ਕਣਕ ਦੀ ਫਸਲ ਨੂੰ ਘਿਓ ਵਾਂਗ ਲੱਗਾ ਮੀਂਹ

01/24/2019 12:35:12 PM

ਸੁਲਤਾਨਪੁਰ ਲੋਧੀ (ਧੀਰ)—ਬੀਤੇ ਦਿਨ ਤੋਂ ਪੂਰੇ ਸੂਬੇ ਵਾਂਗ ਪਵਿੱਤਰ ਨਗਰੀ 'ਚ ਵੀ ਪਏ ਭਾਰੀ ਮੀਂਹ ਨਾਲ ਜਿਥੇ ਆਮ ਲੋਕਾਂ ਨੂੰ ਤਾਪਮਾਨ 'ਚ ਗਿਰਾਵਟ ਆਉਣ 'ਤੇ ਠੰਡ ਦਾ ਸਾਹਮਣਾ ਕਰਨਾ ਪਿਆ, ਉਥੇ ਇਹ ਮੀਂਹ ਕਣਕ ਦੀ ਫਸਲ ਨੂੰ ਘਿਓ ਵਾਂਗ ਲੱਗਾ ਹੈ। ਦੋ ਦਿਨਾਂ ਤੋਂ  ਮੀਂਹ  ਕਾਰਨ  ਕਣਕ ਦੀ ਫਸਲ ਨਿਖਰ ਆਈ। ਉਂਝ ਸ਼ਹਿਰ 'ਚ ਮੀਂਹ ਕਾਰਨ ਜਗ੍ਹਾ-ਜਗ੍ਹਾ ਖੜ੍ਹੇ ਹੋਏ ਪਾਣੀ ਤੋਂ ਲੋਕਾਂ ਨੂੰ ਪ੍ਰੇਸ਼ਾਨੀ ਆਈ ਹੈ ਤੇ ਮੀਂਹ ਝੁੱਗੀ-ਝੌਂਪੜੀਆਂ ਵਾਲੇ ਗਰੀਬ ਪ੍ਰਵਾਸੀ ਮਜ਼ਦੂਰਾਂ ਲਈ ਵੀ ਮੁਸ਼ਕਲਾਂ ਲੈ ਕੇ ਆਇਆ।   ਬੇਸਹਾਰਾ ਲੋਕਾਂ ਲਈ ਤਾਂ ਠੰਡ ਪੂਰੀ ਤਰ੍ਹਾਂ ਮਾਰੂ ਸਿੱਧ ਹੋਣ ਲੱਗੀ ਹੈ।

ਕਿਸਾਨਾਂ ਦੀ ਚਿੰਤਾ ਹੋਈ ਦੂਰ 
ਉਂਝ ਬੀਤੇ ਕੁਝ ਦਿਨਾਂ ਤੋਂ ਸਵੇਰ ਤੇ ਰਾਤ ਵੇਲੇ ਧੁੰਦ  ਤੇ ਹੁਣ ਮੀਂਹ ਪੈਣ ਕਾਰਨ ਹੋਏ ਠੰਡੇ ਮੌਸਮ ਨੂੰ ਕਣਕ ਦੀ ਫਸਲ ਲਈ ਵਰਦਾਨ ਮੰਨਿਆ ਜਾ ਰਿਹਾ ਹੈ।  ਕਣਕ ਦੀ ਫਸਲ ਨੂੰ  ਮੀਂਹ ਦੀ ਬੇਹੱਦ ਲੋੜ ਸੀ ਕਿਉਂਕਿ  ਮੀਂਹ ਨਾ  ਪੈਣ ਕਾਰਨ  ਕਈ ਬੀਮਾਰੀਆਂ ਲੱਗਣ ਦਾ ਖਦਸ਼ਾ ਸੀ ਪਰ  ਮੀਂਹ ਨਾਲ ਹੁਣ ਮੌਸਮ ਹੋਰ ਠੰਡਾ ਹੋ ਗਿਆ ਹੈ, ਜਿਸ ਨਾਲ ਕਣਕ ਦੀ ਫਸਲ ਵੀ ਟਹਿਕਣ ਲੱਗ ਪਈ ਹੈ। ਕਿਸਾਨ ਬਚਿੱਤਰ ਸਿੰਘ ਨੇ ਕਿਹਾ ਕਿ  ਮੀਂਹ  ਦੌਰਾਨ ਉਹ ਆਪਣੀ ਫਸਲ  ਨੂੰ ਖਾਦ ਪਾ ਰਹੇ ਹਨ ਕਿਉਂਕਿ ਮੀਂਹ ਦੇ ਦਿਨਾਂ 'ਚ ਖਾਦ ਘਿਓ ਵਾਂਗ ਫਸਲਾਂ ਨੂੰ ਲੱਗਦੀ ਹੈ। ਕਿਸਾਨ ਜਸਵਿੰਦਰ ਸਿੰਘ ਨੇ ਕਿਹਾ ਕਿ ਫਸਲਾਂ ਨੂੰ ਮੀਂਹ ਦੀ ਜ਼ਰੂਰਤ ਸੀ। ਉਨ੍ਹਾਂ ਕਿਹਾ ਕਿ ਬੇਸ਼ੱਕ ਕਿਸਾਨਾਂ ਕੋਲ ਪਾਣੀ ਦੀ ਸਿੰਚਾਈ ਦੇ ਸਾਧਨ ਹਨ ਪਰ ਮੀਂਹ ਦਾ ਪਾਣੀ ਵੱਧ ਅਸਰਦਾਇਕ ਹੁੰਦਾ ਹੈ।  

ਕਣਕ ਦੀ ਫਸਲ ਨੂੰ ਲੱਗੀਆਂ ਬੀਮਾਰੀਆਂ ਹੋਣਗੀਆਂ ਖਤਮ : ਖੇਤੀਬਾੜੀ ਮਾਹਿਰ 
ਖੇਤੀਬਾੜੀ ਮਾਹਿਰ ਡਾ. ਪਰਮਿੰਦਰ ਕੁਮਾਰ ਮੁਤਾਬਕ ਮੀਂਹ ਫਸਲਾਂ ਲਈ ਸ਼ੁੱਭ ਸੰਕੇਤ ਹੈ। ਉਨ੍ਹਾਂ ਕਿਹਾ ਕਿ ਮੀਂਹ ਨਾਲ ਕਣਕ ਦੀ ਫਸਲ 'ਤੇ ਪੀਲੀ ਕੁੰਗੀ, ਤੇਲਾ, ਗੁੱਲੀ ਡੰਡਾ ਆਦਿ ਹੋਰ ਬੀਮਾਰੀਆਂ ਖਤਮ ਹੋ ਜਾਣਗੀਆਂ ਤੇ ਕਣਕ ਦੀ ਫਸਲ ਦਾ ਰੰਗ ਨਿਖਰ ਆਵੇਗਾ। ਉਨ੍ਹਾਂ ਕਿਹਾ ਕਿ ਹੁਣ ਹਾਲੇ ਕਿਸਾਨ ਕਣਕ ਦੀ ਫਸਲ ਨੂੰ ਪਾਣੀ ਨਾ ਲਾਉਣ ਕਿਉਂਕਿ ਹਾਲੇ ਵੀ ਇਕ ਜਾਂ ਦੋ ਦਿਨ ਹੋਰ ਮੌਸਮ ਦੇ ਖਰਾਬ ਰਹਿਣ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ ਕਿ ਇਸ ਲਈ ਜੇ ਹੋਰ ਮੀਂਹ  ਪੈ ਗਿਆ ਤਾਂ ਫਸਲ ਨੂੰ ਪਾਣੀ ਲਾਉਣ ਦੀ ਜ਼ਰੂਰਤ ਹੀ ਨਹੀਂ ਹੋਵੇਗੀ।


Shyna

Content Editor

Related News