5 ਸਾਲਾਂ ''ਚ ਪਹਿਲੀ ਵਾਰ ਜਨਵਰੀ ਸਭ ਤੋਂ ਠੰਡੀ, 10 ਡਿਗਰੀ ਡਿੱਗਿਆ ਵੱਧ ਤੋਂ ਵੱਧ ਪਾਰਾ

Monday, Jan 17, 2022 - 12:57 PM (IST)

5 ਸਾਲਾਂ ''ਚ ਪਹਿਲੀ ਵਾਰ ਜਨਵਰੀ ਸਭ ਤੋਂ ਠੰਡੀ, 10 ਡਿਗਰੀ ਡਿੱਗਿਆ ਵੱਧ ਤੋਂ ਵੱਧ ਪਾਰਾ

ਚੰਡੀਗੜ੍ਹ (ਪਾਲ) : ਦੋ ਦਿਨਾਂ ਤੋਂ ਸ਼ਹਿਰ ਵਿਚ ਅਚਾਨਕ ਠੰਡ ਵੱਧ ਗਈ ਹੈ। ਲਗਾਤਾਰ ਦੂਜੇ ਦਿਨ ਸ਼ਹਿਰ ਵਿਚ ਧੁੱਪ ਨਹੀਂ ਨਿਕਲੀ। ਐਤਵਾਰ ਵੀ ਸਾਰਾ ਦਿਨ ਬੱਦਲ ਛਾਏ ਰਹੇ, ਨਾਲ ਹੀ ਠੰਡੀਆਂ ਹਵਾਵਾਂ ਨੇ ਠੰਡ ਦਾ ਅਹਿਸਾਸ ਕਰਵਾਇਆ। ਮੌਸਮ ਵਿਭਾਗ ਦੀ ਮੰਨੀਏ ਤਾਂ ਅਗਲੇ 5 ਦਿਨ ਸ਼ਹਿਰ ਦਾ ਮੌਸਮ ਇੰਝ ਹੀ ਰਹੇਗਾ। ਸਵੇਰੇ-ਸ਼ਾਮ ਹੁਣ ਧੁੰਦ ਦੇਖਣ ਨੂੰ ਮਿਲੇਗੀ। ਨਾਲ ਹੀ ਦਿਨ ਦਾ ਪਾਰਾ ਘੱਟ ਹੋਵੇਗਾ। ਉੱਥੇ ਹੀ ਐਤਵਾਰ ਇਸ ਸੀਜ਼ਨ ਦਾ ਹੁਣ ਤਕ ਦਾ ਸਭ ਤੋਂ ਘੱਟ ਤਾਪਮਾਨ ਰਿਕਾਰਡ ਹੋਇਆ, ਦਿਨ ਦਾ ਵੱਧ ਤੋਂ ਵੱਧ ਤਾਪਮਾਨ 10 ਡਿਗਰੀ ਡਿੱਗ ਗਿਆ ਹੈ, ਵੱਧ ਤੋਂ ਵੱਧ ਤਾਪਮਾਨ 11 ਡਿਗਰੀ ਸੈਲਸੀਅਸ ਰਿਕਾਰਡ ਹੋਇਆ, ਜੋ ਜਨਵਰੀ ਦਾ ਹੁਣ ਤੱਕ ਸਭ ਤੋਂ ਘੱਟ ਵੱਧ ਤੋਂ ਵੱਧ ਤਾਪਮਾਨ ਹੈ।

ਇਸ ਦੇ ਨਾਲ ਹੀ ਪਿਛਲੇ 5 ਸਾਲਾਂ ਵਿਚ ਪਹਿਲੀ ਵਾਰ ਜਨਵਰੀ ਦਾ ਦਿਨ ਦਾ ਪਾਰਾ ਇੰਨਾ ਘੱਟ ਰਿਕਾਰਡ ਹੋਇਆ ਹੈ। ਇਸ ਤੋਂ ਪਹਿਲਾਂ ਸਿਰਫ ਇਕ ਵਾਰ 2021 ਵਿਚ 30 ਜਨਵਰੀ ਨੂੰ ਵੱਧ ਤੋਂ ਵੱਧ ਪਾਰਾ 11.1 ਡਿਗਰੀ ਸੈਲਸੀਅਸ ਰਿਹਾ ਸੀ ਪਰ ਐਤਵਾਰ ਦਾ ਦਿਨ ਇਸ ਤੋਂ ਥੋੜ੍ਹਾ ਜ਼ਿਆਦਾ ਠੰਡਾ ਰਿਹਾ। ਉੱਥੇ ਹੀ ਹੇਠਲਾ ਤਾਪਮਾਨ 3 ਡਿਗਰੀ ਗਿਰਾਵਟ ਦੇ ਨਾਲ 8.2 ਡਿਗਰੀ ਦਰਜ ਹੋਇਆ। ਮੌਸਮ ਵਿਭਾਗ ਅਨੁਸਾਰ 16 ਤੋਂ 18 ਜਨਵਰੀ ਵਿਚਕਾਰ ਦੋ ਪੱਛਮੀ ਪੌਣਾਂ ਸਰਗਰਮ ਹੋਣ ਦੇ ਲੱਛਣ ਬਣ ਰਹੇ ਹਨ ਪਰ ਇਨ੍ਹਾਂ ਦਾ ਜ਼ਿਆਦਾ ਅਸਰ ਪਹਾੜਾਂ ’ਤੇ ਪੈਣ ਦੀ ਸੰਭਾਵਨਾ ਹੈ। ਮੈਦਾਨਾਂ ਵਿਚ ਬੱਦਲ ਛਾ ਸਕਦੇ ਹਨ, ਮੀਂਹ ਦੀ ਸੰਭਾਵਨਾ ਘੱਟ ਹੈ। ਸਵੇਰੇ ਅਤੇ ਸ਼ਾਮ ਸਮੇਂ ਧੁੰਦ ਛਾ ਸਕਦੀ ਹੈ।
ਅੱਗੇ ਇੰਝ ਰਹੇਗਾ ਮੌਸਮ ਦਾ ਹਾਲ
ਮੌਸਮ ਵਿਭਾਗ ਅਨੁਸਾਰ ਸੋਮਵਾਰ ਸੰਭਾਵੀ ਬੱਦਲ ਛਾਉਣ ਦੇ ਨਾਲ ਸਵੇਰੇ-ਸ਼ਾਮ ਧੁੰਦ ਪੈ ਸਕਦੀ ਹੈ। ਦਿਨ ਦਾ ਵੱਧ ਤੋਂ ਵੱਧ ਤਾਪਮਾਨ 12 ਅਤੇ ਹੇਠਲਾ ਤਾਪਮਾਨ 8 ਡਿਗਰੀ ਰਹਿ ਸਕਦਾ ਹੈ। ਸੋਮਵਾਰ ਵੀ ਬੱਦਲ ਛਾਉਣ ਦੀ ਸੰਭਾਵਨਾ ਹੈ ਪਰ ਮੀਂਹ ਦੀ ਸੰਭਾਵਨਾ ਨਹੀਂ ਹੈ। ਦਿਨ ਦਾ ਵੱਧ ਤੋਂ ਵੱਧ ਤਾਪਮਾਨ 15 ਅਤੇ ਹੇਠਲਾ ਤਾਪਮਾਨ 9 ਡਿਗਰੀ ਰਹਿ ਸਕਦਾ ਹੈ।
 


author

Babita

Content Editor

Related News