2 ਧਿਰਾਂ ''ਚ ਝਗੜੇ ਦੌਰਾਨ ਪਤੀ-ਪਤਨੀ ਜ਼ਖ਼ਮੀ
Monday, Jan 22, 2018 - 12:48 AM (IST)

ਨੂਰਪੁਰਬੇਦੀ, (ਭੰਡਾਰੀ)- ਪਿੰਡ ਨੂਰਪੁਰ ਖੁਰਦ ਵਿਖੇ 2 ਧਿਰਾਂ 'ਚ ਹੋਈ ਕੁੱਟ-ਮਾਰ ਦੌਰਾਨ ਪਤੀ-ਪਤਨੀ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਨਜ਼ਦੀਕੀ ਸਰਕਾਰੀ ਹਸਪਤਾਲ ਸਿੰਘਪੁਰ ਵਿਖੇ ਦਾਖਲ ਕਰਵਾਉਣਾ ਪਿਆ।
ਪੁਲਸ ਨੂੰ ਸ਼ਿਕਾਇਤ ਕਰਦਿਆਂ ਗੁਰਮੀਤ ਕੌਰ ਪਤਨੀ ਤੀਰਥ ਲਾਲ ਵਾਸੀ ਨੂਰਪੁਰ ਖੁਰਦ ਨੇ ਦੱਸਿਆ ਕਿ ਜਦੋਂ ਪਿੰਡ ਦੇ ਹੀ ਇਕ ਵਿਅਕਤੀ ਦੇ ਘਰ ਸਰਪੰਚ ਮਹਿੰਦਰ ਸਿੰਘ ਕੋਈ ਫਾਰਮ ਭਰਵਾ ਰਿਹਾ ਸੀ ਤਾਂ ਮੈਂ ਅਤੇ ਮੇਰਾ ਪਤੀ ਤੀਰਥ ਲਾਲ ਪਿੰਡ ਦੇ ਸਰਪੰਚ ਕੋਲ ਫਾਰਮਾਂ ਸਬੰਧੀ ਪਤਾ ਕਰਨ ਲਈ ਗਏ। ਇਸ ਦੌਰਾਨ ਸਰਪੰਚ ਕਹਿਣ ਲੱਗਾ ਕਿ ਇਹ ਫਾਰਮ ਐਰੇ-ਗੈਰੇ ਲਈ ਨਹੀਂ ਹਨ ਤੇ ਨਾਲ ਹੀ ਉਸਨੇ ਮੇਰੇ ਪਤੀ ਤੀਰਥ ਲਾਲ ਦੇ ਥੱਪੜ ਮਾਰ ਦਿੱਤਾ। ਉਥੇ ਬੈਠੇ ਦੋ ਹੋਰ ਵਿਅਕਤੀਆਂ ਨੇ ਮੇਰੇ ਪਤੀ ਨੂੰ ਫੜ ਲਿਆ ਅਤੇ ਧੱਕਾ-ਮੁੱਕੀ ਕਰਨ ਲੱਗੇ। ਜਦੋਂ ਮੈਂ ਆਪਣੇ ਪਤੀ ਦੇ ਥੱਪੜ ਮਾਰਨ ਦਾ ਕਾਰਨ ਪੁੱਛਣ ਲੱਗੀ ਤਾਂ ਉਨ੍ਹਾਂ ਮੈਨੂੰ ਮੋਢੇ ਤੋਂ ਫੜ ਕੇ ਮੇਰੇ ਨਾਲ ਬਦਤਮੀਜ਼ੀ ਕਰਦਿਆਂ ਮੇਰੇ ਵੀ ਥੱਪੜ ਮਾਰਿਆ ਤੇ ਮੇਰੇ ਕੱਪੜੇ ਪਾੜ ਦਿੱਤੇ।
ਸਾਡੇ ਦੋਵਾਂ ਦੇ ਸੱਟਾਂ ਵੀ ਲੱਗੀਆਂ। ਪਰਿਵਾਰਕ ਮੈਂਬਰਾਂ ਨੇ ਸਾਨੂੰ ਸਰਕਾਰੀ ਹਸਪਤਾਲ ਸਿੰਘਪੁਰ ਦਾਖਲ ਕਰਵਾਇਆ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਸਰਪੰਚ ਸਾਡੇ ਕੋਲੋਂ ਲੰਘਣ ਸਮੇਂ ਗਲਤ ਸ਼ਬਦਾਂ ਦੀ ਵਰਤੋਂ ਕਰਦਾ ਸੀ। ਉਨ੍ਹਾਂ ਪੁਲਸ ਕੋਲੋਂ ਇਨਸਾਫ ਦੀ ਮੰਗ ਕੀਤੀ।
ਕੀ ਕਹਿਣਾ ਹੈ ਸਰਪੰਚ ਦਾ
ਇਸ ਸਬੰਧੀ ਪੁੱਛਣ 'ਤੇ ਸਰਪੰਚ ਮਹਿੰਦਰ ਸਿੰਘ ਨੇ ਕਿਹਾ ਕਿ ਉਕਤ ਵਿਅਕਤੀਆਂ ਨੇ ਆਉਂਦਿਆਂ ਹੀ ਮੈਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਸਾਡੇ ਨਾਲ ਧੱਕਾ-ਮੁੱਕੀ ਵੀ ਕੀਤੀ। ਅਸੀਂ 181 'ਤੇ ਫੋਨ ਕਰ ਕੇ ਜਦੋਂ ਪੁਲਸ ਨੂੰ ਸੂਚਿਤ ਕੀਤਾ ਤਾਂ ਉਦੋਂ ਦੂਜੀ ਧਿਰ ਦੇ ਵਿਅਕਤੀ ਮੌਕੇ ਤੋਂ ਭੱਜ ਗਏ। ਉਸਦੀ ਪਤਨੀ ਗੁਰਮੀਤ ਕੌਰ ਉਥੇ ਹਾਜ਼ਰ ਨਹੀਂ ਸੀ ਤੇ ਨਾ ਹੀ ਸਾਡਾ ਉਸ ਨਾਲ ਕੋਈ ਲੜਾਈ-ਝਗੜਾ ਹੋਇਆ।