ਭਾਰੀ ਮੀਂਹ ਦਰਮਿਆਨ ਪੰਜਾਬ ਲਈ ਵੱਡਾ ਖ਼ਤਰਾ! ਹਾਲਾਤ ''ਤੇ ਲਗਾਤਾਰ ਨਜ਼ਰ ਰੱਖ ਰਹੀ ਸਰਕਾਰ
Sunday, Aug 03, 2025 - 07:33 AM (IST)

ਚੰਡੀਗੜ੍ਹ (ਅੰਕੁਰ) : ਜੂਨ ਦੇ ਅੱਧ ਤੋਂ 2 ਅਗਸਤ ਤੱਕ ਹੋਈ ਬਾਰਸ਼ ਕਾਰਨ ਇਸ ਸਾਲ ਭਾਖੜਾ, ਪੌਂਗ ਤੇ ਰਣਜੀਤ ਸਾਗਰ ਡੈਮ ਦਾ ਪਾਣੀ ਦਾ ਪੱਧਰ ਪਿਛਲੇ ਸਾਲ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ। ਜੇਕਰ ਆਉਣ ਵਾਲੇ ਦਿਨਾਂ ’ਚ ਹੋਰ ਬਾਰਸ਼ ਹੁੰਦੀ ਹੈ ਤਾਂ ਪੰਜਾਬ ਦੇ ਕਈ ਮੈਦਾਨੀ ਇਲਾਕਿਆਂ ’ਚ ਹੜ੍ਹ ਦਾ ਖ਼ਤਰਾ ਵੱਧ ਜਾਵੇਗਾ। ਇਸ ਵੇਲੇ ਡੈਮਾਂ ਤੋਂ ਪਾਣੀ ਦਾ ਨਿਕਾਸ ਵੱਧਣ ਕਾਰਨ ਸਤਲੁਜ ਅਤੇ ਬਿਆਸ ਦਰਿਆਵਾਂ ’ਚ ਪਾਣੀ ਦਾ ਪੱਧਰ 3 ਤੋਂ 4 ਮੀਟਰ ਵੱਧ ਗਿਆ ਹੈ। ਦੋਹਾਂ ਪ੍ਰਮੁੱਖ ਦਰਿਆਵਾਂ ’ਚ ਪਾਣੀ ਦਾ ਵਹਾਅ ਜ਼ਿਆਦਾ ਹੋਣ ਕਾਰਨ ਦੋਹਾਂ ਦਰਿਆਵਾਂ ਦੇ ਆਲੇ-ਦੁਆਲੇ ਦੇ ਨੀਵੇਂ ਇਲਾਕਿਆਂ ’ਚ ਪਾਣੀ ਭਰਨਾ ਸ਼ੁਰੂ ਹੋ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬੀਆਂ ਲਈ 3 ਤੇ 4 ਅਗਸਤ ਨੂੰ ਲੈ ਕੇ ਵੱਡੀ ਚਿਤਾਵਨੀ, ਇਨ੍ਹਾਂ ਤਾਰੀਖ਼ਾਂ ਨੂੰ ਕੋਈ ਪਲਾਨ ਹੈ ਤਾਂ...
ਕਈ ਕਿਸਾਨਾਂ ਦੀਆਂ ਫ਼ਸਲਾਂ ਵੀ ਪਾਣੀ ਦੇ ਪੱਧਰ ਵੱਧਣ ਦੇ ਖ਼ਤਰੇ ਹੇਠ ਹਨ। ਪੰਜਾਬ ਦੇ ਜਲ ਸਰੋਤ ਤੇ ਖਣਨ ਮੰਤਰੀ ਬਰਿੰਦਰ ਕੁਮਾਰ ਗੋਇਲ ਦਾ ਕਹਿਣਾ ਹੈ ਕਿ ਉਹ ਪੂਰੀ ਸਥਿਤੀ 'ਤੇ ਲਗਾਤਾਰ ਨਜ਼ਰ ਰੱਖ ਰਹੇ ਹਨ ਅਤੇ ਸਬੰਧਿਤ ਅਧਿਕਾਰੀਆਂ ਤੋਂ ਡੈਮਾਂ, ਦਰਿਆਵਾਂ ਤੇ ਨਾਲਿਆਂ ਦੇ ਪਾਣੀ ਦੇ ਪੱਧਰ ਦੀ ਲਗਾਤਾਰ ਰਿਪੋਰਟ ਲੈ ਰਹੇ ਹਨ। ਭਾਖੜਾ ਪ੍ਰਬੰਧਨ ਬੋਰਡ ਦੇ ਅਧਿਕਾਰੀਆਂ ਅਨੁਸਾਰ ਡੈਮਾਂ ਦਾ ਮੌਜੂਦਾ ਪਾਣੀ ਦਾ ਪੱਧਰ ਚਿੰਤਾ ਦਾ ਵਿਸ਼ਾ ਹੈ ਅਤੇ ਇਸਨੂੰ ਹਲਕੇ ’ਚ ਨਹੀਂ ਲਿਆ ਜਾ ਸਕਦਾ। ਇਸ ਸਮੇਂ ਤਿੰਨਾਂ ਡੈਮਾਂ ’ਚ ਪਾਣੀ ਦੇ ਪ੍ਰਵਾਹ ਨੂੰ ਦੇਖਦੇ ਹੋਏ ਤਿੰਨਾਂ ਡੈਮਾਂ ਤੋਂ ਡਿਸਚਾਰਜ ਵਧਾਇਆ ਗਿਆ ਹੈ ਤਾਂ ਜੋ ਡੈਮਾਂ ਦਾ ਪਾਣੀ ਦਾ ਪੱਧਰ ਆਮ ਰਹੇ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਇਨ੍ਹਾਂ ਬੱਚਿਆਂ ਨੂੰ ਲੈ ਕੇ ਸਖ਼ਤ ਹੁਕਮ ਜਾਰੀ, ਤੁਰੰਤ ਕਾਰਵਾਈ ਦੇ ਦਿੱਤੇ ਨਿਰਦੇਸ਼
ਪੰਜਾਬ ਨਾਲ ਲੱਗਦੇ ਸਾਰੇ ਪ੍ਰਮੁੱਖ ਜਲ ਭੰਡਾਰਾਂ ’ਚ ਪਾਣੀ ਦੇ ਨਿਯਮਤ ਪ੍ਰਵਾਹ ਨਾਲ, ਮੌਜੂਦਾ ਪੱਧਰ ਅਤੇ ਵੱਧ ਤੋਂ ਵੱਧ ਪੱਧਰ ਵਿਚਕਾਰ ਅੰਤਰ ਤੇਜ਼ੀ ਨਾਲ ਘਟ ਰਿਹਾ ਹੈ, ਜਿਸ ਤੋਂ ਬਾਅਦ ਸਥਿਤੀ ਆਮ ਤੋਂ ਵੱਧ ਮੰਨੀ ਜਾ ਰਹੀ ਹੈ। ਆਈ. ਐੱਮ. ਡੀ. ਦੀ ਭਵਿੱਖਬਾਣੀ ਅਨੁਸਾਰ ਅਗਸਤ ਤੋਂ ਸਤੰਬਰ ਤੱਕ ਦੱਖਣ-ਪੱਛਮੀ ਮਾਨਸੂਨ ਸੀਜ਼ਨ ਦੇ ਦੂਜੇ ਅੱਧ ’ਚ ਆਮ ਤੋਂ ਵੱਧ ਬਾਰਸ਼ ਹੋਣ ਦੀ ਸੰਭਾਵਨਾ ਹੈ, ਜੋ ਕਿ ਮੌਨਸੂਨ ਸੀਜ਼ਨ ਦੀ ਔਸਤ ਬਾਰਸ਼ ਦੇ 106 ਫ਼ੀਸਦੀ ਤੋਂ ਵੱਧ ਤੱਕ ਪਹੁੰਚਣ ਦੀ ਉਮੀਦ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ 20 ਜੂਨ ਨੂੰ ਭਾਖੜਾ ਜਲ ਭੰਡਾਰ ਦਾ ਪਾਣੀ ਦਾ ਪੱਧਰ 1560.46 ਫੁੱਟ ਸੀ, ਜਦੋਂ ਕਿ ਪਿਛਲੇ ਸਾਲ ਇਹ 1585.65 ਫੁੱਟ ਸੀ, ਜੋ ਕਿ ਕਰੀਬ 25 ਫੁੱਟ ਘੱਟ ਸੀ। 2 ਅਗਸਤ ਨੂੰ ਪਾਣੀ ਦਾ ਪੱਧਰ 1622.9 ਫੁੱਟ ਸੀ, ਜੋ ਕਿ ਪਿਛਲੇ ਸਾਲ 1608.27 ਫੁੱਟ ਸੀ। ਪਾਣੀ ਭਰਨ ਦੇ ਸੀਜ਼ਨ ਦੌਰਾਨ ਪਾਣੀ ਦੇ ਪੱਧਰ ’ਚ 48 ਫੁੱਟ ਦਾ ਵਾਧਾ ਦਰਜ ਕੀਤਾ ਗਿਆ ਹੈ। ਭਾਖੜਾ ਡੈਮ ’ਚ ਬੀ. ਬੀ. ਐੱਮ. ਬੀ. ਰਾਹੀਂ ਅਪਣਾਈ ਗਈ ਵੱਧ ਤੋਂ ਵੱਧ ਸਟੋਰੇਜ ਸੀਮਾ 1680 ਫੁੱਟ ਹੈ। ਇਸ ਸਮੇਂ ਸ੍ਰੀ ਗੁਰੂ ਗੋਬਿੰਦ ਸਾਗਰ ਝੀਲ ਵਿੱਚ ਆਮਦ 53668 ਕਿਊਸਿਕ ਹੈ ਅਤੇ ਡਿਸਚਾਰਜ 23120 ਕਿਊਸਿਕ ਹੈ। ਵੱਧ ਤੋਂ ਵੱਧ ਸਵੀਕਾਰਯੋਗ ਪੱਧਰ ਲਈ ਅਜੇ ਵੀ 57 ਫੁੱਟ ਦਾ ਪਾੜਾ ਹੈ ਅਤੇ ਅਗਸਤ ਦੇ ਅਖ਼ੀਰ ਤੱਕ ਇਸਦੇ ਖ਼ਤਰੇ ਦੇ ਨਿਸ਼ਾਨ ਤੱਕ ਪਹੁੰਚਣ ਦੀ ਸੰਭਾਵਨਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8