ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਦੀ ਨਾਰਾਜ਼ਗੀ ਦੇ ਕੀ ਕਾਰਨ ਰਹੇ?

Thursday, Mar 28, 2024 - 06:33 AM (IST)

ਜਲੰਧਰ (ਵਿਸ਼ੇਸ਼)– ਭਾਰਤੀ ਜਨਤਾ ਪਾਰਟੀ ’ਚ ਅੱਜ ਸ਼ਾਮਲ ਹੋਣ ਵਾਲੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਦੇ ਇਕਲੌਤੇ ਮੈਂਬਰ ਸੁਸ਼ੀਲ ਕੁਮਾਰ ਰਿੰਕੂ, ਜੋ ਕਿ 7-8 ਮਹੀਨੇ ਪਹਿਲਾਂ ਹੀ ਕਾਂਗਰਸ ਨੂੰ ਅਲਵਿਦਾ ਆਖ ਕੇ ‘ਆਪ’ ’ਚ ਸ਼ਾਮਲ ਹੋਏ ਸਨ, ਦੀ ਅਚਾਨਕ ਨਾਰਾਜ਼ਗੀ ਦੇ ਆਖਿਰ ਕੀ ਕਾਰਨ ਸਨ? ਜਿਸ ਕਾਰਨ ਉਨ੍ਹਾਂ ਨੂੰ ਇੰਨਾ ਵੱਡਾ ਕਦਮ ਮੁੜ ਚੁੱਕਣਾ ਪਿਆ। ਸੁਸ਼ੀਲ ਰਿੰਕੂ ਦੇ ਨਜ਼ਦੀਕੀਆਂ ਦਾ ਮੰਨਣਾ ਹੈ ਕਿ ਪਿਛਲੇ 1-2 ਮਹੀਨਿਆਂ ਤੋਂ ਰਿੰਕੂ ਦੀਆਂ ਨਾਰਾਜ਼ਗੀਆਂ ਆਮ ਆਦਮੀ ਪਾਰਟੀ ਨਾਲ ਵਧਣੀਆਂ ਸ਼ੁਰੂ ਹੋ ਗਈਆਂ ਸਨ। ਇਨ੍ਹਾਂ ਨਾਰਾਜ਼ਗੀਆਂ ਦੇ ਕਈ ਕਾਰਨ ਸਨ, ਜੋ ਕਿ ਹੇਠ ਲਿਖੇ ਹਨ–

1. ਜਲੰਧਰ ਉਪ ਚੋਣ ਦੌਰਾਨ ਸੁਸ਼ੀਲ ਰਿੰਕੂ ਨੂੰ ਜਿਤਾਉਣ ਲਈ ‘ਆਪ’ ਸਰਕਾਰ ਨੇ ਵੱਡੇ-ਵੱਡੇ ਵਾਅਦੇ ਕਰ ਦਿੱਤੇ ਸਨ, ਜੋ ਪੂਰੇ ਨਹੀਂ ਕੀਤੇ ਜਾ ਸਕੇ ਸਨ। ਇਸ ਨਾਲ ਰਿੰਕੂ ਨੂੰ ਇਹ ਪ੍ਰਤੀਤ ਹੋ ਰਿਹਾ ਸੀ ਕਿ ਹੁਣ ਉਹ ਦੁਬਾਰਾ ਲੋਕ ਸਭਾ ਚੋਣ ਲੜਨ ਲਈ ਕੀ ਮੂੰਹ ਲੈ ਕੇ ਜਨਤਾ ’ਚ ਜਾਣਗੇ।

2. ਸੁਸ਼ੀਲ ਰਿੰਕੂ ਨੇ ਜਲੰਧਰ ’ਚ ਵੱਡਾ ਮੈਡੀਕਲ ਹਸਪਤਾਲ ਬਣਾਉਣ ਦਾ ਮਾਮਲਾ ਕੇਜਰੀਵਾਲ ਤੇ ਭਗਵੰਤ ਮਾਨ ਦੇ ਸਾਹਮਣੇ ਚੁੱਕਿਆ ਸੀ। ਇਹ ਵਾਅਦਾ ਕੇਜਰੀਵਾਲ ਵਲੋਂ ਉਪ ਚੋਣ ਦੌਰਾਨ ਕੀਤਾ ਗਿਆ ਸੀ, ਜਿਸ ’ਚ ਕਿਹਾ ਗਿਆ ਸੀ ਕਿ ਪੀ. ਜੀ. ਆਈ. ਦੀ ਤਰਜ਼ ’ਤੇ ਵੱਡਾ ਮੈਡੀਕਲ ਹਸਪਤਾਲ ਜਲੰਧਰ ’ਚ ਬਣਾਇਆ ਜਾਵੇਗਾ। ਇਸ ਦੇ ਨਾ ਬਣਨ ਕਾਰਨ ਰਿੰਕੂ ਨਾਰਾਜ਼ ਸਨ।

3. ਆਮ ਆਦਮੀ ਪਾਰਟੀ ਦਾ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਸੁਸ਼ੀਲ ਰਿੰਕੂ ਨੂੰ ਜਲੰਧਰ ’ਚ ‘ਆਪ’ ਨੇਤਾਵਾਂ ਤੋਂ ਕੋਈ ਸਹਿਯੋਗ ਨਹੀਂ ਮਿਲ ਰਿਹਾ ਸੀ। ਰਿੰਕੂ ਨੇ ਇਹ ਮਾਮਲਾ ਪਿਛਲੇ ਦਿਨੀਂ ਚੁੱਕਿਆ ਸੀ ਪਰ ਇਸ ਵੱਲ ਧਿਆਨ ਨਹੀਂ ਦਿੱਤਾ ਗਿਆ, ਜਿਸ ਕਾਰਨ ਰਿੰਕੂ ਆਪਣੇ ਭਵਿੱਖ ਨੂੰ ਲੈ ਕੇ ਸ਼ਸ਼ੋਪੰਜ ’ਚ ਸਨ।

4. ਸੁਸ਼ੀਲ ਰਿੰਕੂ ਦੇ ਕਹਿਣ ’ਤੇ ਆਪ ਨੇ ਜਲੰਧਰ ’ਚ ਪਿਛਲੇ 6 ਮਹੀਨਿਆਂ ’ਚ ਕਿਸੇ ਵੀ ਵੱਡੇ ਅਧਿਕਾਰੀ ਦੀ ਤਾਇਨਾਤੀ ਨਹੀਂ ਕੀਤੀ ਸੀ। ਉਨ੍ਹਾਂ ਨੇ ਕਈ ਅਧਿਕਾਰੀਆਂ ਨੂੰ ਤਾਇਨਾਤ ਕਰਨ ਲਈ ਕਿਹਾ ਸੀ, ਜਿਸ ਵੱਲ ਆਪ ਨੇ ਧਿਆਨ ਨਹੀਂ ਦਿੱਤਾ। ਰਿੰਕੂ ਨੂੰ ਅਜਿਹਾ ਪ੍ਰਤੀਤ ਹੋਇਆ ਕਿ ਹੁਣ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ ਹੈ।

5. ਸੁਸ਼ੀਲ ਰਿੰਕੂ ਦਾ ਮੰਨਣਾ ਸੀ ਕਿ ‘ਆਪ’ ਨੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਦਾ ਜੋ ਵਾਅਦਾ ਕੀਤਾ ਸੀ, ਉਹ ਪੂਰਾ ਨਹੀਂ ਹੋਇਆ ਤੇ ਜਲੰਧਰ ’ਚ ਅਧਿਕਾਰੀਆਂ ਦੇ ਹੱਥ ਭ੍ਰਿਸ਼ਟਾਚਾਰ ਨਾਲ ਰੰਗੇ ਹੋਏ ਹਨ। ਉਨ੍ਹਾਂ ਨੇ ਇਹ ਮਾਮਲਾ ਕਈ ਵਾਰ ਸਰਕਾਰ ਨੇ ਸਾਹਮਣੇ ਚੁੱਕਿਆ ਤੇ ਇਸ ਵੱਲ ਧਿਆਨ ਨਹੀਂ ਦਿੱਤਾ ਗਿਆ।

ਇਹ ਖ਼ਬਰ ਵੀ ਪੜ੍ਹੋ : ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਵੱਡਾ ਬਿਆਨ, ਕਿਹਾ-ਹੁਣ ਖ਼ਤਮ ਹੋਣਗੇ ਟੋਲ ਪਲਾਜ਼ੇ

6. ਸੁਸ਼ੀਲ ਰਿੰਕੂ ਆਮ ਆਦਮੀ ਪਾਰਟੀ ਦੇ ਇਕ ਵਿਧਾਇਕ ਤੋਂ ਬਹੁਤ ਖਫ਼ਾ ਸਨ, ਜਿਸ ਨੇ ਕੁਝ ਦਿਨ ਪਹਿਲਾਂ ਅਧਿਕਾਰੀਆਂ ਨੂੰ ਫੋਨ ਕਰਕੇ ਰਿੰਕੂ ਦੇ ਭਾਜਪਾ ’ਚ ਜਾਣ ਦੀ ਗੱਲ ਫੈਲਾਅ ਦਿੱਤੀ ਸੀ। ਰਿੰਕੂ ਨੇ ਇਹ ਮਾਮਲਾ ਜਦੋਂ ‘ਆਪ’ ਦੇ ਰਾਸ਼ਟਰੀ ਜਨਰਲ ਸਕੱਤਰ ਸੰਦੀਪ ਪਾਠਕ ਦੇ ਸਾਹਮਣੇ ਚੁੱਕਿਆ ਤਾਂ ਉਨ੍ਹਾਂ ਨੇ ਉਕਤ ਵਿਧਾਇਕ ਦੀ ਕਲਾਸ ਵੀ ਲਗਾਈ ਸੀ। ਇਸ ਤੋਂ ਬਾਅਦ ਵੀ ਰਿੰਕੂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਫਵਾਹਾਂ ਚਲਦੀਆਂ ਰਹੀਆਂ।

7. ਰਿੰਕੂ ਦਾ ਕਹਿਣਾ ਸੀ ਕਿ ਪਿਛਲੇ 10 ਦਿਨਾਂ ’ਚ ਉਨ੍ਹਾਂ ਦੇ ਚੋਣ ਪ੍ਰਚਾਰ ਵੱਲ ਸਥਾਨਕ ਨੇਤਾ ਧਿਆਨ ਨਹੀਂ ਦੇ ਰਹੇ ਸਨ।

8. ਰਿੰਕੂ ਨੂੰ ਇਹ ਗਿਲਾ ਵੀ ਸੀ ਕਿ ਉਨ੍ਹਾਂ ਨੇ ‘ਆਪ’ ਸਰਕਾਰ ਨੂੰ ਆਪਣੇ ਸਮਰਥਕਾਂ ਨੂੰ ਸਰਕਾਰ ’ਚ ਐਡਜਸਟ ਕਰਨ ਦੀਆਂ ਜੋ ਸੂਚੀਆਂ ਦਿੱਤੀਆਂ ਸਨ, ਉਸ ਵੱਲ ਸਰਕਾਰ ਨੇ ਧਿਆਨ ਨਹੀਂ ਦਿੱਤਾ ਤੇ ਇਹ ਸਾਰੇ ਸਮਰਥਕ ਉਨ੍ਹਾਂ ਤੋਂ ਸਵਾਲ-ਜਵਾਬ ਕਰ ਰਹੇ ਸਨ ਕਿ ਉਨ੍ਹਾਂ ਦਾ ਸਿਆਸੀ ਤੌਰ ’ਤੇ ਕੀ ਸੰਵਾਰਿਆ ਹੈ?

9. ਰਿੰਕੂ ਇਸ ਗੱਲ ਨੂੰ ਲੈ ਕੇ ਵੀ ਖਫ਼ਾ ਸਨ ਕਿ ਜਲੰਧਰ ’ਚ ਡਿਵੈਲਪਮੈਂਟ ਵੱਲ ਧਿਆਨ ਨਹੀਂ ਦਿੱਤਾ ਗਿਆ। ਜਲੰਧਰ ਦੀਆਂ ਸੜਕਾਂ ਟੁੱਟੀਆਂ ਪਈਆਂ ਹਨ ਤੇ ਲੋਕਾਂ ਦੀਆਂ ਪਾਣੀ ਤੇ ਸੀਵਰੇਜ ਨਾਲ ਸਬੰਧਤ ਸਮੱਸਿਆਵਾਂ ਦਾ ਹੱਲ ਨਹੀਂ ਕੀਤਾ ਗਿਆ।

ਸ਼੍ਰੀਨਿਵਾਸਲੂ ਤੇ ਜਾਖੜ ਨੇ ਕਰਵਾਈ ਰਿੰਕੂ ਦੀ ਭਾਜਪਾ ’ਚ ਐਂਟਰੀ
ਸੁਸ਼ੀਲ ਕੁਮਾਰ ਰਿੰਕੂ ਦੀ ਨਾਰਾਜ਼ਗੀ ਨੂੰ ਭਾਜਪਾ ਨੇ ਭਾਂਪ ਲਿਆ ਸੀ ਤੇ ਉਸ ਨੇ ਆਪਣੇ ਇਰਦ-ਗਿਰਦ ਨੇਤਾਵਾਂ ਨੂੰ ਰਿੰਕੂ ’ਤੇ ਡੋਰੇ ਪਾਉਣ ਲਈ ਛੱਡ ਦਿੱਤਾ ਸੀ। ਦੱਸਿਆ ਜਾਂਦਾ ਹੈ ਕਿ ਕੱਲ ਰਿੰਕੂ ਨੇ ਆਖਿਰ ਭਾਜਪਾ ਜੁਆਇਨ ਕਰਨ ਦਾ ਮਨ ਬਣਾ ਲਿਆ ਸੀ। ਉਨ੍ਹਾਂ ਨੇ ਪੰਜਾਬ ਭਾਜਪਾ ਦੇ ਇੰਚਾਰਜ ਤੇ ਸੰਗਠਨ ਮਹਾਮੰਤਰੀ ਸ਼੍ਰੀਨਿਵਾਸਲੂ ਤੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨਾਲ ਸੰਪਰਕ ਸਾਧਿਆ। ਕੱਲ ਰਵਨੀਤ ਬਿੱਟੂ ਦੇ ਭਾਜਪਾ ’ਚ ਸ਼ਾਮਲ ਹੋਣ ਤੋਂ ਬਾਅਦ ਰਿੰਕੂ ਨੇ ਤੁਰੰਤ ਸੁਨੀਲ ਜਾਖੜ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੇ ਕੇਂਦਰੀ ਲੀਡਰਸ਼ਿਪ ਨਾਲ ਗੱਲਬਾਤ ਕਰਕੇ ਰਿੰਕੂ ਦੀ ਰਾਹ ਆਸਾਨ ਕਰ ਦਿੱਤੀ। ਰਿੰਕੂ ਨੇ ਪਿਛਲੇ ਦਿਨੀਂ ਆਪਣੇ ਮਨ-ਮੁਟਾਵ ‘ਆਪ’ ਵਿਧਾਇਕ ਸ਼ੀਤਲ ਅੰਗੁਰਾਲ ਨਾਲ ਵੀ ਦੂਰ ਕਰ ਲਏ ਸਨ ਤੇ ਉਨ੍ਹਾਂ ਨੂੰ ਵੀ ਉਹ ਆਪਣੇ ਨਾਲ ਲੈ ਗਏ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮਿਲੇ ਸੁਸ਼ੀਲ ਰਿੰਕੂ
ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਅੱਜ ਸਵੇਰੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਗ੍ਰਹਿ ਮੰਤਰੀ ਨਾਲ ਮੁਲਾਕਾਤ ਦੌਰਾਨ ਭਾਜਪਾ ਜੁਆਇਨ ਕਰਨ ਦੀ ਇੱਛਾ ਜ਼ਾਹਿਰ ਕੀਤੀ। ਅਮਿਤ ਸ਼ਾਹ ਨੇ ਉਨ੍ਹਾਂ ਨੂੰ ਆਪਣੇ ਵਲੋਂ ਪੂਰਾ ਸਹਿਯੋਗ ਦੇਣ ਦਾ ਵਾਅਦਾ ਕੀਤਾ। ਗ੍ਰਹਿ ਮੰਤਰੀ ਨਾਲ ਬੈਠਕ ਤੋਂ ਬਾਅਦ ਹੀ ਸੁਸ਼ੀਲ ਰਿੰਕੂ ਦੇ ਭਾਜਪਾ ’ਚ ਆਉਣ ਦੀ ਚਰਚਾ ਸੋਸ਼ਲ ਮੀਡੀਆ ’ਤੇ ਸ਼ੁਰੂ ਹੋ ਗਈ ਤੇ ਅਖੀਰ ਦੁਪਹਿਰ 2 ਵਜੇ ਰਿੰਕੂ ਦੇ ਭਾਜਪਾ ’ਚ ਜਾਣ ਦੀ ਗੱਲ ਸੱਚ ਸਾਬਿਤ ਹੋਈ। ਰਿੰਕੂ ਨੇ ਦੁਪਹਿਰ ਸਮੇਂ ਖ਼ੁਦ ਮੀਡੀਆ ਨੂੰ ਇਸ ਦੀ ਪੁਸ਼ਟੀ ਕਰ ਦਿੱਤੀ।

ਰਿੰਕੂ ਹੋਣਗੇ ਜਲੰਧਰ ’ਚ ਭਾਜਪਾ ਦੇ ਉਮੀਦਵਾਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੁਸ਼ੀਲ ਰਿੰਕੂ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਪਾਰਟੀ ਜਲੰਧਰ ’ਚ ਉਨ੍ਹਾਂ ਨੂੰ ਆਪਣੇ ਵਲੋਂ ਚੋਣ ਮੈਦਾਨ ’ਚ ਉਤਾਰੇਗੀ, ਜਦਕਿ ਭਾਜਪਾ ਵਲੋਂ ਚੋਣ ਜੰਗ ’ਚ ਉਤਾਰੇ ਜਾਣ ਵਾਲੇ ਉਮੀਦਵਾਰਾਂ ਨੂੰ ਲੈ ਕੇ ਇਕ ਪ੍ਰਕਿਰਿਆ ਅਪਣਾਈ ਜਾਂਦੀ ਹੈ ਪਰ ਉਸ ’ਚ ਰਿੰਕੂ ਦਾ ਨਾਂ ਸਾਹਮਣੇ ਆਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News