ਹੁਣ ਵਟਸਐਪ ''ਤੇ ਲੋਕ ਦਰਜ ਕਰਵਾ ਸਕਣਗੇ ਸ਼ਿਕਾਇਤ

07/14/2017 6:51:21 AM

ਬਰਨਾਲਾ(ਵਿਵੇਕ ਸਿੰਧਵਾਨੀ, ਰਵੀ)- ਲੋਕਾਂ ਦੇ ਹੱਥਾਂ 'ਚ ਸਮਾਰਟ ਫੋਨ ਆਉਣ ਤੋਂ ਬਾਅਦ ਹੁਣ ਪੁਲਸ ਵੀ ਸਮਾਰਟ ਹੁੰਦੀ ਜਾ ਰਹੀ ਹੈ। ਸ਼ਹਿਰ 'ਚ ਅਪਰਾਧੀਆਂ 'ਤੇ ਨਕੇਲ ਕੱਸਣ ਲਈ ਪੁਲਸ ਜਿੱਥੇ ਆਧੁਨਿਕ ਤਕਨੀਕ ਦਾ ਇਸਤੇਮਾਲ ਕਰ ਰਹੀ ਹੈ ਉਥੇ ਸੋਸ਼ਲ ਸਾਈਟ ਦੇ ਮਾਧਿਅਮ ਨਾਲ ਲੋਕਾਂ ਨੂੰ ਸੁਵਿਧਾ ਮੁਹੱਈਆ ਕਰਵਾਉਣ 'ਚ ਜੁਟੀ ਹੈ, ਜਿਸ ਤਹਿਤ ਬਰਨਾਲਾ ਪੁਲਸ ਹੁਣ ਨਵੇਂ ਜ਼ਿਲਾ ਪੁਲਸ ਮੁਖੀ ਹਰਜੀਤ ਸਿੰਘ ਦੀ ਅਗਵਾਈ 'ਚ ਵਟਸਐਪ 'ਤੇ ਕੀਤੀ ਗਈ ਸ਼ਿਕਾਇਤ ਨੂੰ ਵੀ ਤੁਰੰਤ ਦਰਜ ਕਰਨ ਦਾ ਦਾਅਵਾ ਕਰ ਰਹੀ ਹੈ। ਜ਼ਿਲਾ ਪੁਲਸ ਮੁਖੀ ਹਰਜੀਤ ਸਿੰਘ ਨੇ 'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਪੁਲਸ ਨੂੰ ਵੀ ਸਮੇਂ ਦੇ ਨਾਲ-ਨਾਲ ਬਦਲਣਾ ਹੋਵੇਗਾ। ਬਹੁਤ ਵਾਰ ਲੋਕ ਸਮੇਂ ਦੀ ਘਾਟ ਕਾਰਨ ਥਾਣੇ 'ਚ ਪਹੁੰਚ ਕੇ ਮਾਮਲੇ ਦੀ ਸ਼ਿਕਾਇਤ ਕਰਨ ਤੋਂ ਪ੍ਰਹੇਜ਼ ਕਰਦੇ ਹਨ ਅਤੇ ਨਾਲ ਹੀ ਲੋਕ ਪੁਲਸ ਦੇ ਚੱਕਰ ਤੋਂ ਬਚਣ ਲਈ ਆਪਣੇ 'ਤੇ ਬੀਤੀ ਘਟਨਾ ਨੂੰ ਬਰਦਾਸ਼ਤ ਕਰ ਕੇ ਪੁਲਸ ਤੱਕ ਨਹੀਂ ਪਹੁੰਚਦੇ, ਜਿਸ ਕਾਰਨ ਪੁਲਸ ਹੁਣ ਲੋਕਾਂ ਨੂੰ ਸੁਵਿਧਾ ਅਤੇ ਸਹਾਇਤਾ ਪ੍ਰਦਾਨ ਕਰਨ ਲਈ ਸੋਸ਼ਲ ਸਾਈਟ ਦਾ ਵੀ ਸਹਾਰਾ ਲੈ ਰਹੀ ਹੈ। ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਸ਼ਿਕਾਇਤ ਨੂੰ ਪੁਲਸ ਕੰਟਰੋਲ ਰੂਮ ਦੇ ਵਟਸਐਪ ਨੰਬਰ 97795-45100 'ਤੇ ਵੀ ਭੇਜ ਸਕਦੇ ਹਨ। ਪੁਲਸ ਨੂੰ ਵਟਸਐਪ ਸ਼ਿਕਾਇਤ ਪਹੁੰਚਣ 'ਤੇ ਹੀ ਉਸ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਵਟਸਐਪ 'ਤੇ ਦਰਜ ਹੋਣ ਵਾਲੀਆਂ ਸਾਰੀਆਂ ਸ਼ਿਕਾਇਤਾਂ ਨੂੰ ਮੇਰੇ ਧਿਆਨ 'ਚ ਲਿਆਂਦਾ ਜਾਵੇਗਾ।


Related News