7ਵੇਂ ਦਿਨ ਵੀ ਨਹੀਂ ਹੋਈ ਕਣਕ ਦੀ ਖਰੀਦ, ਆਮਦ ਸ਼ੁਰੂ
Sunday, Apr 08, 2018 - 08:23 AM (IST)
ਫ਼ਰੀਦਕੋਟ (ਹਾਲੀ) - ਜ਼ਿਲੇ ਦੀ ਮੁੱਖ ਮੰਡੀ 'ਚ ਨਵੀਂ ਕਣਕ ਦੀ ਆਮਦ ਬਾਕਾਇਦਾ ਤੌਰ 'ਤੇ ਸ਼ੁਰੂ ਹੋ ਗਈ ਹੈ ਪਰ 7 ਦਿਨ ਬੀਤਣ 'ਤੇ ਵੀ ਅਜੇ ਤੱਕ ਕਣਕ ਦੀ ਖ਼ਰੀਦ ਸ਼ੁਰੂ ਨਹੀਂ ਹੋਈ। ਲਗਭਗ 20 ਕੁਇੰਟਲ ਕਣਕ ਦੀ ਪਹਿਲੀ ਢੇਰੀ ਜਗਤਾਰ ਸਿੰਘ ਪੁੱਤਰ ਕੁਲਵੰਤ ਸਿੰਘ ਪਿੰਡ ਚਹਿਲ ਰਾਜ ਕੁਮਾਰ ਆੜ੍ਹਤੀਆ ਦੀ ਫਰਮ ਸ਼ਿਵ ਟਰੇਡਿੰਗ ਕੰਪਨੀ ਵਿਖੇ ਆਈ। ਕਣਕ ਦੀ ਪਹਿਲੀ ਆਈ ਢੇਰੀ ਦਾ ਜਾਇਜ਼ਾ ਲੈਣ ਲਈ ਪਹੁੰਚੇ ਕੁਲਬੀਰ ਸਿੰਘ ਮੱਤਾ ਜ਼ਿਲਾ ਮੰਡੀ ਅਧਿਕਾਰੀ ਫ਼ਰੀਦਕੋਟ ਨੇ ਦੱਸਿਆ ਕਿ ਕਣਕ 'ਚ ਨਮੀ ਦੀ ਮਾਤਰਾ 23 ਫੀਸਦੀ ਪਾਈ ਗਈ, ਜਿਸ ਕਾਰਨ ਪਹਿਲੇ ਦਿਨ ਕਣਕ ਦੀ ਖਰੀਦ ਨਹੀਂ ਹੋ ਸਕੀ ਕਿਉਂਕਿ ਕਣਕ ਦੀ ਨਮੀ ਦੀ ਮਾਤਰਾ ਵੱਧ ਤੋਂ ਵੱਧ 12 ਫੀਸਦੀ ਹੋਣੀ ਚਾਹੀਦੀ ਹੈ। ਮੱਤਾ ਨੇ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਕਣਕ ਸੁਕਾਉਣ ਵਾਸਤੇ ਕਿਹਾ ਅਤੇ ਜਲਦ ਹੀ ਇਸ ਦੀ ਖਰੀਦ ਦਾ ਭਰੋਸਾ ਦਿਵਾਇਆ।
ਜ਼ਿਲਾ ਮੰਡੀ ਅਧਿਕਾਰੀ ਨੇ ਦੱਸਿਆ ਕਿ ਜ਼ਿਲੇ ਦੀਆਂ 4 ਮੁੱਖ ਮੰਡੀਆਂ ਫਰੀਦਕੋਟ, ਕੋਟਕਪੂਰਾ, ਜੈਤੋ ਅਤੇ ਸਾਦਿਕ ਤੋਂ ਇਲਾਵਾ 63 ਪੇਂਡੂ ਖਰੀਦ ਕੇਂਦਰਾਂ ਵਿਚ ਪੰਜਾਬ ਮੰਡੀ ਬੋਰਡ ਵੱਲੋਂ ਮਾਰਕੀਟ ਕਮੇਟੀਆਂ ਰਾਹੀਂ ਸਾਰੇ ਮੁੱਢਲੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਕਿਸਾਨਾਂ ਨੂੰ ਆਪਣੀ ਕਣਕ ਵੇਚਣ ਵਿਚ ਕਿਸੇ ਕਿਸਮ ਦੀ ਕੋਈ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਉਂਦੇ ਹਫਤੇ ਕਣਕ ਦੀ ਵਾਢੀ ਤੇਜ਼ੀ ਨਾਲ ਹੋਣ ਦੀ ਸੰਭਾਵਨਾ ਹੈ।
ਮੰਡੀ ਅਧਿਕਾਰੀ ਨੇ ਕਿਹਾ ਕਿ ਪਿਛਲੇ ਸਾਲ ਜ਼ਿਲੇ ਭਰ 'ਚ ਕਣਕ ਦੀ 4,99,312 ਮੀਟ੍ਰਿਕ ਟਨ ਆਮਦ ਹੋਈ ਸੀ। ਇਸ ਵਾਰ ਕਣਕ ਲਈ ਮੌਸਮ ਵਧੀਆ ਹੋਣ ਕਰ ਕੇ ਖੇਤੀਬਾੜੀ ਵਿਭਾਗ ਦੇ ਸੂਤਰਾਂ ਅਨੁਸਾਰ ਕਣਕ ਦੀ ਆਮਦ 'ਚ 10 ਫੀਸਦੀ ਵਾਧਾ ਹੋਣ ਦੀ ਸੰਭਾਵਨਾ ਹੈ। ਮੱਤਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਗਿੱਲੀ ਕਣਕ ਕੱਟ ਕੇ ਮੰਡੀਆਂ ਵਿਚ ਨਾ ਲਿਆਉਣ, ਕਣਕ ਨੂੰ ਸੁਕਾਉਣ ਅਤੇ ਸਾਫ ਕਰਨ ਉਪਰੰਤ ਹੀ ਮੰਡੀਆਂ ਵਿਚ ਲੈ ਕੇ ਆਉਣ ਤਾਂ ਜੋ ਉਨ੍ਹਾਂ ਦੀ ਫਸਲ ਆਉਂਦੇ ਸਾਰ ਵਿਕ ਸਕੇ।
ਇਸ ਦੌਰਾਨ ਕਣਕ ਦਾ ਜਾਇਜ਼ਾ ਲੈਣ ਲਈ ਆੜ੍ਹਤੀਆਂ ਆਗੂਆਂ 'ਚ ਅਸ਼ੋਕ ਕੁਮਾਰ ਜੈਨ, ਵਰਿੰਦਰ ਕੁਮਾਰ ਬਾਂਸਲ, ਨਰੇਸ਼ ਜੈਨ, ਤਰਸੇਮ ਗਰਗ, ਅਨਿਲ ਕੁਮਾਰ ਅਤੇ ਮਾਰਕੀਟ ਕਮੇਟੀ ਦੇ ਮੁਲਾਜ਼ਮ ਕੁਲਵਿੰਦਰ ਸਿੰਘ ਬਰਾੜ, ਮਹਾਬੀਰ ਸਿੰਘ, ਛਬੀਲ ਕੁਮਾਰ, ਸਵਿੰਦਰ ਸਿੰਘ ਭੱਟੀ, ਸੁਰਿੰਦਰ ਕੁਮਾਰ ਮੱਤਾ, ਰਾਜਵੀਰ ਸਿੰਘ ਝੋਟੀਵਾਲਾ ਆਦਿ ਮੌਜੂਦ ਸਨ।
