ਦਰੱਖਤਾਂ ਦਾ ਇਲਾਜ ਹੋਣ ਲੱਗਾ ਵਟਸਐਪ ''ਤੇ

01/24/2018 4:59:18 AM

ਲੁਧਿਆਣਾ(ਸਲੂਜਾ)-ਜੇਕਰ ਤੁਸੀਂ ਵਾਤਾਵਰਣ ਤੇ ਫਲਾਵਰ ਪ੍ਰੇਮੀ ਹੋ ਅਤੇ ਦਰੱਖਤ ਲਾਉਣ ਦਾ ਸ਼ੌਕ ਰੱਖਦੇ ਹੋ ਤਾਂ ਹੁਣ ਤੁਹਾਨੂੰ ਇਸ ਗੱਲ ਦੀ ਚਿੰਤਾ ਕਰਨ ਦੀ ਲੋੜ ਨਹੀਂ। ਦਰੱਖਤ ਦੇ ਕਿਸੇ ਵੀ ਰੋਗ ਤੋਂ ਗ੍ਰਸਤ ਹੋਣ 'ਤੇ ਤੁਹਾਨੂੰ ਭਟਕਣਾ ਪਵੇਗਾ, ਸਗੋਂ ਹੁਣ ਤੁਸੀਂ ਆਪਣੇ ਬੂਟਿਆਂ (ਦਰੱਖਤਾਂ) ਦੀ ਇਕ ਫੋਟੋ ਖਿੱਚ ਕੇ ਆਪਣੇ ਵਟਸਐਪ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬੂਟਿਆਂ ਦੇ ਹਸਪਤਾਲ ਦੇ ਡਾਕਟਰਾਂ ਨੂੰ ਭੇਜਣੀ ਪਵੇਗੀ। ਤੁਹਾਨੂੰ ਘਰ ਬੈਠੇ ਹੀ ਬੂਟੇ ਨੂੰ ਰੋਗ ਮੁਕਤ ਕਰਨ ਸਬੰਧੀ ਟਿੱਪਸ ਮਿਲ ਜਾਣਗੇ।
4 ਵਿਗਿਆਨੀ ਕਰਦੇ ਹਨ ਇਲਾਜ
ਪੰਜਾਬ ਦੇ ਪਹਿਲੇ ਇਸ ਦਰੱਖਤ ਸੰਭਾਲ ਹਸਪਤਾਲ ਵਿਚ ਹਰ ਬੀਮਾਰੀ ਦਾ ਇਲਾਜ ਹਸਪਤਾਲ ਦੇ ਇੰਚਾਰਜ ਤੇ ਪੌਦਾ ਰੋਗ ਮਾਹਿਰ ਡਾ. ਸੁਰਿੰਦਰ ਕੁਮਾਰ ਥਿੰਦ, ਕੀੜਿਆਂ ਦੀ ਰੋਕਥਾਮ ਦੇ ਮਾਹਿਰ ਡਾ. ਸੁਭਾਸ਼ ਸਿੰਘ, ਫਸਲ ਵਿਗਿਆਨੀ ਡਾ. ਰਘਬੀਰ ਸਿੰਘ ਉੱਪਲ ਤੇ ਭੂਮੀ ਮਾਹਿਰ ਡਾ. ਐੱਸ. ਪੀ. ਸੈਣੀ ਦੀ ਟੀਮ ਵਲੋਂ ਬਿਲਕੁਲ ਮੁਫਤ ਕੀਤਾ ਜਾਂਦਾ ਹੈ।
ਹਸਪਤਾਲ ਖੁੱਲ੍ਹਣ ਦਾ ਸਮਾਂ
ਕਿਸੇ ਵੀ ਤਰ੍ਹਾਂ ਦੇ ਰੋਗਗ੍ਰਸਤ ਦਰੱਖਤ ਨੂੰ ਇਲਾਜ ਲਈ ਤੁਹਾਨੂੰ ਕਿਸੇ ਵੀ ਕੰਮ ਵਾਲੇ ਦਿਨ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਇਸ ਦਰੱਖਤ ਹਸਪਤਾਲ ਵਿਚ ਜਾਂਚ ਲਈ ਲਿਆ ਸਕਦੇ ਹੋ ਜਿਸ ਰੋਗਗ੍ਰਸਤ ਦਰੱਖਤ ਦਾ ਤੁਸੀਂ ਇਲਾਜ ਕਰਵਾਉਣਾ ਚਾਹੁੰਦੇ ਹੋ, ਉਸ ਨੂੰ ਤੁਹਾਨੂੰ ਜੜ੍ਹ ਤੋਂ ਉਖਾੜ ਕੇ ਹਸਪਤਾਲ ਲੈ ਕੇ ਆਉਣਾ ਹੋਵੇਗਾ।
ਕੀ ਹੈ ਈ-ਮੇਲ, ਵਟਸਐਪ, ਹੈਲਪਲਾਈਨ ਨੰਬਰ
ਦਰੱਖਤਾਂ ਦੇ ਮੁਫਤ ਇਲਾਜ ਲਈ ਤੁਸੀਂ ਈ-ਮੇਲਜ਼ 'ਪਲਾਂਟ ਕਲੀਨਿਕ ਐਟ ਦਿ ਰੇਟ ਪੀ. ਏ. ਯੂ. ਡੌਟ ਈ. ਡੀ. ਯੂ.' ਅਤੇ 'ਥਿੰਦ ਐੱਸ. ਕੇ. ਐਟ ਦਿ ਰੇਟ ਪੀ. ਏ. ਯੂ. ਡੌਟ ਈ.ਡੀ.ਯੂ.' 'ਤੇ ਜਾਂ ਡਾ. ਰਘਵੀਰ ਉੱਪਲ ਦਾ ਮੋਬਾਇਲ ਨੰ. 94173-53711, ਡਾ. ਸਤਪਾਲ ਸੈਣੀ ਦਾ ਮੋਬਾਇਲ ਨੰ. 94651-68676 ਅਤੇ ਡਾ. ਸੁਭਾਸ਼ ਸਿੰਘ ਦੇ ਮੋਬਾਇਲ ਨੰ. 98764-50766 'ਤੇ ਸੰਪਰਕ ਕਰ ਸਕਦੇ ਹੋ ਜਦੋਂ ਕਿ ਲੋੜ ਪੈਣ 'ਤੇ ਤੁਸੀਂ ਪੀ. ਏ. ਯੂ. ਦੀ ਹੈਲਪਲਾਈਨ ਨੰ. 0161-401960 ਦੀ ਵਰਤੋਂ ਵੀ ਕਰ ਸਕਦੇ ਹੋ।
ਕਿੱਥੇ-ਕਿੱਥੇ ਖੋਲ੍ਹੇ ਗਏ ਹਨ ਹਸਪਤਾਲ?
ਪੀ. ਏ. ਯੂ. ਤੋਂ ਇਲਾਵਾ ਸ੍ਰੀ ਮੁਕਤਸਰ ਸਾਹਿਬ, ਨੂਰਮਹਿਲ, ਫਤਹਿਗੜ੍ਹ ਸਾਹਿਬ, ਕਪੂਰਥਲਾ, ਸਮਰਾਲਾ, ਫਰੀਦਕੋਟ, ਪਟਿਆਲਾ, ਅਬੋਹਰ, ਬਠਿੰਡਾ ਤੇ ਗੁਰਦਾਸਪੁਰ ਦੇ ਖੇਤਰੀ ਖੋਜ ਕੇਂਦਰ ਵਿਚ ਬੂਟਾ ਹਸਪਤਾਲ ਕਾਰਜਸ਼ੀਲ ਹਨ।


Related News