ਪਤਨੀ ਦਾ ਕਤਲ ਕਰਕੇ ਫਰਾਰ ਹੋਣ ਵਾਲਾ ਗ੍ਰਿਫ਼ਤਾਰ, ਦੋਵਾਂ ਦੀ ਸੀ ਤੀਜਾ ਵਿਆਹ
Sunday, Nov 28, 2021 - 06:14 PM (IST)
ਸਾਹਨੇਵਾਲ, ਕੁਹਾੜਾ (ਜਗਰੂਪ) : ਬੀਤੀ 25 ਨਵੰਬਰ ਨੂੰ ਕਥਿਤ ਨਜ਼ਾਇਜ ਸੰਬੰਧਾਂ ਦੇ ਚੱਲਦੇ ਆਪਣੀ ਪਤਨੀ ਦਾ ਕਥਿਤ ਰੂਪ ਨਾਲ ਕਤਲ ਕਰਕੇ ਫਰਾਰ ਹੋਏ ਮੁਲਜ਼ਮ ਪਤੀ ਨੂੰ ਚੌਂਕੀ ਕੰਗਣਵਾਲ ਦੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੌਂਕੀ ਇੰਚਾਰਜ ਸਬ-ਇੰਸਪੈਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ ਆਪਣੀ ਪਤਨੀ ਕਿਰਨ ਦੇਵੀ (30) ਦਾ ਕਤਲ ਕਰਨ ਤੋਂ ਬਾਅਦ ਸਾਈਕਲ ਲੈ ਕੇ ਫਰਾਰ ਹੋਏ ਰਾਜ ਨਿਸ਼ਾਦ ਉਰਫ ਬ੍ਰਿਜੇਸ਼ ਪੁੱਤਰ ਮਿਸ਼ਰੀ ਲਾਲ ਵਾਸੀ ਸਮਰਾਟ ਕਲੋਨੀ, ਗਿਆਸਪੁਰਾ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਜਦੋਂ ਉਹ ਢੰਡਾਰੀ ਸਥਿਤ ਇਕ ਨਿੱਜੀ ਬੱਸ ਰਾਹੀਂ ਯੂ.ਪੀ. ਲਈ ਫਰਾਰ ਹੋਣ ਦੀ ਫਿਰਾਕ ’ਚ ਸੀ। ਸੂਚਨਾ ਮਿਲਦੇ ਹੀ ਪੁਲਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਰਾਜ ਨਿਸ਼ਾਦ ਉਰਫ ਬ੍ਰਿਜੇਸ਼ ਨੂੰ ਗ੍ਰਿਫਤਾਰ ਕਰ ਲਿਆ।
ਚੌਂਕੀ ਇੰਚਾਰਜ ਗਗਨਦੀਪ ਸਿੰਘ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਬ੍ਰਿਜੇਸ਼ ਨੇ ਮੰਨਿਆ ਕਿ ਉਹ ਦੋਵੇਂ ਪਤੀ-ਪਤਨੀ ਇਕ ਦੂਸਰੇ ਉਪਰ ਸ਼ੱਕ ਕਰਦੇ ਸਨ। ਜਿਸ ਕਾਰਨ ਉਨ੍ਹਾਂ ’ਚ ਅਕਸਰ ਹੀ ਝਗੜਾ ਰਹਿੰਦਾ ਸੀ। ਬੀਤੀ 25 ਨਵੰਬਰ ਨੂੰ ਦੋਵਾਂ ਵਿਚਕਾਰ ਜ਼ਬਰਦਸਤ ਝਗੜਾ ਹੋਇਆ। ਜਿਸਦੇ ਬਾਅਦ ਉਸਨੇ ਗਲਾ ਘੁੱਟਕੇ ਕਿਰਨ ਦਾ ਕਤਲ ਕਰ ਦਿੱਤਾ ਅਤੇ ਫਰਾਰ ਹੋ ਗਿਆ।
ਦੋਵਾਂ ਦਾ ਸੀ ਤੀਸਰਾ ਵਿਆਹ
ਚੌਂਕੀ ਇੰਚਾਰਜ ਗਗਨਦੀਪ ਨੇ ਦੱਸਿਆ ਕਿ ਮੁੱਢਲੀ ਤਫਤੀਸ਼ ਦੌਰਾਨ ਮੁਲਜ਼ਮ ਰਾਜ ਨਿਸ਼ਾਦ ਨੇ ਦੱਸਿਆ ਕਿ ਮ੍ਰਿਤਕਾ ਕਿਰਨ ਦੇਵੀ ਅਤੇ ਰਾਜ ਨਿਸ਼ਾਦ ਦੋਵਾਂ ਦਾ ਹੀ ਤੀਜਾ ਵਿਆਹ ਸੀ। ਇਹੀ ਕਾਰਨ ਸੀ ਕਿ ਦੋਵੇਂ ਇਕ ਦੂਸਰੇ ਉਪਰ ਸ਼ੱਕ ਕਰਦੇ ਸਨ। ਜਿਸ ਕਾਰਨ ਝਗੜਾ ਰਹਿੰਦਾ ਸੀ ਅਤੇ ਇਹੀ ਝਗੜਾ ਕਿਰਨ ਦੇਵੀ ਦੀ ਮੌਤ ਦਾ ਕਾਰਨ ਬਣਿਆ। ਸਬ ਇੰਸਪੈਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮ ਰਾਜ ਨਿਸ਼ਾਦ ਉਰਫ ਬ੍ਰਿਜੇਸ਼ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਕੇ ਤਿੰਨ ਦਿਨ ਦਾ ਪੁਲਸ ਰਿਮਾਂਡ ਹਾਸਿਲ ਕੀਤਾ ਗਿਆ ਹੈ।