​​​​​​​ਜਾਦੂ ਟੂਣੇ ਦੇ ਸ਼ੱਕ ''ਚ ਪਤਨੀ ਅਤੇ ਬੱਚਿਆਂ ਨੇ ਸੰਗਲਾਂ ਨਾਲ ਬੰਨ੍ਹਿਆ ਵਿਅਕਤੀ

02/02/2020 5:49:00 PM

ਗੁਰਦਾਸਪੁਰ (ਹਰਮਨ) : ਗੁਰਦਾਸਪੁਰ ਸ਼ਹਿਰ ਦੇ ਬਹਿਰਾਮਪੁਰ ਰੋਡ 'ਤੇ ਸਥਿਤ ਮੁਹੱਲਾ ਬਾਬਾ ਪਰਮਾਨੰਦ ਵਿਚ ਇਕ ਵਿਅਕਤੀ 'ਤੇ ਜਾਦ ਟੂਣੇ ਕਰਨ ਅਤੇ ਰੌਲਾ ਪਾਉਣ ਦੇ ਦੋਸ਼ ਲਾ ਕੇ ਉਸ ਦੇ ਆਪਣੇ ਹੀ ਪਰਿਵਾਰ ਵੱਲੋਂ ਉਸ ਨੂੰ ਸੰਗਲਾਂ ਨਾਲ ਬੰਨ੍ਹ ਕੇ ਰੱਖਿਆ ਹੋਇਆ ਹੈ। ਇਹ ਸਿਲਸਿਲਾ ਪਿਛਲੇ ਕਈ ਮਹੀਨਿਆਂ ਤੋਂ ਚੱਲਦਾ ਆ ਰਿਹਾ ਹੋਣ ਕਾਰਣ ਅੱਜ ਜਦੋਂ ਪੱਤਰਕਾਰਾਂ ਨੂੰ ਇਸ ਅਹਿਮ ਮਾਮਲੇ ਦੀ ਸੂਚਨਾ ਮਿਲੀ ਤਾਂ ਮੌਕੇ 'ਤੇ ਪਹੁੰਚੀ ਟੀਮ ਨੂੰ ਮੁਹੱਲਾ ਵਾਸੀਆਂ ਨੇ ਵੀ ਦੱਸਿਆ ਕਿ ਉਕਤ ਪਰਿਵਾਰ ਵਿਚ ਪਤੀ-ਪਤਨੀ ਦੀ ਲੜਾਈ ਅਤੇ ਜਾਦੂ ਟੂਣੇ ਕਰਨ ਦੇ ਲਗਾਏ ਜਾ ਰਹੇ ਦੋਸ਼ਾਂ ਕਾਰਣ ਉਹ ਵੀ ਪ੍ਰੇਸ਼ਾਨ ਹੋਏ ਪਏ ਹਨ।

ਜਾਣਕਾਰੀ ਦਿੰਦੇ ਹੋਏ ਲਕਸ਼ਮੀ ਪਤਨੀ ਸਰਵਣ ਕੁਮਾਰ ਪੁੱਤਰ ਸ਼ੱਜੂ ਰਾਮ ਨੇ ਦੱਸਿਆ ਕਿ ਉਸ ਦਾ ਪਤੀ ਜਾਦੂ ਟੂਣੇ ਕਰਦਾ ਹੈ ਅਤੇ ਕਈ ਵਾਰ ਜ਼ੋਰ-ਜ਼ੋਰ ਨਾਲ ਬੋਲਣਾ ਸ਼ੁਰੂ ਕਰ ਦਿੰਦਾ ਹੈ। ਪਤੀ ਵੱਲੋਂ ਦੇਰ ਸਵੇਰ ਪਾਇਆ ਜਾਂਦਾ ਰੌਲਾ ਰੱਪਾ ਨਾ ਸਿਰਫ ਪਰਿਵਾਰ ਨੂੰ ਪ੍ਰੇਸ਼ਾਨ ਕਰਦਾ ਹੈ ਸਗੋਂ ਇਸ ਨਾਲ ਆਂਢ ਗੁਆਂਢ ਦੇ ਲੋਕ ਵੀ ਪ੍ਰੇਸ਼ਾਨ ਹੁੰਦੇ ਹਨ। ਇਸ ਦੇ ਨਾਲ ਹੀ ਉਕਤ ਵਿਅਕਤੀ ਵੱਲੋਂ ਕਈ ਧਾਗੇ ਤੇ ਤਵੀਤ ਵੀ ਘਰ ਵਿਚ ਲਿਆਂਦੇ ਜਾਂਦੇ ਸਨ। ਉਸਨੇ ਦੱਸਿਆ ਕਿ ਕਰੀਬ ਦੋ ਮਹੀਨੇ ਪਹਿਲਾਂ ਵੀ ਪਤੀ ਦੀਆਂ ਅਜਿਹੀਆਂ ਹਰਕਤਾਂ ਅਤੇ ਰੌਲੇ ਰੱਪੇ ਕਾਰਣ ਉਸ ਨੇ ਆਪਣੇ ਬੱਚਿਆਂ ਨਾਲ ਮਿਲ ਕੇ ਉਸ ਨੂੰ ਬੰਨ੍ਹ ਕੇ ਘਰ ਬਿਠਾ ਦਿੱਤਾ ਸੀ ਪਰ ਇਸ ਦੇ ਬਾਵਜੂਦ ਉਹ ਕਿਸੇ ਤਰ੍ਹਾਂ ਭੱਜਣ ਵਿਚ ਸਫਲ ਹੋ ਗਿਆ, ਜਿਸ ਨੂੰ ਅੰਮ੍ਰਿਤਸਰ ਤੋਂ ਵਾਪਸ ਲਿਆਂਦਾ ਸੀ। ਉਪਰੰਤ ਮੁੜ ਉਹ ਕਦੀ ਰਿਕਸ਼ਾ ਚਲਾਉਣ ਲਈ ਕੰਮ 'ਤੇ ਚਲਾ ਜਾਂਦਾ ਸੀ ਤੇ ਕਦੇ ਅਜਿਹਾ ਰੌਲਾ ਰੱਪਾ ਸ਼ੁਰੂ ਕਰ ਦਿੰਦਾ ਸੀ, ਜਿਸ ਕਾਰਣ ਪ੍ਰੇਸ਼ਾਨ ਹੋ ਕੇ ਉਨ੍ਹਾਂ ਨੇ ਮੁੜ ਉਸ ਨੂੰ ਸੰਗਲ ਨਾਲ ਬੰਨ੍ਹ ਕੇ ਘਰ ਬਿਠਾ ਦਿੱਤਾ ਹੈ।

ਦੂਜੇ ਪਾਸੇ ਸਰਵਣ ਕੁਮਾਰ ਨੇ ਕਿਹਾ ਕਿ ਉਹ ਕੋਈ ਜਾਦੂ ਟੂਣਾ ਨਹੀਂ ਕਰਦਾ ਅਤੇ ਨਾ ਹੀ ਉਸ ਵਿਚ ਕੋਈ ਸ਼ਕਤੀ ਹੈ। ਉਸ ਦੇ ਪਰਿਵਾਰ ਨੇ ਜ਼ਬਰਦਸਤੀ ਬਿਨਾਂ ਕਾਰਣ ਉਸ ਨੂੰ ਬੰਨ੍ਹਿਆ ਹੋਇਆ ਹੈ। ਮੁਹੱਲੇ ਦੇ ਕੌਂਸਲਰ ਨਕੁਲ ਮਹਾਜਨ ਨੇ ਕਿਹਾ ਕਿ ਉਕਤ ਪਤੀ ਪਤਨੀ ਦੇ ਵਿਵਾਦ ਕਾਰਣ ਮੁਹੱਲੇ ਵਾਲਿਆਂ ਨੇ ਵੀ ਕਈ ਵਾਰ ਉਸ ਨੂੰ ਸ਼ਿਕਾਇਤ ਕੀਤੀ ਹੈ ਅਤੇ ਉਨ੍ਹਾਂ ਕਈ ਵਾਰ ਇਹ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ ਹੈ। ਹੁਣ ਵੀ ਤਾਜਾ ਸਥਿਤੀ ਬਾਰੇ ਪਤਾ ਕਰ ਕੇ ਇਸ ਸਮੱਸਿਆ ਨੂੰ ਦੂਰ ਕਰਵਾਉਣ ਦਾ ਯਤਨ ਕਰਨਗੇ।


Gurminder Singh

Content Editor

Related News