ਹੁਣ ਕੈਪਟਨ ਤੱਕ ਪੁੱਜੀ ''ਬੈਂਸ'' ''ਤੇ ਦੋਸ਼ ਲਾਉਣ ਵਾਲੀ ਵਿਧਵਾ ਬੀਬੀ, ਇਨਸਾਫ਼ ਨਾ ਮਿਲਣ ''ਤੇ ਦਿੱਤੀ ਧਮਕੀ

12/16/2020 9:28:10 AM

ਲੁਧਿਆਣਾ (ਬਿਊਰੋ) : ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ 'ਤੇ ਜਬਰ-ਜ਼ਿਨਾਹ ਦੇ ਦੋਸ਼ ਲਾਉਣ ਵਾਲੀ ਸਥਾਨਕ ਵਿਧਵਾ ਬੀਬੀ ਗੁਰਦੀਪ ਕੌਰ ਪਤਨੀ ਸਵ. ਜਸਪਾਲ ਸਿੰਘ ਵਾਸੀ ਈਸ਼ਵਰ ਨਗਰ ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੱਕ ਪਹੁੰਚ ਗਈ ਹੈ। ਵਿਧਵਾ ਬੀਬੀ ਨੇ ਕੈਪਟਨ ਨੂੰ ਚਿੱਠੀ ਲਿਖ ਕੇ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ ਸਰਕਾਰ ਨੇ ਉਸ ਨੂੰ ਇਨਸਾਫ਼ ਨਾ ਦਿੱਤਾ ਤਾਂ ਉਹ ਲੁਧਿਆਣਾ ਦੇ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਧਰਨਾ ਦੇ ਕੇ ਦਮ ਤੋੜ ਦੇਵੇਗੀ।

ਇਹ ਵੀ ਪੜ੍ਹੋ : 'ਡੇਰਾ ਬਿਆਸ' ਜਾਣ ਵਾਲੀਆਂ ਸੰਗਤਾਂ ਲਈ ਜ਼ਰੂਰੀ ਖ਼ਬਰ, ਸਾਰੇ ਸਮਾਗਮ ਇਸ ਤਾਰੀਖ਼ ਤੱਕ ਰਹਿਣਗੇ ਰੱਦ

ਗੁਰਦੀਪ ਕੌਰ ਨੇ ਕੁੱਝ ਦਿਨ ਪਹਿਲਾਂ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਖ਼ਿਲਾਫ਼ ਕਥਿਤ ਤੌਰ ’ਤੇ ਗੰਭੀਰ ਦੋਸ਼ ਲਾਏ ਸਨ। ਉਸ ਨੇ ਕਿਹਾ ਸੀ ਕਿ ਉਸ ਦੇ ਪਤੀ ਦਾ 2019 'ਚ ਬੀਮਾਰੀ ਕਾਰਣ ਦਿਹਾਂਤ ਹੋ ਗਿਆ ਅਤੇ ਉਨ੍ਹਾਂ ਦਾ ਕਾਰੋਬਾਰ ਲਗਭਗ ਖ਼ਤਮ ਹੋ ਗਿਆ ਸੀ। ਉਨ੍ਹਾਂ ਇਕ ਪ੍ਰਾਪਰਟੀ ਡੀਲਰ ਦੀ ਮਦਦ ਨਾਲ ਮਕਾਨ ਖਰੀਦਿਆ ਸੀ, ਜਿਸ ਦੀ ਉਨ੍ਹਾਂ 11 ਲੱਖ ਰੁਪਏ ਦੀ ਕੀਮਤ ਲਾਈ ਸੀ। ਪ੍ਰਾਪਰਟੀ ਡੀਲਰ ਨੇ ਆਪਣੇ ਵਿਅਕਤੀਆਂ ਰਾਹੀਂ ਉਨ੍ਹਾਂ ਨੂੰ 10 ਲੱਖ ਰੁਪਏ ਦਾ ਕਰਜ਼ਾ ਲੈ ਕੇ ਦਿੱਤਾ ਅਤੇ 1.25 ਲੱਖ ਰੁਪਏ ਦੀ ਰਕਮ ਕਰਜ਼ਾ ਦਿਵਾਉਣ ਦੇ ਖਰਚੇ ਦੇ ਰੂਪ 'ਚ ਕੱਟ ਲਈ ਗਈ।

ਇਹ ਵੀ ਪੜ੍ਹੋ : ਦਿੱਲੀ ਮੋਰਚੇ ਤੋਂ ਵਾਪਸ ਪਰਤਦੇ 2 ਕਿਸਾਨਾਂ ਦੀ ਮੌਤ, ਜ਼ਖ਼ਮੀਆਂ ਦਾ ਹਾਲ ਜਾਣਨ ਲਈ ਪੁੱਜੇ ਬਲਬੀਰ ਸਿੱਧੂ

ਜੂਨ, 2019 'ਚ ਉਸ ਦੀਆਂ ਕੁੱਝ ਕਿਸ਼ਤਾਂ ਟੁੱਟ ਗਈਆਂ। ਬੈਂਕ ਵਾਲਿਆਂ ਨੇ ਉਸ ਦੇ ਮਕਾਨ ਦਾ ਜ਼ਬਰੀ ਕਬਜ਼ਾ ਲੈਣ ਦੀ ਧਮਕੀ ਦਿੱਤੀ ਅਤੇ ਬਾਅਦ 'ਚ ਕਬਜ਼ਾ ਲੈਣ ਦਾ ਪੱਤਰ ਜਾਰੀ ਕਰ ਦਿੱਤਾ। ਇਸ ’ਤੇ ਉਸ ਨੇ ਪ੍ਰਾਪਰਟੀ ਡੀਲਰ ਨੂੰ ਕਿਸ਼ਤਾਂ 'ਚ ਰਿਆਇਤ ਦਿਵਾਉਣ ਦੀ ਬੇਨਤੀ ਕੀਤੀ ਪਰ ਉਸ ਨੂੰ ਕਿਹਾ ਗਿਆ ਕਿ ਉਹ ਮਕਾਨ ਛੱਡ ਦੇਵੇ ਤਾਂ ਬੈਂਕ ਦੇ ਪੈਸੇ ਉਹ ਉਤਾਰ ਦੇਣਗੇ। ਉਸ ਨੂੰ 4.50 ਲੱਖ ਰੁਪਏ ਨਕਦ ਦੇਣ ਅਤੇ 60 ਗਜ਼ ਦਾ ਇਕ ਪਲਾਟ ਵੀ ਦੇਣ ਦੀ ਗੱਲ ਕਹੀ ਗਈ, ਜਿਸ ਦੀ ਕੀਮਤ ਲਗਭਗ 3,000 ਰੁਪਏ ਪ੍ਰਤੀ ਗਜ਼ ਸੀ। ਬੀਬੀ ਨੇ ਕਿਹਾ ਕਿ ਉਸ ਨੇ ਆਪਣੀ ਸਮੱਸਿਆ ਹਲਕੇ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਦੱਸੀ। ਬਾਅਦ ’ਚ ਉਸ ਨੇ ਪ੍ਰਾਪਰਟੀ ਡੀਲਰ ਨੂੰ ਮਕਾਨ ਦਾ ਕਬਜ਼ਾ ਦੇ ਦਿੱਤਾ ਅਤੇ ਉਸ ਨੂੰ (ਬੀਬੀ ਨੂੰ) 5,000 ਰੁਪਏ ਮਹੀਨਾ ਅਤੇ ਰਹਿਣ ਲਈ ਕਿਰਾਏ ’ਤੇ ਜਗ੍ਹਾ ਦਿੱਤੀ ਗਈ।

ਇਹ ਵੀ ਪੜ੍ਹੋ : ਖਰੜ ਵਾਸੀਆਂ ਨੂੰ ਸਾਢੇ 4 ਸਾਲਾਂ ਬਾਅਦ ਮਿਲੀ ਵੱਡੀ ਰਾਹਤ, ਖੁੱਲ੍ਹਿਆ 'ਮੋਹਾਲੀ-ਖਰੜ ਫਲਾਈਓਵਰ' (ਤਸਵੀਰਾਂ)

ਉਸ ਨੇ ਉਨ੍ਹਾਂ ਨੂੰ ਸਾਢੇ 4 ਲੱਖ ਰੁਪਏ ਨਕਦ ਦੇ ਕੇ ਆਪਣੇ ਨਾਂ ’ਤੇ ਮੁਖਤਿਆਰਨਾਮਾ ਲੈ ਲਿਆ। ਇਸ ਤੋਂ ਬਾਅਦ ਉਹ ਪ੍ਰਾਪਰਟੀ ਡੀਲਰ ਨੂੰ ਪਲਾਟ ਵੇਚਣ ਲਈ ਕਹਿੰਦੀ ਰਹੀ ਪਰ ਉਹ ਟਾਲਦਾ ਰਿਹਾ। ਉਸ ਨੇ ਕਿਹਾ ਕਿ ਉਹ ਤਾਲਾਬੰਦੀ ਦੌਰਾਨ ਬੈਂਸ ਕੋਲ ਮਦਦ ਲਈ ਗਈ, ਜਿੱਥੇ ਉਨ੍ਹਾਂ ਉਸ ਦਾ ਕਥਿਤ ਤੌਰ ’ਤੇ ਸਰੀਰਕ ਸ਼ੋਸ਼ਣ ਕੀਤਾ। ਬੈਂਸ ਨੇ ਉਸ ਦੀ ਮਜਬੂਰੀ ਦਾ ਫਾਇਦਾ ਚੁੱਕਿਆ ਅਤੇ ਉਸ ਨੂੰ ਕਈ ਵਾਰ ਆਪਣੇ ਕੋਲ ਸੱਦਿਆ। ਉਸ ਨੇ ਇਸ ਧੱਕੇਸ਼ਾਹੀ ਖ਼ਿਲਾਫ਼ ਇਕ ਅਰਜ਼ੀ ਮੁੱਖ ਮੰਤਰੀ ਦੇ ਓ. ਐੱਸ. ਡੀ. ਅੰਕਿਤ ਬਾਂਸਲ ਰਾਹੀਂ ਮੁੱਖ ਮੰਤਰੀ ਨੂੰ ਦਿੱਤੀ, ਜੋ ਮਾਰਕ ਹੋ ਕੇ ਪੁਲਸ ਕੋਲ ਗਈ। ਪੁਲਸ ਨੇ 2500 ਰੁਪਏ ਦੇ ਹਿਸਾਬ ਨਾਲ ਉਸ ਨੂੰ ਪੇਮੈਂਟ ਕਰਵਾ ਦਿੱਤੀ। ਉਸ ਦੇ ਬਾਵਜੂਦ ਸਬੰਧਿਤ ਵਿਧਾਇਕ ਬੈਂਸ ਉਸ ਨੂੰ ਲਗਾਤਾਰ ਪਰੇਸ਼ਾਨ ਕਰਦਾ ਰਿਹਾ। ਲੁਧਿਆਣਾ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਗਈ ਪਰ ਫਿਰ ਵੀ ਉਸ ਨੂੰ ਇਨਸਾਫ਼ ਨਹੀਂ ਮਿਲਿਆ। ਉਸ ਨੇ ਕਿਹਾ ਕਿ ਹੁਣ ਜੇ ਉਸ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਸਖ਼ਤ ਕਦਮ ਚੁੱਕਣ ਲਈ ਮਜਬੂਰ ਹੋ ਜਾਵੇਗੀ।

ਨੋਟ : ਵਿਧਾਇਕ ਬੈਂਸ 'ਤੇ ਦੋਸ਼ ਲਾਉਣ ਵਾਲੀ ਵਿਧਵਾ ਬੀਬੀ ਦੇ ਕੈਪਟਨ ਨੂੰ ਦਿੱਤੀ ਚਿਤਾਵਨੀ ਬਾਰੇ ਦਿਓ ਰਾਏ


Babita

Content Editor

Related News