ਏਡਜ਼ ਤੋਂ ਪੀਡ਼ਤ ਪਤਨੀ ਨੂੰ ਪਤੀ ਨੇ ਧੱਕੇ ਮਾਰ ਕੇ ਘਰੋਂ ਕੱਢਿਆ
Friday, Jul 27, 2018 - 03:20 AM (IST)
ਬਠਿੰਡਾ(ਵਰਮਾ)- ਇਕ 30 ਸਾਲਾ ਵਿਆਹੁਤਾ ਅੌਰਤ ਬੀਤੀ ਰਾਤ ਸਟੇਸ਼ਨ ’ਤੇ ਇਕੱਲੀ ਘੁੰਮਦੀ ਹੋਈ ਮਿਲੀ। ਪੁੱਛ-ਗਿੱਛ ਦੌਰਾਨ ਉਸਨੇ ਦੱਸਿਆ ਕਿ ਉਸਦੇ ਪਤੀ ਨੇ ਉਸਨੂੰ ਇਸ ਲਈ ਘਰੋਂ ਬਾਹਰ ਕੱਢ ਦਿੱਤਾ ਕਿ ਉਸਨੂੰ ਏਡਜ਼ ਹੈ। ਪੀੜਤਾ ਦਾ ਵਿਆਹ ਅਬੋਹਰ ਵਿਖੇ ਹੋਇਆ ਸੀ। ਕੁਝ ਸਮਾਂ ਤਾਂ ਠੀਕ ਚਲਦਾ ਰਿਹਾ ਪਰ ਅਚਾਨਕ ਉਸਦੀ ਤਬੀਅਤ ਵਿਗਡ਼ਣ ਲੱਗੀ। ਜਾਂਚ ਦੌਰਾਨ ਪਤਾ ਲੱਗਾ ਕਿ ਉਸਨੂੰ ਏਡਜ਼ ਹੈ। ਪਤੀ ਨੇ ਉਸ ਤੋਂ ਤਲਾਕ ਮੰਗਣਾ ਸ਼ੁਰੂ ਕਰ ਦਿੱਤਾ ਪਰ ਉਹ ਤਲਾਕ ਦੇਣ ਲਈ ਤਿਆਰ ਨਹੀਂ ਹੋਈ ਤਾਂ ਪਤੀ ਨੇ ਧੱਕੇ ਦੇ ਕੇ ਘਰੋਂ ਬਾਹਰ ਕੱਢ ਦਿੱਤਾ। ਉਸਦਾ ਕੋਈ ਹੋਰ ਠਿਕਾਣਾ ਨਹੀਂ ਸੀ ਤਾਂ ਉਹ ਰੇਲਵੇ ਸਟੇਸ਼ਨ ’ਤੇ ਪਹੁੰਚੀ ਅਤੇ ਉਥੋਂ ਗੱਡੀ ’ਚ ਬੈਠ ਕੇ ਬਠਿੰਡਾ ਪਹੁੰਚ ਗਈ। ਸਟੇਸ਼ਨ ’ਤੇ ਉਸਨੂੰ ਉਲਟੀਆਂ ਆਉਣ ਲੱਗੀਅਾਂ ਤਾਂ ਉਥੇ ਮੌਜੂਦ ਸਹਾਰਾ ਵਰਕਰਾਂ ਨੂੰ ਇਸਦੀ ਭਣਕ ਲੱਗੀ ਤਾਂ ਉਨ੍ਹਾਂ ਨੇ ਅੌਰਤ ਨੂੰ ਸਿਵਲ ਹਸਪਤਾਲ ਪਹੁੰਚਾਇਆ। ਉਸ ਨੇ ਡਾਕਟਰਾਂ ਨੂੰ ਦੱਸਿਆ ਕਿ ਉਸਨੂੰ ਏਡਜ਼ ਹੈ ਤਾਂ ਡਾਕਟਰਾਂ ਨੇ ਉਸਨੂੰ ਤੁਰੰਤ ਸਪੈਸ਼ਲ ਵਾਰਡ ਵਿਚ ਦਾਖਲ ਕਰ ਕੇ ਉਸਦਾ ਇਲਾਜ ਸ਼ੁਰੂ ਕਰ ਦਿੱਤਾ। ਅੌਰਤ ਦੀ ਹਾਲਤ ਗੰਭੀਰ ਬਣੀ ਹੋਈ ਹੈ ਜਦਕਿ ਸਹਾਰਾ ਜਨ ਸੇਵਾ ਤੇ ਸਿਹਤ ਵਿਭਾਗ ਦੇ ਅਧਿਕਾਰੀ ਲਗਾਤਾਰ ਉਸਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਅਜੇ ਤੱਕ ਸਫਲਤਾ ਨਹੀਂ ਮਿਲੀ। ਫਿਲਹਾਲ ਉਕਤ ਅੌਰਤ ਦਾ ਇਲਾਜ ਜਾਰੀ ਹੈ।
