ਆਖਰ ਵਾਰ-ਵਾਰ ਕਿਉਂ ਫੇਲ ਹੋ ਰਿਹਾ ਹੈ ‘ਮਿਸ਼ਨ ਫਤਿਹ’

06/10/2019 6:46:10 PM

ਜਲੰਧਰ (ਜਸਬੀਰ ਵਾਟਾਂ ਵਾਲੀ) ਸੰਗਰੂਰ ਦੇ ਪਿੰਡ ਭਗਵਾਨਪੁਰਾ ਵਿਚ ਬੋਰਵੈੱਲ ‘ਚ ਡਿੱਗਿਆ 2 ਸਾਲ ਦਾ ਮਾਸੂਮ ਬੱਚਾ ਫ਼ਤਹਿਵੀਰ ਸਿੰਘ ਕਰੀਬ 5 ਦਿਨਾਂ ਤੋਂ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਬੱਚੇ ਨੂੰ ਬਾਹਰ ਕੱਢਣ ਵਿਚ ਹੋ ਰਹੀ ਐਨੀ ਜਿਆਦਾ ਦੇਰੀ ਕਾਰਨ ਸਮੁੱਚੀ ਦੁਨੀਆ ਦਾ ਧਿਆਨ ਇਸ ਘਟਨਾ ’ਤੇ ਕੇਂਦਰਤ ਹੋ ਚੁੱਕਾ ਹੈ। ਇਸ ਮਿਸ਼ਨ ਨੂੰ ਨੇਪਰੇ ਚਾੜਨ ਲਈ ਆਮ ਲੋਕਾਂ ਦੇ ਨਾਲ-ਨਾਲ ਡੇਰਾ ਪ੍ਰੇਮੀ, ਐੱਨ. ਡੀ. ਆਰ. ਐੱਫ ਟੀਮ ਅਤੇ ਫੌਜ ਵੀ ਮਿਸ਼ਨ ਵਿਚ ਜੁੱਟੀ ਹੋਈ ਹੈ। ਸਭ ਤੋਂ ਪਹਿਲਾਂ ਜਦੋਂ ਇਸ ਮਿਸ਼ਨ ਨੂੰ ਡੇਰਾ ਪ੍ਰੇਮੀਆਂ ਵੱਲੋਂ ਸੰਭਾਲਿਆ ਗਿਆ ਸੀ ਤਾਂ ਉਨ੍ਹਾਂ ਇਹ ਉਮੀਦ ਜਤਾਈ ਸੀ ਕਿ 7 ਤੋਂ 8 ਘੰਟਿਆਂ ਵਿੱਚ ਹੀ ਆਪ੍ਰੇਸ਼ਨ ਨੂੰ ਸਫ਼ਲ ਕਰ ਲਿਆ ਜਾਵੇਗਾ ਪਰ ਬਦਕਿਸਮਤੀ ਰਹੀ ਕਿ 5 ਦਿਨ ਬੀਤ ਜਾਣ ਦੇ ਬਾਅਦ ਵੀ ਬੱਚੇ ਨੂੰ ਬੋਰਵੈੱਲ ਵਿਚੋਂ ਅਜੇ ਤੱਕ ਨਹੀਂ ਕੱਢਿਆ ਜਾ ਸਕਿਆ।

ਇਸ ਤਰ੍ਹਾਂ ਫੇਲ ਹੁੰਦਾ ਰਿਹਾ ਇਹ ਮਿਸ਼ਨ
ਘਟਨਾ ਦੀ ਖ਼ਬਰ ਮਿਲਦਿਆਂ ਸਭ ਤੋਂ ਪਹਿਲਾਂ ਰਾਹਤ ਕਾਰਜਾਂ ਵਿਚ ਪੰਜਾਬ ਪ੍ਰਸ਼ਾਸਨਿਕ ਅਮਲੇ ਅਤੇ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਦੇ ਨਾਲ-ਨਾਲ ਆਮ ਲੋਕਾਂ ਨੇ ਮੋਰਚਾ ਸੰਭਾਲ ਲਿਆ ਸੀ। ਇਸ ਦੌਰਾਨ ਇਨ੍ਹਾਂ ਸਾਰਿਆਂ ਦੇ ਸਾਂਝੇ ਯਤਨਾਂ ਸਦਕਾ ਪਹਿਲੇ ਦਿਨ ਬੋਰ ਦੁਆਲੇ ਕਈ ਮੀਟਰ ਡੂੰਘਾ ਖੱਡਾ ਪੁਟਿਆ ਗਿਆ। ਕਾਫੀ ਡੂੰਘਾ ਟੋਆ ਪੁੱਟੇ ਜਾਣ ਦੇ ਬਾਅਦ ਦੂਜੇ ਇਨ੍ਹਾਂ ਵੱਲੋਂ ਬੋਰ ਸਮਾਨਾਂਤਰ 32 ਇੰਚ ਵਿਆਸ ਦੀਆਂ ਸੀਮਿੰਟਿਡ ਪਾਈਪਾਂ ਨਾਲ ਇੱਕ ਹੋਰ ਬੋਰ ਕਰਨ ਦੇ ਯਤਨ ਕੀਤੇ ਗਏ। ਇਸ ਦੌਰਾਨ ਤ੍ਰਾਸਦੀ ਇਹ ਵਾਪਰੀ ਕਿ 12 ਪਾਈਪਾਂ ਤਾਂ ਹੇਠਾਂ ਤੱਕ ਚਲੀਆਂ ਗਈਆਂ ਪਰ ਜਦੋਂ 13ਵੀਂ ਪਾਈਪ ਲਗਾਈ ਗਈ ਤਾਂ ਇਹ ਜ਼ਮੀਨ ਵਿਚ ਧਸਣੀਆਂ ਸ਼ੁਰੂ ਹੋ ਗਈ। ਇਸ ਸਭ ਨੂੰ ਦੇਖਦਿਆਂ ਕਰੀਬ ਚੌਥੇ ਦਿਨ ਇਹ ਮਿਸ਼ਨ ਐੱਨ. ਡੀ. ਆਰ ਐੱਫ (NDRF) ਦੀ ਟੀਮ ਨੇ ਸੰਭਾਲ ਲਿਆ ਅਤੇ ਲੋਹੇ ਦੀਆਂ ਪਾਈਪਾਂ ਬਣਾ ਕੇ 27 ਇੰਚ ਵਿਆਸ ਦਾ ਬੋਰ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਐੱਨ. ਡੀ. ਆਰ. ਐੱਫ ਦੀ ਟੀਮ ਨੇ ਫਤਿਹਵੀਰ ਦੇ ਬਰਾਬਰ ਡੂੰਘਾਈ ਤੱਕ ਬੋਰ ਤਾਂ ਕਰ ਲਿਆ ਪਰ ਬਦਕਿਸਮਤੀ ਇਹ ਵਾਪਰੀ ਕਿ ਬੋਰ ਦੀ ਦਿਸ਼ਾ ਦੂਜੇ ਬੋਰਵੈੱਲ ਤੋਂ ਕਾਫੀ ਦੂਰ ਚਲੀ ਗਈ, ਜਿਸ ਕਰਕੇ ਐੱਨ. ਡੀ. ਆਰ. ਐੱਫ ਦੀ ਟੀਮ ਵੀ ਫਤਿਹਵੀਰ ਤੱਕ ਪਹੁੰਚਣ ਵਿਚ ਨਾਕਾਮ ਰਹੀ। ਬੱਚੇ ਦੇ ਬਾਹਰ ਨਿਕਲਣ ਵਿਚ ਹੋ ਰਹੀ ਬਹੁਤ ਜਿਆਦਾ ਦੇਰੀ ਕਾਰਨ ਲੋਕਾਂ ਦਾ ਗੁੱਸਾ ਵਧਣਾ ਸ਼ੁਰੂ ਹੋ ਗਿਆ ਅਤੇ ਲੋਕਾਂ ਨੇ ਮੰਗ ਕੀਤੀ ਇਹ ਮਿਸ਼ਨ ਫੌਜ ਨੂੰ ਸੌਪਿਆ ਜਾਣਾ ਚਾਹੀਦਾ ਹੈ। ਇਸ ਤੋਂ ਬਾਅਦ ਅੱਜ ਇਹ ਮਿਸ਼ਨ ਨੂੰ ਫ਼ੌਜ ਸੌਪ ਦਿੱਤਾ ਗਿਆ।
 

ਰਿਗਸ ਮਸ਼ੀਨ ਨਾਲ ਕਿਉਂ ਨਹੀਂ ਕੀਤਾ ਗਿਆ ਬੋਰ ?
ਇਸ ਸਭ ਦੌਰਾਨ ਬਹੁਤ ਸਾਰੇ ਲੋਕਾਂ ਵੱਲੋਂ ਇਹ ਸਵਾਲ ਉਠਾਇਆ ਗਿਆ ਕਿ ਆਖਰਕਾਰ ਡਰਿੱਲ ਜਾਂ ਵੱਡੀ ਬੋਰਿੰਗ ਮਸ਼ੀਨ ਨਾਲ ਇਸ ਬੋਰ ਦੇ ਬਰਾਬਰ ਬੋਰ ਕਿਉਂ ਨਹੀਂ ਕੀਤਾ ਗਿਆ ? ਮਾਹਰਾਂ ਦੀ ਮੰਨੀਏ ਤਾਂ ਰਿਗਸ ਮਸ਼ੀਨ ਨਾਲ ਬੋਰ ਕਰਨ ਮੌਕੇ ਪਾਣੀ ਦਾ ਬਹੁਤ ਜਿਆਦਾ ਇਸਤੇਮਾਲ ਕੀਤਾ ਜਾਂਦਾ ਹੈ। ਉਨ੍ਹਾਂ ਮੁਤਾਬਕ ਜਦੋਂ ਪਾਣੀ ਦਾ ਇਸਤੇਮਾਲ ਕੀਤਾ ਜਾਂਦਾ ਤਾਂ ਉਹ ਪਾਣੀ ਫਤਿਹਵੀਰ ਵਾਲੇ ਬੋਰ ਵਿਚ ਜਾ ਸਕਦਾ ਸੀ। ਇਸ ਖ਼ਤਰੇ ਨੂੰ ਦੇਖਦਿਆਂ ਹੀ ਰਿਗਸ ਮਸ਼ੀਨ ਨਾਲ ਬੋਰ ਨਹੀਂ ਕੀਤਾ ਗਿਆ।

ਕੈਪਟਨ ਸਰਕਾਰ ਵਿਰੁੱਧ ਭੜਕੇ ਲੋਕ
ਇਸ ਮਿਸ਼ਨ ਵਿਚ ਐਨੀ ਜਿਆਦਾ ਦੇਰੀ ਹੋਣ ਕਾਰਨ ਲੋਕਾਂ ਦਾ ਗੁੱਸਾ ਸੱਤਵੇਂ ਅਸਮਾਨ ’ਤੇ ਹੈ। ਲੋਕਾਂ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਵੀ ਭੜਾਸ ਕੱਢੀ ਜਾ ਰਹੀ ਹੈ।  ਅੱਜ ਘਟਨਾ ਸਥਾਨ ’ਤੇ ਮੌਜੂਦ ਲੋਕਾਂ ਵੱਲੋਂ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਦੇ ਨਾਲ-ਨਾਲ ਗੁੱਸੇ ਵਿਚ ਆਏ ਲੋਕਾਂ ਨੇ ਸੰਗਰੂਰ-ਮਾਨਸਾ ਹਾਈਵੇਅ ਵੀ ਜਾਮ ਕੀਤਾ ।ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਸਮੇਂ ਸਿਰ ਇਸ ਮਾਮਲੇ ਵਿਚ ਲੋੜੀਂਦੇ ਯਤਨ ਨਹੀਂ ਕੀਤੇ, ਜਿਸ ਕਾਰਨ ਹੀ ਇਹ ਮਿਸ਼ਨ ਵਾਰ-ਵਾਰ ਫੇਲ ਹੁੰਦਾ ਰਿਹਾ।


jasbir singh

News Editor

Related News