣੀ' ਦਫਤਰ ਵਿਖੇ ਇਕ ਅੰਗਹੀਣ ਸੁਰਜੀਤ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਕੋਟ ਮਜਲਸ ਥਾਣਾ ਕਿਲਾ ਲਾਲ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦੀ ਪਤਨੀ ਨੇ ਬਿਨਾਂ ਤਲਾਕ ਦਿੱਤੇ ਦੂਜਾ ਵਿਆਹ ਕਰਵਾ ਲਿਆ ਹੈ, ਜਿਸ ਸਬੰਧੀ ਉਸ ਨੇ ਲਿਖਤੀ ਤੌਰ 'ਤੇ ਐੱਸ. ਐੱਸ. ਪੀ. ਬਟਾਲਾ ਤੋਂ ਇਨਸਾਫ ਦੀ ਮੰਗ ਕੀਤੀ ਹੈ। 
ਉਸ ਨੇ ਦੱਸਿਆ ਕਿ ਮੇਰਾ ਵਿਆਹ ਦਸੰਬਰ 2013 ਨੂੰ ਪਿੰਡ ਲੋਪੋਕੇ ਤਹਿਸੀਲ ਅਜਨਾਲਾ ਜ਼ਿਲਾ ਅੰਮ੍ਰਿਤਸਰ ਦੀ ਰਹਿਣ ਵਾਲੀ ਇਕ ਲੜਕੀ (ਕਾਲਪਨਿਕ ਨਾਂ ਸੁਰਜੀਤ ਕੌਰ) ਨਾਲ ਹੋਇਆ ਸੀ ਅਤੇ ਵਿਆਹ ਤੋਂ ਬਾਅਦ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਜਦਕਿ ਉਸ ਦੀ ਗੈਰ-ਹਾਜ਼ਰੀ 'ਚ ਉਸ ਦਾ ਸਹੁਰਾ ਪਰਿਵਾਰ ਆਪਣੀ ਲੜਕੀ ਨੂੰ ਲੈ ਗਿਆ। ਉਸ ਨੇ ਦੱਸਿਆ ਕਿ ਮੇਰੀ ਪਤਨੀ ਪੇਕੇ ਜਾਣ ਮੌਕੇ ਇਕ ਸੋਨੇ ਦੀ ਚੇਨ, ਇਕ ਮੁੰਦਰੀ ਤੇ 30 ਹਜ਼ਾਰ ਰੁਪਏ ਦੀ ਨਕਦੀ ਲੈ ਗਈ, ਜਿਸ 'ਤੇ ਮੈਂ ਸਹੁਰਾ ਪਰਿਵਾਰ ਨੂੰ ਪੁੱਛਿਆ ਤਾਂ ਉਨ੍ਹਾਂ ਨੇ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। 
ਉਸ ਨੇ ਕਿਹਾ ਕਿ ਮੇਰੀ ਪਤਨੀ ਨੇ ਮੈਨੂੰ ਤਲਾਕ ਦਿੱਤੇ ਬਿਨਾਂ ਦੂਜਾ ਵਿਆਹ ਕਰ ਲਿਆ ਹੈ, ਜਿਸ ਕਰ ਕੇ ਉਸ ਨੇ ਪੁਲਸ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਮੇਰੇ ਸਹੁਰੇ ਪਰਿਵਾਰ ਅਤੇ ਪਤਨੀ ਵਿਰੁੱਧ ਕਾਰਵਾਈ ਕਰ ਕੇ ਮੈਨੂੰ ਇਨਸਾਫ ਦਿੱਤਾ ਜਾਵੇ। 
 


Related News