169 ਲੋਕਾਂ ਨੂੰ ਬਚਾਉਂਦੇ ਹੋਏ ਆਪਣੀ ਜਾਨ ਵਾਰਨ ਵਾਲੇ ਪੰਜਾਬ ਦੇ ਇਸ ਸਪੂਤ ਦੀ ਸ਼ਹਾਦਤ ਨੂੰ ਲੱਖ-ਲੱਖ ਪ੍ਰਣਾਮ (ਤਸਵੀਰਾਂ)
Friday, Jul 14, 2017 - 01:59 PM (IST)

ਪਟਿਆਲਾ— ਦੁਨੀਆ 'ਚ ਜਦੋਂ ਵੀ ਕੁਰਬਾਨੀਆਂ ਦੇਣ ਵਾਲਿਆਂ ਦਾ ਜ਼ਿਕਰ ਚੱਲੇਗਾ ਤਾਂ ਪੰਜਾਬ ਦੇ ਸਪੂਤ ਇਸ ਸੂਚੀ ਵਿਚ ਸਭ ਤੋਂ ਅੱਗੇ ਖੜ੍ਹੇ ਦਿਖਾਈ ਦੇਣਗੇ। ਇਸੇ ਤਰ੍ਹਾਂ ਦੀ ਇਕ ਕੁਰਬਾਨੀ ਦੇ ਕੇ ਅਮਰ ਹੋ ਗਏ ਨੇ ਪੰਜਾਬ ਦੇ ਮਨਦੀਪ ਸਿੰਘ ਢਿੱਲੋਂ। ਏਅਰਫੋਰਸ ਦੇ ਵਿੰਗ ਕਮਾਂਡਰ ਢਿੱਲੋਂ ਨੇ ਚਾਰ ਜੁਲਾਈ ਨੂੰ ਹੜ੍ਹ ਪ੍ਰਭਾਵਿਤ ਅਰੁਣਾਚਲਪ੍ਰਦੇਸ਼ ਵਿਚ 169 ਲੋਕਾਂ ਨੂੰ ਬਚਾਉਂਦੇ ਹੋਏ ਸ਼ਹਾਦਤ ਦਾ ਜਾਮ ਪੀਤਾ। ਮੌਤ ਤੋਂ ਪਹਿਲਾਂ ਉਹ ਇੰਨੇਂ ਲੋਕਾਂ ਨੂੰ ਜ਼ਿੰਦਗੀ ਦੇ ਕੇ ਆਪਣਾ ਫਰਜ਼ ਨਿਭਾਅ ਕੇ ਗਏ।
ਢਿੱਲੋਂ ਤੇਜ਼ਪੁਰ ਵਿਖੇ ਹੈਲੀਕਾਪਟਰ ਯੂਨਿਟ ਦੇ ਕਮਾਂਡਰ ਸਨ। ਉਨ੍ਹਾਂ ਨੂੰ ਬਰਫੀਲੇ ਪਹਾੜਾਂ, ਜੰਗਲਾਂ ਆਦਿ ਵਰਗੇ ਮੁਸ਼ਕਿਲਾਂ ਭਰੇ ਸਥਾਨਾਂ ਵਿਚ ਹੈਲੀਕਾਪਟਰ ਉਡਾਉਣ ਦਾ ਬੇਹੱਦ ਤਜ਼ੁਰਬਾ ਸੀ। ਉਹ ਆਪਣੀ ਡਿਊਟੀ ਨਿਭਾਉਣ ਤੋਂ ਕਦੇ ਵੀ ਪਿੱਛੇ ਨਹੀਂ ਹੱਟਦੇ ਸਨ ਅਤੇ ਇਸੇ ਤਰ੍ਹਾਂ ਦੀ ਵਚਨਬੱਧਤਾ ਦਾ ਪ੍ਰਗਟਾਵਾ ਉਨ੍ਹਾਂ ਨੇ ਆਪਣੀ ਸ਼ਹੀਦੀ ਵਾਲੇ ਦਿਨ ਕੀਤਾ ਸੀ। 4 ਜੁਲਾਈ, 2017 ਨੂੰ 169 ਲੋਕਾਂ ਨੂੰ ਜ਼ਿੰਦਗੀ ਦਾ ਆਸਮਾਨ ਦਿਖਾ ਕੇ ਜਦੋਂ ਉਹ ਦੁਬਾਰਾ ਮਿਸ਼ਨ 'ਤੇ ਗਏ ਤਾਂ ਖਰਾਬ ਮੌਸਮ ਦੇ ਚੱਲਦੇ ਉਨ੍ਹਾਂ ਦਾ ਹੈਲੀਕਾਪਟਰ ਕਰੈਸ਼ ਹੋ ਗਿਆ।
ਮਨਦੀਪ ਸਿੰਘ ਢਿੱਲੋਂ ਆਪਣੇ ਪਿੱਛੇ ਆਪਣੀ ਪਤਨੀ ਪ੍ਰਭਪ੍ਰੀਤ ਕੌਰ, ਦੋ ਬੱਚਿਆਂ ਨੂੰ ਛੱਡ ਗਏ ਹਨ। ਉਨ੍ਹਾਂ ਦੇ ਪਿਤਾ ਅਤੇ ਉਨ੍ਹਾਂ ਦੀ ਪਤਨੀ ਪ੍ਰਭਪ੍ਰੀਤ ਕੌਰ ਦੇ ਪਿਤਾ ਵੀ ਏਅਰਫੋਰਸ ਵਿਚ ਦੇਸ਼ ਲਈ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਹਨ। ਢਿੱਲੋਂ ਦਾ ਪੂਰਾ ਪਰਿਵਾਰ ਦੇਸ਼ ਨੂੰ ਸਮਰਪਿਤ ਹੈ। 'ਜਗ ਬਾਣੀ' ਵੱਲੋਂ ਮਨਦੀਪ ਸਿੰਘ ਢਿੱਲੋਂ ਦੀ ਇਸ ਬਹਾਦਰੀ ਭਰੀ ਸ਼ਹਾਦਤ ਅਤੇ ਉਨ੍ਹਾਂ ਦੇ ਪਰਿਵਾਰ ਦੇ ਸਮਰਪਣ ਨੂੰ ਕੋਟਿ-ਕੋਟਿ ਪ੍ਰਣਾਮ।