ਏ. ਐੱਸ. ਆਈ. ਨੇ ਸੀ. ਐੱਮ. ਤੋਂ ਮੰਗੀ ਭ੍ਰਿਸ਼ਟ ਅਧਿਕਾਰੀਆਂ ਦੀ ਪੋਲ ਖੋਲ੍ਹਣ ਦੀ ਇਜਾਜ਼ਤ
Friday, Jun 23, 2017 - 02:30 PM (IST)
ਚੰਡੀਗੜ੍ਹ (ਰਾਣਾ)-ਪੰਜਾਬ ਪੁਲਸ ਦੇ ਵਾਇਰਲੈੱਸ ਵਿਭਾਗ ਦੇ ਵੱਡੇ ਅਧਿਕਾਰੀਆਂ ਤੇ ਕਰਮਚਾਰੀਆਂ ਖਿਲਾਫ਼ ਭ੍ਰਿਸ਼ਟਾਚਾਰ ਸਮੇਤ ਹੋਰ ਅਪਰਾਧਾਂ 'ਚ ਸ਼ਾਮਲ ਹੋਣ ਦੇ ਦੋਸ਼ ਲਾਉਣ ਵਾਲੇ ਪੁਲਸ ਦੇ ਵਾਇਰਲੈੱਸ ਵਿਭਾਗ 'ਚ ਕੰਮ ਕਰਦੇ ਏ. ਐੱਸ. ਆਈ. ਸਤਨਾਮ ਸਿੰਘ ਬਾਜਵਾ ਨੇ ਮੁੱਖ ਮੰਤਰੀ ਤੋਂ ਮਨਜ਼ੂਰੀ ਮੰਗੀ ਹੈ ਕਿ ਉਹ ਪ੍ਰੈੱਸ ਕਾਨਫਰੰਸ 'ਚ ਭ੍ਰਿਸ਼ਟ ਅਧਿਕਾਰੀਆਂ ਦਾ ਸੱਚ ਸਾਹਮਣੇ ਲਿਆ ਸਕੇ। ਏ. ਐੱਸ. ਆਈ. ਬਾਜਵਾ ਨੇ ਮੁੱਖ ਮੰਤਰੀ ਸਮੇਤ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਅਡੀਸ਼ਨਲ ਹੋਮ ਸੈਕਟਰੀ ਨਿਰਮਲਜੀਤ ਸਿੰਘ ਕਲਸੀ, ਡੀ. ਜੀ. ਪੀ. ਸੁਰੇਸ਼ ਅਰੋੜਾ ਤੇ ਏ. ਡੀ. ਜੀ. ਪੀ. ਆਈ. ਟੀ. ਐਂਡ ਟੀ. ਵੀ. ਕੇ. ਭਾਂਵਰਾ ਨੂੰ ਚਿੱਠੀ ਲਿਖ ਕੇ ਇਹ ਮੰਗ ਕੀਤੀ ਹੈ।
ਪੱਤਰ 'ਚ ਦੋਸ਼ ਲਾਇਆ ਗਿਆ ਹੈ ਕਿ ਵਿਭਾਗ 'ਚ ਪੁਲਸ ਕਰਮਚਾਰੀਆਂ ਦੇ ਫੰਡਾਂ, ਸਰਕਾਰੀ ਖਜ਼ਾਨੇ ਦੀ ਲੁੱਟ, ਸੀਨੀਓਰਿਟੀ ਨੂੰ ਆਧਾਰ ਬਣਾ ਕੇ ਅਦਾਲਤਾਂ ਨੂੰ ਗੁੰਮਰਾਹ ਕਰਨ, ਅਧਿਕਾਰੀਆਂ ਨੂੰ ਧੋਖਾ ਦੇਣ ਕੇ ਕਰੋੜਾਂ ਰੁਪਏ ਦੀ ਨਾਜਾਇਜ਼ ਅਦਾਇਗੀ ਕਰਨ ਦਾ ਸੱਚ ਜਨਤਾ ਦੇ ਸਾਹਮਣੇ ਆਉਣਾ ਚਾਹੀਦਾ ਹੈ। ਕਿਹਾ ਗਿਆ ਕਿ ਵਿਭਾਗ ਤੋਂ ਇਨਸਾਫ਼ ਮਿਲਣ ਦੀ ਉਮੀਦ ਨਹੀਂ ਆਉਂਦੀ। ਬਾਜਵਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਆਪਣੇ ਵਲੋਂ ਲਾਏ ਗਏ ਦੋਸ਼ਾਂ ਦੇ ਪੁਖਤਾ ਸਬੂਤ ਹਨ।
ਇਹ ਖੁਲਾਸੇ ਕਰਨਾ ਚਾਹੁੰਦਾ ਹੈ
ਵਿਭਾਗ ਦਾ ਰਿਕਾਰਡ ਗਾਇਬ ਕਰਨ ਵਾਲੇ ਪੁਲਸ ਕਰਮਚਾਰੀਆਂ ਤੇ ਅਫ਼ਸਰਾਂ ਦੇ ਨਾਵਾਂ ਦਾ ਮੀਡੀਆ ਸਾਹਮਣੇ ਖੁਲਾਸਾ ਕੀਤਾ ਜਾਵੇਗਾ। ਵਿਭਾਗ ਦੇ ਕਰਮਚਾਰੀਆਂ ਦੀ ਸਿਨਓਰਿਟੀ ਨੂੰ ਲੈ ਕੇ ਅਦਾਲਤ 'ਚ ਪੈਂਡਿੰਗ ਮਾਮਲਿਆਂ ਸਬੰਧੀ ਸੱਚਾਈ ਸਾਹਮਣੇ ਲਿਆਂਦੀ ਜਾਵੇਗੀ। ਦੋਸ਼ ਲਾਇਆ ਗਿਆ ਹੈ ਕਿ ਕੁਝ ਲਾਭਪਾਤਰੀਆਂ ਵਲੋਂ ਅਦਾਲਤ ਤੇ ਸਰਕਾਰ ਨੂੰ ਗਲਤ ਤੱਥ ਪੇਸ਼ ਕਰਕੇ ਗੁੰਮਰਾਹ ਕੀਤਾ ਜਾ ਰਿਹਾ ਹੈ। ਵਾਇਰਲੈੱਸ ਵਿਭਾਗ 'ਚ ਪੈਸੇ ਦਾ ਗÎਣਿਤ ਸੁਧਾਰ ਕੇ ਸਰਕਾਰੀ ਖਜ਼ਾਨੇ 'ਚ ਸਾਲਾਨਾ ਕਰੋੜਾਂ ਰੁਪਏ ਦੀ ਬੱਚਤ ਕਿੰਝ ਕੀਤੀ ਜਾ ਸਕਦੀ ਹੈ ਤੇ ਸੀਨੀਓਰਿਟੀ ਨੂੰ ਲੈ ਕੇ ਅਦਾਲਤਾਂ 'ਚ ਜਾਣ ਵਾਲੇ ਅਨੇਕਾਂ ਕੇਸ ਕਿੰਝ ਖਤਮ ਕੀਤੇ ਜਾ ਸਕਦੇ ਹਨ, ਉਸ ਦੀ ਵੀ ਜਾਣਕਾਰੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਛੋਟੇ-ਛੋਟੇ ਕੰਮਾਂ 'ਚ ਸੁਧਾਰ ਤੇ ਬਿਹਤਰ ਸੰਚਾਲਨ ਕਰਨ ਤੇ ਬਿਜਲੀ ਪ੍ਰਬੰਧਾਂ ਨੂੰ ਲੈ ਕੇ ਜਾਣਕਾਰੀ ਪ੍ਰੈੱਸ ਕਾਨਫਰੰਸ 'ਚ ਦੇਣ ਦੀ ਗੱਲ ਕਹੀ ਗਈ ਹੈ।
ਐੱਸ. ਪੀ. (ਲਾਅ ਐਂਡ ਆਰਡਰ) ਦਫ਼ਤਰ ਪਹੁੰਚੀ ਫਾਈਲ
ਏ. ਐੱਸ. ਆਈ .ਬਾਜਵਾ ਵਲੋਂ ਵਿਭਾਗ ਦੀਆਂ ਗੁੰਮ ਹੋਈਆਂ ਫਾਈਲਾਂ ਸਬੰਧੀ ਲਾਏ ਗਏ ਸੰਗੀਨ ਦੋਸ਼ਾਂ ਤੇ ਉਨ੍ਹਾਂ ਦੇ ਜਾਂਚ ਦੀ ਮੰਗ ਵਾਲੀ ਸ਼ਿਕਾਇਤ ਐੱਸ. ਪੀ. ਲਾਅ ਐਂਡ ਆਰਡਰ ਦੇ ਦਫ਼ਤਰ 'ਚ ਪਹੁੰਚ ਗਈ ਹੈ। ਸ਼ਿਕਾਇਤਕਰਤਾ ਨੂੰ ਇਸ ਸਬੰਧੀ ਪੁਲਸ ਅਫ਼ਸਰ ਨੂੰ ਫ਼ੋਨ 'ਤੇ ਇਸ ਦੀ ਜਾਣਕਾਰੀ ਦਿੰਦਿਆਂ ਜਲਦੀ ਹੀ ਜਾਂਚ 'ਚ ਸ਼ਾਮਲ ਕਰਨ ਦੀ ਗੱਲ ਕਹੀ ਗਈ ਹੈ। ਧਿਆਨਯੋਗ ਹੈ ਕਿ 'ਜਗ ਬਾਣੀ' ਨੇ ਇਨ੍ਹਾਂ ਫਾਈਲਾਂ ਦੇ ਗਾਇਬ ਹੋਣ ਦੀ ਖ਼ਬਰ ਨੂੰ ਪ੍ਰਮੁਖਤਾ ਨਾਲ ਛਾਪਿਆ ਸੀ ਤਾਂ ਕਿ ਮਾਮਲੇ ਦੀ ਸੱਚਾਈ ਸਾਹਮਣੇ ਆ ਸਕੇ। ਸੈਕਟਰ-5 ਥਾਣੇ 'ਚ 4 ਮਹੀਨੇ ਪਹਿਲਾਂ ਇਹ ਕੇਸ ਦਰਜ ਕੀਤਾ ਗਿਆ ਸੀ। ਹਾਲਾਂਕਿ ਪੁਲਸ ਅਜੇ ਕੁਝ ਅਹਿਮ ਜਾਣਕਾਰੀ ਹਾਸਿਲ ਨਹੀਂ ਕਰ ਸਕੀ ਹੈ।