ਝੋਨੇ ਦੀ ਸਿੱਧੀ ਬਿਜਾਈ ਵਿਚ ਨਦੀਨਾਂ ਦੀ ਰੋਕਥਾਮ ਸੁਖਾਲੀ : ਖੇਤੀਬਾੜੀ ਮਾਹਿਰ

5/19/2020 9:39:32 AM

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਝੋਨੇ ਦੀ ਸਿੱਧੀ ਬਿਜਾਈ ਲਈ ਕਿਸਾਨ ਤਿਆਰ ਜ਼ਰੂਰ ਹਨ ਪਰ ਉਨ੍ਹਾਂ ਦਾ ਇਹੀ ਸਵਾਲ ਹੁੰਦਾ ਹੈ ਕਿ ਸਿੱਧੀ ਬਿਜਾਈ ਨਾਲ ਕੱਦੂ ਕਰਕੇ ਝੋਨਾ ਲਾਉਣ ਦੇ ਮੁਕਾਬਲੇ ਨਦੀਨ ਜ਼ਿਆਦਾ ਹੋਣਗੇ। ਇਨ੍ਹਾਂ ਨਦੀਨਾਂ ਦੀ ਰੋਕਥਾਮ ਕਰਨੀ ਮੁਸ਼ਕਲ ਹੋ ਜਾਵੇਗੀ । ਇਸ ਸਮਸਿਆ ਦੇ ਹੱਲ ਲਈ ਪੰਜਾਬ ਖੇਤਬਾੜੀ ਯੂਨੀਵਰਸਟੀ ਦੇ ਖੇਤਬਾੜੀ ਵਿਗਿਆਨੀ ਡਾ. ਮੱਖਣ ਸਿੰਘ ਭੁੱਲਰ ਨੇ ਜਾਣਕਰੀ ਦਿੰਦਿਆਂ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤ ਵਿਚ ਕੱਦੂ ਕਰ ਕੇ ਲਵਾਏ ਝੋਨੇ ਵਾਲੇ ਖੇਤ ਨਾਲੋਂ ਨਦੀਨਾਂ ਦੀ ਸਮੱਸਿਆ ਥੋੜੀ ਜ਼ਿਆਦਾ ਆਉਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਅਜਿਹਾ ਇਸ ਕਰਕੇ ਹੁੰਦਾ ਹੈ ਕਿਉਂਕਿ ਸਿੱਧੇ ਬੀਜੇ ਝੋਨੇ ਵਿਚ ਇਕ ਤਾਂ ਪਾਣੀ ਖੜ੍ਹਾ ਨਹੀਂ ਕੀਤਾ ਜਾਂਦਾ, ਦੂਸਰਾ ਪਨੀਰੀ ਦਾ ਬੂਟੇ ਵੱਡੇ ਹੋਣ ਕਰਕੇ ਨਦੀਨਾਂ ਦੇ ਨਾਲ ਮੁਕਾਬਲਾ ਕਰਨ ਦੀ ਸਮਰੱਥਾ ਜ਼ਿਆਦਾ ਹੁੰਦੀ ਹੈ। 

ਇਹ ਵੀ ਸਚਾਈ ਹੈ ਕਿ ਜੇਕਰ ਕਾਸ਼ਤ ਦੇ ਪੂਰੇ ਢੰਗਾਂ ਦੀ ਸਹੀ ਵਰਤੋ ਕੀਤੀ ਜਾਵੇ ਤਾਂ ਸਿੱਧੇ ਬੀਜੇ ਝੋਨੇ ਵਿਚ ਵੀ ਨਦੀਨਾਂ ਨੂੰ ਚੰਗੀ ਤਰ੍ਹਾਂ ਹੱਲ ਕੀਤਾ ਜਾ ਸਕਦਾ ਹੈ। ਆਮ ਤੌਰ ’ਤੇ ਇਹ ਕਿਹਾ ਜਾਂਦਾ ਹੈ ਕਿ ਸਿਰਫ ਅਤੇ ਸਿਰਫ ਨਦੀਨ-ਨਾਸ਼ਕਾਂ ਦੀ ਵਰਤੋਂ ਕਰਨ ਨਾਲ ਹੀ ਸਿੱਧੀ ਬਿਜਾਈ ਵਾਲੇ ਖੇਤ ਵਿਚ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਇਸ ਕਰਕੇ ਨਵੇਂ ਤੋਂ ਨਵੇਂ ਨਦੀਨ-ਨਾਸ਼ਕਾਂ ਦੀ ਮੰਗ ਕੀਤੀ ਜਾਂਦੀ ਹੈ, ਜੋ ਕਿ ਪੂਰਾ ਠੀਕ ਨਹੀਂ ਹੈ। ਇੱਥੇ ਇਹ ਦੱਸਣਾ ਜਰੂਰੀ ਹੈ ਕਿ ਨਦੀਨ-ਨਾਸ਼ਕਾਂ ਦੀ ਵਰਤੋਂ ਦੇ ਨਾਲ-ਨਾਲ ਸਹੀ ਕਾਸ਼ਤਕਾਰੀ ਢੰਗਾਂ ਦਾ ਵੀ ਨਦੀਨਾਂ ਦੀ ਸਮੱਸਿਆ ਤੋਂ ਨਿਜਾਤ ਪਾਉਣ ਵਿਚ ਉਸੇ ਤਰ੍ਹਾਂ ਦਾ ਹੀ ਯੋਗਦਾਨ ਹੈ। ਜੇਕਰ ਸਿੱਧੀ ਬਿਜਾਈ ਕਰਨ ਵੇਲੇ ਹੇਠਾਂ ਦਿੱਤੇ ਕਾਸ਼ਤ ਦੇ ਢੰਗਾਂ ਨੂੰ ਧਿਆਨ ਵਿਚ ਰੱਖਿਆ ਜਾਵੇ ਤਾਂ ਸਿੱਧੇ ਬੀਜੇ ਝੋਨੇ ਵਿਚ ਨਦੀਨਾਂ ਦਾ ਹੱਲ ਕਰਨਾ ਬਹੁਤ ਹੀ ਸੁਖਾਲਾ ਹੈ।

1) ਬਿਜਾਈ ਕਰਨ ਤੋਂ ਪਹਿਲਾਂ ਖੇਤ ਨੂੰ ਲੇਜ਼ਰ ਕਰਾਹੇ ਨਾਲ ਪੱਧਰਾ ਕਰੋ, 
2) ਸਿੱਧੀ ਬਿਜਾਈ ਨੂੰ ਰੇਤਲੀਆਂ ਜ਼ਮੀਨਾਂ ’ਤੇ ਨਾ ਕਰੋ।
3) ਸਿੱਧੀ ਬਿਜਾਈ ਸਿਰਫ ਉਨ੍ਹਾਂ ਖੇਤਾਂ ਵਿਚ ਹੀ ਕਰੋ, ਜਿੱਥੇ ਪਿਛਲੇ ਸਾਲਾਂ ਵਿਚ ਝੋਨਾ ਲਾਇਆ ਜਾਂਦਾ ਹੋਵੇ। ਪਿਛਲੇ ਸਾਲਾਂ ਵਿਚ ਜਿਹੜੇ ਖੇਤ ਕਮਾਦ, ਮੱਕੀ ਅਤੇ ਨਰਮਾਂ/ਕਪਾਹ ਥੱਲੇ ਸਨ, ਉਥ੍ਹੇ ਸਿੱਧੀ ਬਿਜਾਈ ਨਾ ਕਰੋ। 
4) ਖੇਤ ਨੂੰ ਰੌਣੀ ਕਰਕੇ ਬੀਜੋ ਅਤੇ ਤਰ ਵੱਤਰ ਖੇਤ ਵਿਚ ਬੀਜਾਈ ਕਰੋ।
5) ਬੀਜ ਨੂੰ 10-12 ਘੰਟੇ ਪਾਣੀ ਵਿਚ ਭਿਉਂ ਕੇ ਅਤੇ ਦਵਾਈ ਲਾ ਕੇ ਬਿਜਾਈ ਕਰੋ।
6) ਬਿਜਾਈ ਦਿਨ ਢਲੇ (ਸ਼ਾਮ) ਵੇਲੇ ਜਾਂ ਸਵੇਰੇ ਸੁਵੱਖਤੇ ਹੀ ਕਰੋ ਅਤੇ ਬਿਜਾਈ ਤੋਂ ਤੁਰੰਤ ਬਾਅਦ ਨਦੀਨ ਨਾਸ਼ਕ ਦਾ ਸਪਰੇਅ ਕਰ ਦਿਉ। 
7)"ਲੱਕੀ ਸੀਡ ਡਰਿੱਲ" ਨਾਲ ਬਿਜਾਈ ਨੂੰ ਤਰਜੀਹ ਦਿਉ ਕਿਉਂਕਿ ਇਹ ਬਿਜਾਈ ਅਤੇ ਸਪਰੇਅ ਨਾਲੋ ਨਾਲ ਕਰਦੀ ਹੈ। ਜੇਕਰ ਸਧਾਰਨ ਡਰਿੱਲ ਵਰਤੀ ਹੈ ਤਾਂ ਧਿਆਨ ਰਹੇ ਕਿ ਫਲਿਆਂ ਪਿੱਛੇ ਬੀਜ ਨੂੰ ਢੱਕਣ ਲਈ ਸੰਗਲ ਜਰੂਰ ਲੱਗੇ ਹੋਣ,
8) ਪਹਿਲਾ ਪਾਣੀ ਦੇਰੀ ਨਾਲ ਬਿਜਾਈ ਤੋਂ ਤਕਰੀਬਨ 21 ਦਿਨ ਬਾਅਦ ਲਾਓ।

ਖੇਤ ਨੂੰ ਲੇਜ਼ਰ ਕਰਾਹੇ ਨਾਲ ਪੱਧਰਾ ਕਰਨ ਤੇ ਫਸਲ ਇਕਸਾਰ ਹੋਵਗੀ। ਰੇਤਲੀਆ ਜ਼ਮੀਨਾਂ ਤੇ ਸਿੱਧੀ ਬਿਜਾਈ ਕਰਨ ਨਾਲ ਲੋਹੇ ਦੀ ਘਾਟ ਆ ਜਾਵੇਗੀ ਅਤੇ ਪਾਣੀ ਜਿਆਦਾ ਲਾਉਣ ਕਰਕੇ ਨਦੀਨਾਂ ਦੀ ਸਮੱਸਿਆ ਵਧੇਗੀ। ਪਿਛਲੇ ਸਾਲਾਂ ਵਿੱਚ ਝੋਨੇ ਵਾਲੇ ਖੇਤਾਂ ਵਿਚ ਸਿਰਫ ਝੋਨੇ ਵਾਲੇ ਨਦੀਨ ਹੀ ਹੋਣਗੇ। ਗੰਨੇ,ਕਪਾਹ,ਮੱਕੀ ਆਦਿ ਵਾਲੇ ਖੇਤਾਂ ਵਿਚ ਹੋਰ ਨਦੀਨ ਜਿਵੇਂ ਕਿ ਗੁੜਤ ਮਧਾਣਾ, ਚੀਨੀ ਘਾਹ, ਤਾਂਦਲਾ, ਗੰਢੀ ਵਾਲਾ ਮੋਥੇ ਦੀ ਸੱਮਸਿਆ ਵੀ ਆਵੇਗੀ, ਜਿਸ ਦੀ ਰੋਕਥਾਮ ਲਈ ਜਿਆਦਾ ਸਪਰੇ ਕਰਨੇ ਪੈਣਗੇ। ਰੌਣੀ ਕਰਨ ਨਾਲ ਉੱਪਰਲੀ ਪਰਤ ਵਿਚ ਪਏ ਨਦੀਨਾਂ ਦੇ ਬੀਜ ਉੱਗ ਪੈਂਦੇ ਹਨ, ਜੋ ਕਿ ਵਹਾਈ ਸਮੇਂ ਖਤਮ ਹੋ ਜਾਂਦੇ ਹਨ। ਬਿਜਾਈ ਦੇ ਤੁਰੰਤ ਬਾਅਦ ਪੂਰੀ ਸਿਲਾਬ ਵਿਚ ਸਪਰੇਅ ਕਰਨ ਨਾਲ ਨਦੀਨ ਨਾਸ਼ਕ ਦਾ ਅਸਰ ਵਧੀਆ ਹੁੰਦਾ ਹੈ, ਨਦੀਨ ਨਾਸ਼ਕ ਦੀ ਬਣੀ ਪਰਤ ਬਾਕੀ ਨਦੀਨਾਂ ਨੂੰ ਉੱਗਣ ਨਹੀ ਦਿੰਦੀ। ਦਿਨ ਢਲੇ ਸਪਰੇਅ ਕਰਨ ਨਾਲ, ਰਾਤ ਠੰਢੀ ਹੋਣ ਕਰਕੇ ਨਦੀਨ-ਨਾਸ਼ਕ ਚੰਗਾ ਅਸਰ ਕਰਦੀ ਹੈ। ਦਿਨ ਵੇਲੇ ਸਪਰੇ ਕਰਨ ਨਾਲ ਨਦੀਨ ਨਾਸ਼ਕ ਦੇ ਉੱਡਣ ਦਾ ਖਤਰਾ ਹੈ ਅਤੇ ਖੇਤ ਵੀ ਜਲਦੀ ਸੁੱਕ ਜਾਂਦਾ ਹੈ। ਪਹਿਲਾ ਪਾਣੀ ਦੇਰੀ ਨਾਲ ਲਾਉਣ ਤੇ ਨਦੀਨ ਨਾਸ਼ਕ ਦੀ ਪਰਤ ਬਰਕਰਾਰ ਰਹਿੰਦੀ ਹੈ ਅਤੇ ਨਾਲ ਹੀ ਉੱਪਰਲੀ ਪਰਤ ਸੁੱਕ ਜਾਣ ਕਰਕੇ ਨਵੇਂ ਨਦੀਨ ਨਹੀਂ ਉੇੱਗਦੇ। ਬੂਟਾ ਜੜ੍ਹ ਚੰਗੀ ਤਰ੍ਹਾਂ ਮਾਰ ਲੈਂਦਾ ਹੈ ਅਤੇ ਪਾਣੀ ਤੋਂ ਬਾਅਦ ਇੱਕਦਮ ਪੂਰਾ ਵਾਧਾ ਕਰਦਾ ਹੈ ਅਤੇ ਖੁਰਾਕੀ ਤੱਤਾਂ ਖਾਸ ਕਰਕੇ, ਲੋਹੇ ਦੀ ਘਾਟ ਦੀ ਸੱਮਸਿਆ ਵੀ ਬਹੁਤ ਘੱਟ ਆਉਂਦੀ ਹੈ। ਉੱਪਰ ਦਿੱਤੇ ਸਾਰੇ ਪਹਿਲੂਆਂ ਨੂੰ ਧਿਆਨ ਵਿਚ ਰੱਖੀਏ ਤਾਂ ਸਿੱਧੇ ਬੀਜੇ ਝੋਨੇ ਦੀ ਫਸਲ ਵਿਚ ਨਦੀਨਾਂ ਦੀ ਰੋਕਥਾਮ ਕਰਨੀ ਬਹੁਤ ਹੀ ਸੁਖਾਲੀ ਹੈ।

ਸੁੱਕੇ ਖੇਤ ਵਿਚ ਬਿਜਾਈ ਕਰਕੇ ਬਾਅਦ ਵਿਚ ਪਾਣੀ ਲਾਇਆ ਜਾਂਦਾ ਹੈ ਤੇ ਵੱਤਰ ਆਉਣ ਤੇ ਸਪਰੇਅ ਕੀਤੀ ਜਾਂਦੀ ਹੈ। ਫਿਰ 4-5 ਦਿਨਾਂ ਬਾਅਦ ਝੋਨਾ ਬਾਹਰ ਨਿਕਲਣ ਲਈ ਦੂਸਰਾ ਪਾਣੀ ਅਤੇ ਹਫਤੇ ਕੁ ਵਿੱਥ ਤੇ ਤੀਸਰਾ ਪਾਣੀ ਲਾਇਆ ਜਾਂਦਾ ਹੈ। ਇਸ ਤਰ੍ਹਾਂ ਜ਼ਿਆਦਾ ਪਾਣੀ ਲੱਗਣ ਕਰਕੇ ਇਕ ਤਾਂ ਪਾਣੀ ਦੀ ਖਪਤ ਵੱਧਦੀ ਹੈ, ਦੂਸਰਾ ਨਦੀਨ ਨਾਸ਼ਕ ਦੀ ਪਰਤ ਪਤਲੀ ਪੈ ਜਾਂਦੀ ਹੈ ਅਤੇ ਨਦੀਨ ਛੇਤੀ ਹੀ ਉੱਗਣੇ ਸ਼ੁਰੂ ਕਰ ਦਿੰਦੇ ਹਨ, ਜੜ੍ਹਾਂ ਘੱਟ ਮਜ਼ਬੂਤ ਹੋਣ ਕਰਕੇ ਲੋਹੇ ਦੀ ਘਾਟ ਆਉਣ ਦਾ ਖਤਰਾ ਵੀ ਰਹਿੰਦਾ ਹੈ। ਸੋ ਇਸੇ ਹਾਲਤਾਂ ਵਿਚ ਨਦੀਨਾਂ ਦੀ ਸਮੱਸਿਆ ਵੱਧਣ ਦੇ ਅਸਾਰ ਜ਼ਿਆਦਾ ਰਹਿੰਦੇ ਹਨ।

ਨਦੀਨ ਨਾਸ਼ਕਾਂ ਦੀ ਵਰਤੋ ਬਿਜਾਈ ਸਮੇਂ ਅਤੇ ਖੜ੍ਹੀ ਫਸਲ ਵਿਚ ਕੀਤੀ ਜਾਂਦੀ ਹੈ। ਬਿਜਾਈ ਸਮੇਂ, ਵੱਤਰ ਖੇਤ ਵਿਚ ਬਿਜਾਈ ਤੋਂ ਤੁਰੰਤ ਬਾਅਦ ਅਤੇ ਸੁੱਕੇ ਖੇਤ ਵਿਚ ਬਿਜਾਈ ਬਾਅਦ ਖੇਤ ਵਿਚ ਪੈਰ ਧਰਾ ਹੋਣ ਵੇਲੇ, ਸਟੌਂਪ/ ਬੰਕਰ 30 ਈ.ਸੀ.(ਪੈਂਡੀਮੈਥਾਲਿਨ) ਇਕ ਲੀਟਰ ਪ੍ਰਤੀ ਏਕੜ ਦੇ ਹਿਸਾਬ 200 ਲੀਟਰ ਪਾਣੀ ਵਿਚ ਘੋਲ ਕੇ ਕੱਟ ਵਾਲੀ ਜਾਂ ਟੱਕ ਵਾਲੀ ਨੋਜ਼ਲ ਵਰਤ ਕੇ ਛਿੜਕਾਅ ਕਰੋ। ਇਹ ਨਦੀਨ ਨਾਸ਼ਕ ਘਾਹ ਵਾਲੇ ਨਦੀਨ ਜਿਵੇਂ ਕਿ ਸਵਾਂਕ, ਸਵਾਂਕੀ, ਗੁੜਤ ਮਧਾਣਾ, ਚੀਨੀ ਘਾਹ, ਤੱਕੜੀ ਘਾਹ, ਮੱਕੜਾ ਅਤੇ ਕੁਝ ਚੌੜੇ ਪੱਤੇ ਵਾਲੇ ਨਦੀਨ ਇਟਸਿਟ, ਚੁਲਾਈ ਆਦਿ ਨੂੰ ਉੱਗਣ ਤੋਂ ਰੋਕਦੀ ਹੈ। ਖੜ੍ਹੀ ਫਸਲ ਵਿਚ ਜੇਕਰ ਲੋੜ ਪਵੇ, ਤਾਂ ਨਦੀਨ ਨਾਸ਼ਕ ਦੀ ਵਰਤੋਂ, ਜਦੋ ਨਦੀਨ 2 ਤੋਂ 4 ਅਵਸਥਾ ਵਿਚ ਹੋਵੇ, ਨਦੀਨਾਂ ਦੀ ਕਿਸਮ ਦੇ ਹਿਸਾਬ ਕਰੋ। ਜੇਕਰ ਸਿਰਫ ਝੋਨੇ ਵਾਲੇ ਨਦੀਨ ਜਿਵੇਂ ਕਿ ਸਵਾਂਕ, ਝੋਨੇ ਦੇ ਮੋਥੇ ਆਦਿ ਹੋਣ ਤਾਂ ਨੌਮਿਨੀ ਗੋਲਡ 10 ਐੱਸ.ਸੀ. (ਬਿਸਪਾਈਰਿਬੈਕ ਸੋਡੀਅਮ)100 ਮਿਲੀਲੀਟਰ ਪ੍ਰਤੀ ਏਕੜ 150 ਲੀਟਰ ਪਾਣੀ ਵਿਚ ਘੋਲ ਕੇ ਸਪਰੇਅ ਕਰੋ।

PunjabKesari

ਜੇਕਰ ਖੇਤ ਵਿਚ ਗੁੜਤ ਮਧਾਣਾ, ਚੀਨੀ ਘਾਹ, ਚਿੜੀ ਘਾਹ ਆਦਿ ਹੋਣ ਤਾਂ ਰਾਈਸਸਟਾਰ 6.7 ਈ.ਸੀ. (ਫਿਨਕੌਸਾਪਰੌਪ-ਪੀ-ਈਥਾਈਲ) 400 ਮਿਲੀਲੀਟਰ ਪ੍ਰਤੀ ਏਕੜ ਦਾ ਛਿੜਕਾਅ ਕਰੋ।ਚੌੜੇ ਪੱਤੇ ਵਾਲੇ ਅਤੇ ਝੋਨੇ ਦੇ ਮੋਥੇ ਅਤੇ ਡੀਲਾ (ਗੰਢੀ ਵਾਲਾ ਮੌਥਾ) ਦੀ ਰੋਕਥਾਮ ਲਈ ਐਲਮਿਕਸ 20% (ਕਲੋਰੀਮਿਊਰਾਨ ਇਥਾਈਲ 10% + ਮੈਟਸਲਫੂਰਾਨ ਮਿਥਾਈਲ 10%) 8 ਗ੍ਰਾਮ ਪ੍ਰਤੀ ਏਕੜ ਦਾ ਛਿੜਕਾਅ ਕਰੋ। ਛਿੜਕਾਅ ਸਮੇਂ ਖੇਤ ਵਿਚ ਸਲਾਬ ਦਾ ਹੋਣਾ ਬਹੁਤ ਜਰੂਰੀ ਹੈ। ਛਿੜਕਾਅ ਵਾਸਤੇ ਕੱਟ ਵਾਲੀ ਨੋਜ਼ਲ ਵਰਤੋ। ਉੱਪਰ ਦੱਸੇ ਕਾਸ਼ਤਕਾਰੀ ਢੰਗਾਂ ਨੂੰ ਧਿਆਨ ਵਿਚ ਰੱਖ ਕੇ ਅਤੇ ਸਹੀ ਨਦੀਨ ਨਾਸ਼ਕ ਦੀ ਵਰਤੋਂ ਸਹੀ ਸਮੇਂ ਅਤੇ ਸਹੀ ਢੰਗ ਤਰੀਕੇ ਵਰਤ ਕੇ ਕਰਨ ਨਾਲ ਸਿਧੇ ਬੀਜੇ ਝੋਨੇ ਵਿਚ ਵੀ ਨਦੀਨਾਂ ਦੀ ਰੋਕਥਾਮ ਕਰਨੀ ਬਹੁਤ ਸੁਖਾਲੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

rajwinder kaur

Content Editor rajwinder kaur