ਧੂਮ-ਧਾਮ ਨਾਲ ਚੱਲ ਰਹੇ ਵਿਆਹ ''ਚ ਪੈਦਾ ਹੋਇਆ ਤਣਾਅ, ਬਿਨਾਂ ਲਾੜੀ ਦੇ ਵਾਪਸ ਮੁੜਿਆ ਲਾੜਾ

Monday, Dec 04, 2017 - 07:37 PM (IST)

ਧੂਮ-ਧਾਮ ਨਾਲ ਚੱਲ ਰਹੇ ਵਿਆਹ ''ਚ ਪੈਦਾ ਹੋਇਆ ਤਣਾਅ, ਬਿਨਾਂ ਲਾੜੀ ਦੇ ਵਾਪਸ ਮੁੜਿਆ ਲਾੜਾ

ਲੁਧਿਆਣਾ (ਰਾਮ) : ਲੁਧਿਆਣਾ ਸਥਿਤ ਇਕ ਰਿਸੋਰਟ ਵਿਚ ਹੋਣ ਵਾਲੇ ਵਿਆਹ 'ਚ ਉਸ ਸਮੇਂ ਤਣਾਅ ਪੈਦਾ ਹੋ ਗਿਆ ਜਦੋਂ ਲੜਕੇ ਧਿਰ ਵੱਲੋਂ ਲੜਕੀ ਨੂੰ ਸ਼ਗਨ ਵਿਚ ਦੇਣ ਵਾਲੇ ਕੱਪੜੇ ਤੱਕ ਨਹੀਂ ਲਿਆਂਦੇ ਗਏ, ਜਿਸ 'ਤੇ ਲੜਕੀ ਦੇ ਪਰਿਵਾਰ ਵੱਲੋਂ ਲੜਕੇ ਦੇ ਪਰਿਵਾਰ ਨੂੰ ਡੋਲੀ ਲਿਜਾਣ ਤੋਂ ਇਨਕਾਰ ਕਰ ਦਿੱਤਾ ਗਿਆ। ਸੂਤਰਾਂ ਮੁਤਾਬਕ ਇਸ ਵਿਆਹ ਦਾ ਸਿਰਾ ਨਾ ਚੜ੍ਹਨ ਦਾ ਕਾਰਨ ਕੁਝ ਲੈਣ-ਦੇਣ ਅਤੇ ਲੜਕੀ ਲਈ ਸ਼ਗਨ ਦੇ ਕੱਪੜੇ ਨਾ ਲੈ ਕੇ ਆਉਣਾ ਦੱਸਿਆ ਜਾ ਰਿਹਾ ਹੈ। ਜਿਸ ਕਰਕੇ ਲੜਕੀ ਦੇ ਪਰਿਵਾਰ ਵੱਲੋਂ ਬਰਾਤ ਨੂੰ ਵਾਪਸ ਭੇਜ ਦਿੱਤਾ ਗਿਆ। ਸਾਰੇ ਰਿਸ਼ਤੇਦਾਰਾਂ ਵਿਚ ਇਸ ਗੱਲ ਨੂੰ ਲੈ ਕੇ ਚਰਚਾ ਬਣੀ ਹੋਈ ਹੈ ਕਿ ਲੜਕੀ ਵਾਲਿਆਂ ਵੱਲੋਂ ਸਾਰੀਆਂ ਤਿਆਰੀਆਂ ਕੀਤੀਆਂ ਗਈਆਂ ਸਨ ਪਰ ਮੌਕੇ 'ਤੇ ਡੋਲੀ ਭੇਜਣ ਤੋਂ ਮਨ੍ਹਾ ਕਰ ਦਿੱਤਾ ਗਿਆ। ਇਸ ਹੰਗਾਮੇ ਦੌਰਾਨ ਡਵੀਜ਼ਨ ਨੰ. 7 ਦੀ ਪੁਲਸ ਵੀ ਮੌਕੇ 'ਤੇ ਪਹੁੰਚ ਗਈ ਪਰ ਕੋਈ ਸ਼ਿਕਾਇਤ ਦਰਜ ਨਾ ਕਰਵਾਉਣ 'ਤੇ ਮਾਮਲਾ ਰਫਾ-ਦਫਾ ਹੋ ਗਿਆ।
ਸੂਤਰ ਦੱਸਦੇ ਹਨ ਕਿ ਲੜਕੇ ਵਾਲਿਆਂ ਵੱਲੋਂ ਕਿਸੇ ਮੰਗ ਨੂੰ ਲੈ ਕੇ ਚਰਚਾ ਚਲ ਰਹੀ ਸੀ, ਜਿਸ ਨੂੰ ਲੜਕੀ ਦੇ ਪਰਿਵਾਰ ਵਾਲਿਆਂ ਨੇ ਨਾ ਮਨਜ਼ੂਰ ਕਰ ਕੇ ਇਨਕਾਰ ਕਰ ਦਿੱਤਾ। ਇਸੇ ਕਾਰਨ ਇਹ ਵਿਆਹ ਸਿਰੇ ਨਹੀਂ ਚੜ੍ਹ ਸਕਿਆ ਅਤੇ ਲਾੜੇ ਨੂੰ ਬਿਨਾਂ ਲਾੜੀ ਦੇ ਹੀ ਵਾਪਸ ਪਰਤਣਾ ਪਿਆ।


Related News