ਪ੍ਰਵਾਸੀ ਮਜ਼ਦੂਰ ਵਲੋਂ ਪਤਨੀ ਦਾ ਬੇਰਹਿਮੀ ਨਾਲ ਕਤਲ
Sunday, Jun 17, 2018 - 06:21 PM (IST)
ਮਾਛੀਵਾੜਾ ਸਾਹਿਬ (ਟੱਕਰ) : ਨੇੜਲੇ ਪਿੰਡ ਜੁਲਫ਼ਗੜ੍ਹ ਵਿਖੇ ਖੇਤਾਂ 'ਚ ਮੋਟਰ ਵਾਲੇ ਕਮਰੇ 'ਚ ਰਹਿੰਦੇ ਪ੍ਰਵਾਸੀ ਮਜ਼ਦੂਰ ਸੰਤੋਸ਼ ਨੇ ਆਪਣੀ ਪਤਨੀ ਗੀਤਾ ਦਾ ਕਤਲ ਕਰ ਦਿੱਤਾ ਅਤੇ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ 2 ਬੱਚਿਆਂ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ। ਮ੍ਰਿਤਕ ਗੀਤਾ ਜੋ ਕਿ ਪਿੰਡ ਜੁਲਫ਼ਗੜ੍ਹ ਵਿਖੇ ਕਿਸਾਨ ਦਵਿੰਦਰ ਸਿੰਘ ਦੇ ਘਰ ਘਰੇਲੂ ਕੰਮ ਕਰਦੀ ਸੀ ਅਤੇ ਕਿਸਾਨ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਉਸਦੇ ਘਰ ਦੇ ਨੇੜੇ ਹੀ ਖੇਤਾਂ 'ਚ ਬਣੀ ਮੋਟਰ 'ਤੇ ਇਕ ਹਫ਼ਤਾ ਪਹਿਲਾਂ ਮਜ਼ਦੂਰ ਸੰਤੋਸ਼ ਪੁੱਤਰ ਕਮਲੂ ਵਾਸੀ ਸੰਜਾ ਥਾਂਣਾ ਪੂਰਨੀਆ ਆਪਣੀ ਪਤਨੀ ਤੇ 2 ਬੱਚਿਆਂ ਸਮੇਤ ਰਹਿਣ ਲਈ ਆਇਆ ਸੀ। ਉਸਨੇ ਸੰਤੋਸ਼ ਨੂੰ 8 ਹਜ਼ਾਰ ਰੁਪਏ ਪ੍ਰਤੀ ਮਹੀਨਾ ਖੇਤਾਂ ਵਿਚ ਨੌਕਰੀ 'ਤੇ ਰੱਖ ਲਿਆ ਅਤੇ ਉਸਦੀ ਪਤਨੀ ਨੂੰ 1 ਹਜ਼ਾਰ ਰੁਪਏ ਮਹੀਨਾ ਘਰੇਲੂ ਕੰਮ ਲਈ ਨੌਕਰੀ ਦੇ ਦਿੱਤੀ।
ਐਤਵਾਰ ਸਵੇਰੇ 5 ਵਜੇ ਤੱਕ ਸੰਤੋਸ਼ ਕੰਮ 'ਤੇ ਨਾ ਆਇਆ ਤੇ ਉਸਨੇ ਮੋਟਰ ਵਾਲੇ ਕਮਰੇ 'ਚ ਜਾ ਕੇ ਦੇਖਿਆ ਤਾਂ ਅੰਦਰ ਉਸਦੀ ਪਤਨੀ ਗੀਤਾ ਮ੍ਰਿਤਕ ਜ਼ਮੀਨ 'ਤੇ ਪਈ ਸੀ ਜਦਕਿ ਉਸਦਾ ਘਰਵਾਲਾ ਅਤੇ ਬੱਚੇ ਮੌਕੇ ਤੋਂ ਫ਼ਰਾਰ ਸਨ। ਮ੍ਰਿਤਕਾ ਦੇ ਸਰੀਰ 'ਤੇ ਕੋਈ ਜ਼ਿਆਦਾ ਗਹਿਰੀ ਸੱਟ ਦਾ ਜ਼ਖ਼ਮ ਤਾਂ ਨਹੀਂ ਸੀ ਪਰ ਕੁੱਝ ਥਾਵਾਂ 'ਤੇ ਕੁੱਟਮਾਰ ਨਾਲ ਸਰੀਰ ਨੀਲਾ ਹੋਣ ਅਤੇ ਇੱਕ-ਦੋ ਛੋਟੇ-ਛੋਟੇ ਜ਼ਖ਼ਮ ਦਿਖਾਈ ਦਿੱਤੇ ਜਿਸ ਤੋਂ ਇਹ ਲੱਗਦਾ ਸੀ ਕਿ ਦੋਵਾਂ ਵਿਚਕਾਰ ਝਗੜਾ ਹੋਇਆ। ਘਟਨਾ ਦੀ ਸੂਚਨਾ ਮਿਲਦੇ ਹੀ ਡੀ.ਐਸ.ਪੀ.ਡੀ ਰਣਜੀਤ ਸਿੰਘ ਬਦੇਸ਼ਾ, ਥਾਣਾ ਮੁਖੀ ਸੁਰਿੰਦਰਪਾਲ ਸਿੰਘ ਮੌਕੇ 'ਤੇ ਪੁੱਜ ਗਏ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਕਿਸਾਨ ਦਵਿੰਦਰ ਸਿੰਘ ਅਨੁਸਾਰ ਮ੍ਰਿਤਕ ਗੀਤਾ ਨੇ ਕੁੱਝ ਦਿਨ ਪਹਿਲਾਂ ਹੀ ਉਸਨੂੰ ਦੱਸਿਆ ਕਿ ਉਸਦਾ ਪਤੀ ਸੰਤੋਸ਼ ਸ਼ਰਾਬ ਪੀਣ ਦਾ ਆਦੀ ਹੈ ਅਤੇ ਰੋਜ਼ਾਨਾ ਘਰ ਦਾ ਰਾਸ਼ਨ ਲਿਆਉਣ ਦੀ ਬਜਾਏ ਸ਼ਰਾਬ ਪੀ ਕੇ ਆ ਜਾਂਦਾ ਹੈ ਜਿਸ ਨੂੰ ਲੈ ਕੇ ਦੋਹਾਂ ਵਿਚ ਝਗੜਾ ਰਹਿੰਦਾ ਸੀ। ਇਸੇ ਕਾਰਨ ਹੀ ਸੰਤੋਸ਼ ਨੇ ਆਪਣੀ ਪਤਨੀ ਗੀਤਾ ਦਾ ਕਤਲ ਕਰ ਦਿੱਤਾ। ਪੁਲਸ ਵਲੋਂ ਕਿਸਾਨ ਦੇ ਬਿਆਨਾਂ ਦੇ ਆਧਾਰ 'ਤੇ ਸੰਤੋਸ਼ ਖਿਲਾਫ਼ ਕਤਲ ਦਾ ਕਥਿਤ ਦੋਸ਼ ਹੇਠ ਮਾਮਲਾ ਦਰਜ ਕਰ ਲਿਆ ਗਿਆ ਹੈ। ਦੂਸਰੇ ਪਾਸੇ ਥਾਣਾ ਮਾਛੀਵਾੜਾ ਮੁਖੀ ਸੁਰਿੰਦਰਪਾਲ ਸਿੰਘ ਵਲੋਂ ਕਤਲ ਦੀ ਵਾਰਦਾਤ ਤੋਂ ਬਾਅਦ ਤੁਰੰਤ ਮੁਸ਼ਤੈਦੀ ਵਰਤਦਿਆਂ ਕੁੱਝ ਹੀ ਘੰਟਿਆਂ 'ਚ ਮੁਲਜ਼ਮ ਸੰਤੋਸ਼ ਜੋ ਕਿ ਆਪਣੇ 2 ਬੱਚਿਆਂ ਸਮੇਤ ਫ਼ਰਾਰ ਹੋ ਗਿਆ ਸੀ ਨੂੰ ਦਬੋਚ ਲਿਆ ਗਿਆ। ਪੁਲਸ ਵਲੋਂ ਮੁਲਜ਼ਮ ਸੰਤੋਸ਼ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਨਹੀਂ ਕੀਤੀ ਜਾ ਰਹੀ ਅਤੇ ਉਸਨੇ ਇਹ ਕਤਲ ਕਿਹੜੇ ਹਾਲਾਤ ਅਤੇ ਕਿਸ ਤਰ੍ਹਾਂ ਕੀਤਾ ਇਸਦਾ ਖੁਲਾਸਾ ਪੁਲਸ ਭਲਕੇ ਕਰ ਸਕਦੀ ਹੈ।
