ਕੋਰੋਨਾ ਦੇ ਕਹਿਰ ਦਰਮਿਆਨ ਝੋਨੇ ਦੇ ਬੀਜ਼ ਦੀ ਕਿੱਲਤ ਦਾ ਜ਼ਿੰਮੇਵਾਰ ਕੌਣ ?

Saturday, May 09, 2020 - 10:51 PM (IST)

ਕੋਰੋਨਾ ਦੇ ਕਹਿਰ ਦਰਮਿਆਨ ਝੋਨੇ ਦੇ ਬੀਜ਼ ਦੀ ਕਿੱਲਤ ਦਾ ਜ਼ਿੰਮੇਵਾਰ ਕੌਣ ?

ਜਗਬਾਣੀ ਵਿਸ਼ੇਸ਼ ਰਿਪੋਰਟ (ਜਸਬੀਰ ਵਾਟਾਂਵਾਲੀ) ਕੋਰੋਨਾ ਵਾਇਰਸ ਦੇ ਕਹਿਰ ਕਾਰਨ ਸਮੁੱਚੀ ਦੁਨੀਆ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਇਸ ਵਾਇਰਸ ਕਾਰਨ ਦੁਨੀਆ ਭਰ ਵਿਚ ਜਿੱਥੇ ਵੱਡੀ ਪੱਧਰ ’ਤੇ ਮਨੁੱਖੀ ਜਾਨਾਂ ਜਾਣ ਦੀਆਂ ਖਬਰਾਂ ਹਨ, ਉੱਥੇ ਵਪਾਰ, ਕਾਰੋਬਾਰ ਅਤੇ ਖੇਤੀ ਧੰਦੇ ਪੂਰੀ ਤਰ੍ਹਾਂ ਡਾਵਾਂਡੋਲ ਹੋ ਗਏ ਹਨ। ਪੰਜਾਬ ਵਿਚ ਝੋਨੇ ਦੀ ਬਿਜਾਈ ਸਿਰ ’ਤੇ ਹੈ ਪਰ ਖੇਤੀ ਧੰਦਿਆਂ ਵਿਚ ਜੁਟੇ ਪਰਵਾਸੀ ਮਜ਼ਦੂਰ ਕੰਮਕਾਰ ਛੱਡ ਕੇ ਆਪਣੇ ਪਿੰਡਾਂ-ਥਾਵਾਂ ਨੂੰ ਜਾਣਾ ਸ਼ੁਰੂ ਹੋ ਗਏ ਹਨ। ਇਸ ਸਭ ਦੇ ਨਤੀਜੇ ਵਜੋਂ ਸਮੁੱਚੀ ਦੁਨੀਆ ਦਾ ਢਿੱਡ ਭਰਨ ਵਾਲਾ ਅੰਨਦਾਤਾ ਫਿਕਰਾਂ ਵਿਚ ਹੈ। ਸਰਕਾਰ ਅਤੇ ਖੇਤੀਬਾੜੀ ਵਿਭਾਗ ਵੱਲੋਂ ਇਸ ਸੰਕਟ ਭਰੇ ਦੌਰ ਵਿਚ ਝੋਨੇ ਦੀ ਬਿਜਾਈ ਲਈ, ਜੋ ਸਕੀਮਾਂ ਘੜੀਆਂ ਜਾ ਰਹੀਆਂ ਹਨ ਉਹ ਕਿਸਾਨਾਂ ਨੂੰ ਹਜ਼ਮ ਨਹੀਂ ਆ ਰਹੀਆਂ। ਪੰਜਾਬ ਵਿਚ ਝੋਨੇ ਦੇ ਬੀਜ਼ ਦੀ ਕਿੱਲਤ ਪੈਦਾ ਹੋ ਗਈ ਹੈ।
ਪਿਛਲੇ ਦਿਨੀਂ ਪੰਜਾਬ ਸਰਕਾਰ ਅਤੇ ਖੇਤੀਬਾੜੀ ਵਿਭਾਗ ਵੱਲੋਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਕਿ ਕਿਸਾਨ ਝੋਨੇ ਦੀਆਂ ਉਹੀ ਕਿਸਮਾਂ ਬੀਜਣ ਜੋ ਘੱਟ ਸਮੇਂ ਵਿਚ ਪੱਕ ਕੇ ਤਿਆਰ ਹੁੰਦੀਆਂ ਹਨ। ਮਜਦੂਰਾਂ ਦੀ ਘਾਟ ਨੂੰ ਧਿਆਨ ਵਿਚ ਰੱਖਦੇ ਕਿਸਾਨਾਂ ਨੂੰ ਝੋਨਾਂ ਅਤੇ ਬਾਸਮਤੀ ਦੀ ਸਿੱਧੀ ਬਿਜਾਈ ਲਈ ਕਿਹਾ ਗਿਆ ਹੈ। ਇਸ ਦੇ ਨਾਲ-ਨਾਲ ਬਿਜਾਈ ਸਮੇਂ ਝੋਨੇ ਦਾ ਬੀਜ਼ 8 ਕਿੱਲੋ ਅਤੇ ਬਾਸਮਤੀ ਦਾ 10 ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਦੀ ਸਿਫਾਰਸ਼ ਕੀਤੀ ਗਈ। ਇਸ ਤੋਂ ਇਲਾਵਾ ਇਹ ਨਿਰਦੇਸ਼ ਵੀ ਜਾਰੀ ਕੀਤੇ ਗਏ ਕਿ ਝੋਨੇ ਦੀਆਂ ਉਹੀ ਕਿਸਮਾਂ ਬੀਜੀਆਂ ਜਾਣ, ਜੋ ਪੀ.ਏ.ਯੂ. ਵੱਲੋਂ ਸਿਫਾਰਸ਼ ਕੀਤੀਆਂ ਗਈਆਂ ਹਨ।  ਝੋਨੇ ਦੀਆਂ ਗੈਰ ਪ੍ਰਮਾਣਿਤ ਕਿਸਮਾਂ ਜਿਵੇ ਕਿ ਪੂਸਾ-44, ਪੀਲੀ ਪੂਸਾ, ਡੋਗਰ ਪੂਸਾ, ਮੁੱਛਲ-1401 ਆਦਿ ਦੀ ਬਿਜਾਈ ਤੋਂ ਮਨ੍ਹਾਂ ਕਰ ਦਿੱਤਾ ਗਿਆ ਹੈ। ਇਸ ਸਭ ਲਈ ਤਰਕ ਇਹ ਦਿੱਤਾ ਗਿਆ ਕਿ ਇਹ ਕਿਸਮਾਂ ਪਾਣੀ ਦੀ ਵੱਧ ਖਪਤ ਦੇ ਨਾਲ-ਨਾਲ ਬਿਮਾਰੀਆਂ ਅਤੇ ਕੀੜੇ ਮਕੌੜਿਆਂ ਦੀ ਲਪੇਟ ਵਿਚ ਵੀ ਵਧੇਰੇ ਆਉਂਦੀਆਂ ਹਨ। ਇਸ ਤੋਂ ਇਲਾਵਾ ਪ੍ਰਾਈਵੇਟ ਕੰਪਨੀਆਂ ਵੱਲੋਂ ਵੀ ਤਿਆਰ ਕੀਤੀਆਂ ਗਈਆਂ ਝੋਨੇ ਦੀਆਂ ਹਾਈਬ੍ਰਿਡ ਕਿਸਮਾਂ ਸਾਵਾ 134, ਗੰਗਾ, ਪੀਏ 6129, ਸਹਿਜਾਦਰੀ-4 ਆਦਿ ਕੁਝ ਕਿਸਮਾਂ ਨੂੰ ਬੀਜਣ ਦੀ ਪ੍ਰਵਾਨਗੀ ਵੀ ਦਿੱਤੀ ਗਈ ਹੈ। 

PunjabKesari
ਸੱਚਾਈ ਇਹ ਹੈ ਕਿ ਸਰਕਾਰ ਵੱਲੋਂ ਜਾਰੀ ਕੀਤੇ ਗਏ ਇਹ ਦਿਸ਼ਾ ਨਿਰਦੇਸ਼ ਕਿਸਾਨਾਂ ਨੂੰ ਹਜ਼ਮ ਨਹੀਂ ਆ ਰਹੇ। ਉਨ੍ਹਾਂ ਦਾ ਮੰਨਣਾ ਹੈ ਕਿ ਬਿਲਕੁਲ ਮੌਕੇ ’ਤੇ ਆ ਕੇ ਜਾਰੀ ਕੀਤੇ ਜ਼ਿਆਦਾਤਰ ਨਿਰਦੇਸ਼ ਕਿਸਾਨਾਂ ਦੀਆਂ ਮੁਸ਼ਕਿਲਾਂ ਘਟਾਉਣ ਦੀ ਬਜਾਏ ਉਨ੍ਹਾਂ ਨੂੰ ਵਧਾਉਣ ਵਾਲੇ ਹਨ। 

ਬੀਜ਼ ਵੀ ਮਹਿੰਗਾ ਮਿਲ ਰਿਹਾ ਹੈ ਅਤੇ ਕਿਸਾਨਾਂ ਨੂੰ ਕਰਨਾ ਪੈ ਰਿਹਾ ਦੋਕੰਮਣ : ਕਿਸਾਨ ਅਜਮੇਰ ਸਿੰਘ
ਇਸ ਸਮੁੱਚੇ ਮਾਮਲੇ ਸਬੰਧੀ ਜਗਬਾਣੀ ਵੱਲੋਂ ਜਦੋਂ ਕਪੂਰਥਲਾ ਜਿਲ੍ਹੇ ਦੇ ਕਿਸਾਨ ਅਜਮੇਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਵਾਰ ਝੋਨੇ ਦਾ ਬੀਜ਼ ਕਾਫੀ ਮਹਿੰਗਾ ਮਿਲ ਰਿਹਾ ਹੈ। ਪਿਛਲੇ ਸਾਲ ਪਰਮਲ ਝੋਨੇ ਦੇ ਬੀਜ਼ ਦਾ ਜਿਹੜਾ ਗੱਟਾ ਉਨ੍ਹਾਂ 1200 ਸੌ ਰੁਪਏ ਦੇ ਕਰੀਬ ਲਿਆਂਦਾ ਸੀ ਇਸ ਵਾਰ ਉਹ 1500 ਰੁਪਏ ਦੇ ਕਰੀਬ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇੱਥੇ ਹੀ ਬੱਸ ਨਹੀਂ ਪਨੀਰੀ ਬੀਜ਼ ਕੇ ਝੋਨਾ ਲਾਉਣ ਨਾਲ, ਜਿੱਥੇ ਉਨ੍ਹਾਂ ਦਾ 4 ਕਿੱਲੋ ਪ੍ਰਤੀ ਏਕੜ ਬੀਜ਼ ਨਾਲ ਸਰ ਜਾਂਦਾ ਸੀ, ਉੱਥੇ ਹੀ ਹੁਣ ਉਨ੍ਹਾਂ ਨੂੰ 10 ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਬੀਜ਼ ਖਰੀਦਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਜ਼ਮੀਨ ਕਲਰਾਠੀ ਕਿਸਮ ਦੀ ਹੈ, ਇਸ ਲਈ ਉਨ੍ਹਾਂ ਨੂੰ ਇਹ ਵੀ ਭਰੋਸਾ ਨਹੀਂ ਹੈ ਕਿ ਸਿੱਧੀ ਬਿਜਾਈ ਨਾਲ ਬੀਜਿਆ ਝੋਨਾ ਠੀਕ ਤਰ੍ਹਾਂ ਉੱਗੇਗਾ ਵੀ ਜਾਂ ਨਹੀਂ। ਉਨ੍ਹਾਂ ਦੱਸਿਆ ਕਿ ਇਸੇ ਡਰ ਦੇ ਕਾਰਨ ਉਹ ਸਿੱਧੀ ਬਿਜਾਈ ਦੇ ਨਾਲ-ਨਾਲ ਪਨੀਰੀ ਵੀ ਬੀਜ਼ ਰਹੇ ਹਨ ਕਿਉਂਕਿ ਜੇਕਰ ਸਿੱਧੀ ਬਿਜਾਈ ਨਾਲ ਝੋਨਾ ਨਾ ਉੱਗਿਆ ਤਾਂ ਉਹ ਬੀਜੀ ਹੋਈ ਪਨੀਰੀ ਨਾਲ ਝੋਨਾ ਲਗਵਾ ਲੈਣਗੇ। ਉਨ੍ਹਾਂ ਦੱਸਿਆ ਕਿ ਇਸ ਕਾਰਨ ਹੀ ਉਨ੍ਹਾਂ ਨੂੰ ਦੋਕੰਮਣ ਕਰਨਾ ਪੈ ਰਿਹਾ ਹੈ।


ਏ. ਸੀ. ਕਮਰਿਆਂ ਵਿਚ ਬੈਠ ਕੇ ਬਣਾਈਆਂ ਗਈਆਂ ਪਾਲਿਸੀਆਂ ਜ਼ਮੀਨੀ ਹਕੀਕਤ ਤੋਂ ਹਨ ਕੋਹਾਂ ਦੂਰ : ਗੁਰਪ੍ਰੀਤ ਦੱਬੜੀਖਾਨਾ
ਕਿਸਾਨਾਂ ਦੇ ਇਸ ਸੰਕਟ ਸਬੰਧੀ ਜਗਬਾਣੀ ਵੱਲੋਂ ਜਦੋਂ ਕੁਦਰਤੀ ਖੇਤੀ ਦੇ ਮਾਹਰ ਗੁਰਪ੍ਰੀਤ ਸਿੰਘ ਦੱਬੜੀਖਾਨਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਸਰਕਾਰ ਦੇ ਸਕੀਮ ਘਾੜੇ ਏ. ਸੀ. ਕਮਰਿਆਂ ਵਿਚ ਬੈਠ ਕਿਸਾਨਾਂ ਲਈ ਪਾਲਸੀਆਂ ਬਣਾਉਂਦੇ ਹਨ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦਾ ਸੰਕਟ ਤਾਂ ਕੋਰੋਨਾ ਵਾਇਰਸ ਕਾਰਨ ਹੈ ਪਰ ਝੋਨੇ ਦੇ ਬੀਜ਼ ਦੇ ਸੰਕਟ ਲਈ ਸਰਕਾਰ ਅਤੇ ਖੇਤੀਬਾੜੀ ਵਿਭਾਗ ਜਿੰਮੇਵਾਰ ਹੈ। ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਕਿਸਾਨਾਂ ਕੋਲ ਪੂਸਾ-44, ਪੀਲੀ ਪੂਸਾ, ਡੋਗਰ ਪੂਸਾ, ਮੁੱਛਲ-1401 ਆਦਿ ਬੀਜ਼ ਘਰਾਂ ਵਿਚ ਮੌਜੂਦ ਹਨ ਪਰ ਸਰਕਾਰ ਅਤੇ ਖੇਤੀਬਾੜੀ ਵਿਭਾਗ ਦੀ ਨਾਲਾਇਕੀ ਕਾਰਨ ਕਿਸਾਨਾਂ ਦੇ ਘਰਾਂ ਵਿਚ ਪਿਆ ਇਹ ਬੀਜ਼ ਹੁਣ ਮਿੱਟੀ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਵਾਰ ਸਰਕਾਰ ਨੇ ਇਨ੍ਹਾਂ ਕਿਸਮਾਂ ਦਾ ਝੋਨਾ ਨਹੀਂ ਖਰੀਦਣਾ ਸੀ ਤਾਂ ਕਿਸਾਨ ਨੂੰ ਇਕ ਸਾਲ ਪਹਿਲਾਂ ਦੱਸਿਆ ਜਾਣਾ ਚਾਹੀਦਾ ਸੀ ਤਾਂ ਕਿ ਬਦਲਵੇਂ ਬੀਜ਼ਾਂ ਦਾ ਪ੍ਰਬੰਧ ਕਰਦੇ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਇਹੀ ਪਾਲਸੀਆਂ ਕਿਸਾਨਾਂ ਦਾ ਘਾਣ ਕਰਦੀਆਂ ਹਨ ਅਤੇ ਵਪਾਰੀ ਵਰਗ ਨੂੰ ਮਾਲਾਮਾਲ ਕਰਦੀਆਂ ਹਨ।


author

jasbir singh

News Editor

Related News