ਰਾਹੁਲ ਤੇ ਸੋਨੀਆ ਨੇ ਚੰਨੀ ਖ਼ਿਲਾਫ਼ ਸ਼ਿਕਾਇਤ ਮਿਲਣ ’ਤੇ ਕਿਉਂ ਨਹੀਂ ਕੀਤੀ ਕਾਰਵਾਈ?: ਚੱਢਾ

Monday, Jan 24, 2022 - 01:30 PM (IST)

ਰਾਹੁਲ ਤੇ ਸੋਨੀਆ ਨੇ ਚੰਨੀ ਖ਼ਿਲਾਫ਼ ਸ਼ਿਕਾਇਤ ਮਿਲਣ ’ਤੇ ਕਿਉਂ ਨਹੀਂ ਕੀਤੀ ਕਾਰਵਾਈ?: ਚੱਢਾ

ਚੰਡੀਗੜ੍ਹ (ਰਮਨਜੀਤ) : ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਕਾਂਗਰਸ ਦੀ ਲੀਡਰਸ਼ਿਪ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ’ਤੇ ਸਵਾਲ ਉਠਾਉਂਦਿਆਂ ਕਿਹਾ ਹੈ ਕਿ ਜਦੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਰੇਤ ਮਾਫ਼ੀਆ ਚਲਾਉਣ ਲਈ ਚਰਨਜੀਤ ਸਿੰਘ ਚੰਨੀ ਦੇ ਖ਼ਿਲਾਫ਼ ਲਿਖਤੀ ਸ਼ਿਕਾਇਤ ਕੀਤੀ ਸੀ ਤਾਂ ਉਸ ਖ਼ਿਲਾਫ਼ ਕਾਰਵਾਈ ਕਿਉਂ ਨਹੀਂ ਕੀਤੀ? ਚੱਢਾ ਨੇ ਕਿਹਾ ਕਿ ਕਾਂਗਰਸ ਲੀਡਰਸ਼ਿਪ ਨੇ ਚੰਨੀ ’ਤੇ ਕਾਰਵਾਈ ਕਰਨ ਦੀ ਬਜਾਏ ਉਨ੍ਹਾਂ ਨੂੰ ਮੁੱਖ ਮੰਤਰੀ ਬਣਾ ਦਿੱਤਾ। ਚੱਢਾ ਨੇ ਕਾਂਗਰਸ ਦੀ ਸਿਖਰਲੀ ਲੀਡਰਸ਼ਿਪ ਨੂੰ ਸਵਾਲ ਕੀਤਾ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗ ਗਿਆ ਸੀ ਕਿ ਚੰਨੀ ਰੇਤ ਮਾਫ਼ੀਆ ਨਾਲ ਜੁੜੇ ਹੋਏ ਹਨ ਤਾਂ ਉਨ੍ਹਾਂ ਨੂੰ ਮੁੱਖ ਮੰਤਰੀ ਕਿਉਂ ਬਣਾਇਆ ਗਿਆ? ਮੁੱਖ ਮੰਤਰੀ ਬਣਨ ਤੋਂ ਬਾਅਦ ਵੀ ਜਦੋਂ ਚੰਨੀ ਦੇ ਰਿਸ਼ਤੇਦਾਰਾਂ ’ਤੇ ਈ. ਡੀ. ਦੇ ਛਾਪੇ ’ਚ ਕਰੋੜਾਂ ਰੁਪਏ ਨਕਦ ਅਤੇ ਕਈ ਬੇਨਾਮੀ ਜਾਇਦਾਦ ਦੇ ਕਾਗਜ਼ ਮਿਲੇ ਤਾਂ ਚੰਨੀ ਨੂੰ ਪਾਰਟੀ ’ਚੋਂ ਮੁਅੱਤਲ ਕਿਉਂ ਨਹੀਂ ਕੀਤਾ ਗਿਆ? ਉਨ੍ਹਾਂ ਸਵਾਲ ਉਠਾਇਆ ਕਿ ਕੀ ਰੇਤ ਮਾਫ਼ੀਆ ਦਾ ਪੈਸਾ ਕਾਂਗਰਸ ਲੀਡਰਸ਼ਿਪ ਤਕ ਵੀ ਪਹੁੰਚ ਰਿਹਾ ਹੈ, ਇਸੇ ਕਰਕੇ ਕਾਂਗਰਸ ਲੀਡਰਸ਼ਿਪ ਮੁੱਖ ਮੰਤਰੀ ਚੰਨੀ ਖ਼ਿਲਾਫ਼ ਕਾਰਵਾਈ ਕਰਨ ਤੋਂ ਗੁਰੇਜ ਕਰ ਰਹੀ ਹੈ?

ਇਹ ਵੀ ਪੜ੍ਹੋ : ED ਦੀ ਰੇਡ ’ਤੇ ਬੋਲੇ ਸਿੱਧੂ, ਮੈਂ ਕਿਸੇ ਨੂੰ ਕਲੀਨ ਚਿੱਟ ਨਹੀਂ ਦੇ ਰਿਹਾ, ਕਾਨੂੰਨ ਨੂੰ ਆਪਣਾ ਕੰਮ ਕਰਨ ਦਿਓ

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵਲੋਂ ਮੁੱਖ ਮੰਤਰੀ ਚੰਨੀ ’ਤੇ ਲਾਏ ਗਏ ਗੰਭੀਰ ਦੋਸ਼ਾਂ ’ਤੇ ਚੱਢਾ ਨੇ ਕਿਹਾ ਕਿ ਮਜੀਠੀਆ ਨੇ ਕਿਹਾ ਹੈ ਕਿ ਚੰਨੀ, ਉਸ ਦੇ ਰਿਸ਼ਤੇਦਾਰ ਹਨੀ ਐਂਡ ਮਨੀ (ਪੈਸਾ) ਦਾ ਇਕ ‘ਨੈਕਸਸ’ ਚੱਲ ਰਿਹਾ ਹੈ ਅਤੇ ਰੇਤ ਮਾਫ਼ੀਆ ਦਾ ਕਰੋੜਾਂ ਰੁਪਏ ਦਾ ਧੰਦਾ ਹੋ ਰਿਹਾ ਹੈ। ਮਜੀਠੀਆ ਨੇ ਇਹ ਵੀ ਦੋਸ਼ ਲਾਇਆ ਕਿ ਮੁੱਖ ਮੰਤਰੀ ਚੰਨੀ ਦੇ ਰਿਸ਼ਤੇਦਾਰਾਂ ਨੇ ਜੰਗਲਾਤ ਵਿਭਾਗ, ਜਿੱਥੇ ਖੋਦਾਈ ਨਹੀਂ ਹੋ ਸਕਦੀ, ਮਾਈਨਿੰਗ ਕਰਵਾਈ ਅਤੇ ਪੈਸੇ ਬਟੋਰੇ। ਮਜੀਠੀਆ ਨੇ ਚੰਨੀ ’ਤੇ 111 ਦਿਨਾਂ ’ਚ 1111 ਕਰੋੜ ਰੁਪਏ ਕਮਾਉਣ ਦਾ ਦੋਸ਼ ਲਗਾਇਆ। ਚੱਢਾ ਨੇ ਮੁੱਖ ਮੰਤਰੀ ਚੰਨੀ ਨੂੰ ਸਵਾਲ ਕਰਦਿਆਂ ਕਿਹਾ ਕਿ ਕੀ ਹੁਣ ਚੰਨੀ ਵੀ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਵਾਂਗ ਬਿਕਰਮ ਮਜੀਠੀਆ ’ਤੇ ਮਾਣਹਾਨੀ ਦਾ ਮੁਕੱਦਮਾ ਦਰਜ ਕਰਨਗੇ? ਚੱਢਾ ਨੇ ਕਿਹਾ ਕਿ ਉਨ੍ਹਾਂ ਨੇ ਕੁਝ ਹਫ਼ਤੇ ਪਹਿਲਾਂ ਹੀ ਮੁੱਖ ਮੰਤਰੀ ਚੰਨੀ ਦੇ ਵਿਧਾਨ ਸਭਾ ਹਲਕੇ ਚਮਕੌਰ ਸਾਹਿਬ ’ਚ ਰੇਤ ਮਾਫ਼ੀਆ ਦਾ ਪਰਦਾਫ਼ਾਸ਼ ਕੀਤਾ ਸੀ। ਈ. ਡੀ. ਦੀ ਛਾਪੇਮਾਰੀ ’ਚ ਮੁੱਖ ਮੰਤਰੀ ਦੇ ਭਤੀਜੇ ਦੇ ਘਰੋਂ ਕਰੋੜਾਂ ਰੁਪਏ ਦੀ ਬਰਾਮਦਗੀ ਨਾਲ ਸਾਡੀ ਗੱਲ ਸਹੀ ਸਾਬਿਤ ਹੋਈ।

ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ ’ਚ 6 ਡੇਰੇ 68 ਸੀਟਾਂ ’ਤੇ ਪਾਉਂਦੇ ਹਨ ਸਿੱਧਾ ਅਸਰ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


author

Anuradha

Content Editor

Related News