ਨੋਟਿਸ ਰਫਾ-ਦਫਾ ਕਰਾਉਣ ਬਦਲੇ ਮੰਗੀ 30 ਹਜ਼ਾਰ ਦੀ ਰਿਸ਼ਵਤ, ਵਿਜੀਲੈਂਸ ਬਿਊਰੋ ਨੇ ਰੰਗੇ ਹੱਥੀਂ ਫੜ ਲਈ ਬੀਬੀ

Monday, Nov 11, 2024 - 05:09 AM (IST)

ਹੁਸ਼ਿਆਰਪੁਰ/ਜਲੰਧਰ/ਚੰਡੀਗੜ੍ਹ (ਰਾਕੇਸ਼, ਧਵਨ, ਅੰਕੁਰ) : ਪੰਜਾਬ ਵਿਜੀਲੈਂਸ ਬਿਊਰੋ ਨੇ ਹੁਸ਼ਿਆਰਪੁਰ ਦੇ ਸਹਾਇਕ ਲੇਬਰ ਕਮਿਸ਼ਨਰ ਹਰਪ੍ਰੀਤ ਸਿੰਘ (ਪੀ. ਸੀ. ਐੱਸ.) ਅਤੇ ਉਨ੍ਹਾਂ ਦੇ ਦਫਤਰ ਵਿਚ ਤਾਇਨਾਤ ਕੰਪਿਊਟਰ ਆਪ੍ਰੇਟਰ ਅਲਕਾ ਸ਼ਰਮਾ ਖਿਲਾਫ ਰਿਸ਼ਵਤ ਲੈਣ ਦੇ ਦੋਸ਼ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਵਿਚ ਕੰਪਿਊਟਰ ਆਪ੍ਰੇਟਰ ਅਲਕਾ ਸ਼ਰਮਾ ਨੂੰ 30,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ, ਜਿਸ ਨੂੰ ਅਦਾਲਤ ਵੱਲੋਂ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ ’ਤੇ ਜੇਲ੍ਹ ਭੇਜ ਦਿੱਤਾ ਗਿਆ ਹੈ। ਦੂਜਾ ਮੁਲਜ਼ਮ ਹਰਪ੍ਰੀਤ ਸਿੰਘ ਪੀ. ਸੀ. ਐੱਸ. ਫਰਾਰ ਹੋ ਗਿਆ ਹੈ।

ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਮਾਮਲਾ ਕਸ਼ਮੀਰੀ ਬਾਜ਼ਾਰ ਹੁਸ਼ਿਆਰਪੁਰ ਦੇ ਦੁਕਾਨਦਾਰ ਰੋਹਿਤ ਚੌਹਾਨ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਬਿਊਰੋ ਕੋਲ ਪਹੁੰਚ ਕਰ ਕੇ ਦੱਸਿਆ ਕਿ ਉਹ ਸੁਨਿਆਰੇ ਦੀ ਦੁਕਾਨ ਚਲਾਉਂਦਾ ਹੈ ਅਤੇ ਆਪਣੀ ਦੁਕਾਨ ਦਾ ਨਵੀਨੀਕਰਨ ਕਰਵਾਇਆ ਸੀ, ਜਿਸ ਸਬੰਧੀ ਉਸ ਨੂੰ ਸਹਾਇਕ ਲੇਬਰ ਕਮਿਸ਼ਨਰ, ਹੁਸ਼ਿਆਰਪੁਰ ਦੇ ਦਫਤਰ ਤੋਂ ਨੋਟਿਸ ਪ੍ਰਾਪਤ ਹੋਇਆ ਸੀ। ਇਸ ਸਬੰਧੀ ਜਦੋਂ ਉਹ ਸਹਾਇਕ ਕਿਰਤ ਕਮਿਸ਼ਨਰ ਦੇ ਦਫਤਰ ਗਿਆ ਤਾਂ ਉੱਥੇ ਮੌਜੂਦ ਕੰਪਿਊਟਰ ਆਪ੍ਰੇਟਰ ਅਲਕਾ ਸ਼ਰਮਾ ਨੇ ਉਸ ਨੂੰ ਕਿਹਾ ਕਿ ਉਨ੍ਹਾਂ ਨੂੰ ਭਾਰੀ ਜੁਰਮਾਨਾ ਲਗੇਗਾ ਪਰ ਮੈਂ ਆਪਣੇ ਅਧਿਕਾਰੀ ਸਹਾਇਕ ਲੇਬਰ ਕਮਿਸ਼ਨਰ ਹਰਪ੍ਰੀਤ ਸਿੰਘ ਨਾਲ ਗੱਲ ਕਰ ਕੇ ਇਸ ਨੋਟਿਸ ਨੂੰ ਰਫਾ-ਦਫਾ ਕਰਵਾ ਦਿਆਂਗੀ।

ਇਹ ਵੀ ਪੜ੍ਹੋ : ਸਟੀਵ ਜਿਰਵਾ ਨੇ ਜਿੱਤੀ 'ਇੰਡੀਆਜ਼ ਬੈਸਟ ਡਾਂਸਰ' ਦੀ ਟਰਾਫੀ, ਇਨਾਮ 'ਚ ਮਿਲੇ ਲੱਖਾਂ ਰੁਪਏ ਤੇ ਲਗਜ਼ਰੀ ਕਾਰ

ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਸਮੇਂ ਅਲਕਾ ਸ਼ਰਮਾ ਉਹ ਨੋਟਿਸ ਲੈ ਕੇ ਹਰਪ੍ਰੀਤ ਸਿੰਘ ਦੇ ਕਮਰੇ ’ਚ ਚਲੀ ਗਈ ਅਤੇ ਕੁਝ ਸਮੇਂ ਬਾਅਦ ਉਸ ਨੇ ਸ਼ਿਕਾਇਤਕਰਤਾ ਨੂੰ ਵੀ ਅੰਦਰ ਬੁਲਾ ਲਿਆ। ਜਿੱਥੇ ਹਰਪ੍ਰੀਤ ਸਿੰਘ (ਪੀ. ਸੀ. ਐੱਸ.) ਨੇ ਨੋਟਿਸ ਫਾਈਲ ਕਰਨ ਦੇ ਬਦਲੇ ਸ਼ਿਕਾਇਤਕਰਤਾ ਤੋਂ 30,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ। ਸ਼ਿਕਾਇਤਕਰਤਾ ਨੇ ਇਸ ਦੌਰਾਨ ਹੋਈ ਗੱਲਬਾਤ ਰਿਕਾਰਡ ਕਰ ਲਈ, ਜੋ ਉਸ ਨੇ ਸਬੂਤ ਵਜੋਂ ਵਿਜੀਲੈਂਸ ਬਿਊਰੋ ਨੂੰ ਪੇਸ਼ ਕੀਤੀ।

ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਪੜਤਾਲ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਦਾ ਗਠਨ ਕਰ ਕੇ ਸ਼ਿਕਾਇਤਕਰਤਾ, ਸਰਕਾਰੀ ਅਤੇ ਸਰਕਾਰੀ ਗਵਾਹਾਂ ਨੂੰ ਲੈ ਕੇ ਜਾਲ ਵਿਛਾਇਆ। ਜਿਸ ਦੌਰਾਨ ਕੰਪਿਊਟਰ ਆਪ੍ਰੇਟਰ ਅਲਕਾ ਸ਼ਰਮਾ ਨੂੰ ਸ਼ਿਕਾਇਤਕਰਤਾ ਪਾਸੋਂ 30,000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ਗਿਆ ਪਰ ਉਸ ਸਮੇਂ ਸਹਾਇਕ ਕਿਰਤ ਕਮਿਸ਼ਨਰ ਹਰਪ੍ਰੀਤ ਸਿੰਘ ਦਫਤਰ ਵਿਚ ਮੌਜੂਦ ਨਹੀਂ ਸਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਦੋਵਾਂ ਕਰਮਚਾਰੀਆਂ ਖਿਲਾਫ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਬਿਊਰੋ ਦੇ ਥਾਣਾ ਜਲੰਧਰ ਰੇਂਜ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


Sandeep Kumar

Content Editor

Related News